ਸੰਸਾਰਿਕ ਭੁੱਖਮਰੀ ਸੂਚਕ ਅੰਕ ਵਿਚ 111ਵੇਂ ਸਥਾਨ ’ਤੇ ਭਾਰਤ 

ਸੰਸਾਰਿਕ ਭੁੱਖਮਰੀ ਸੂਚਕ ਅੰਕ ਵਿਚ 111ਵੇਂ ਸਥਾਨ ’ਤੇ ਭਾਰਤ 

 *ਭਾਰਤ ਵਿਚ ਕੁਪੋਸ਼ਣ ਦੀ ਦਰ ਵਧ ਕੇ 16.6 ਫੀਸਦੀ ਹੋਈ

*ਔਰਤਾਂ ਵਿਚ ਅਨੀਮੀਆ ਦੀ ਦਰ ਵਧ ਕੇ 58.1 ਫੀਸਦੀ ਹੋਈ

 ਸੰਸਾਰਿਕ ਭੁੱਖਮਰੀ ਸੂਚਕ ਅੰਕ-2023 ਅਨੁਸਾਰ ਭਾਰਤ ਦੁਨੀਆ ਦੇ 125 ਦੇਸ਼ਾਂ ਵਿਚ 111ਵੇਂ ਸਥਾਨ ’ਤੇ ਹੈ ਜਦਕਿ ਭਾਰਤ ਵਿਚ ‘ਚਾਈਲਡ ਵੇਸਟਿੰਗ’ ਦੀ ਦਰ ਸਭ ਤੋਂ ਵੱਧ 18.7 ਫੀਸਦੀ ਹੈ। ਸੰਸਾਰਿਕ ਭੁੱਖਮਰੀ ਸੂਚਕ ਅੰਕ-2023 ਬੀਤੇ ਦਿਨੀਂ ਜਾਰੀ ਕੀਤਾ ਗਿਆ। ਪਿਛਲੇ ਸਾਲ ਭਾਰਤ ਦਾ ਦੁਨੀਆ ਦੇ 121 ਦੇਸ਼ਾਂ ਵਿਚ 107ਵਾਂ ਸਥਾਨ ਸੀ। ਸੰਸਾਰਿਕ ਭੁੱਖਮਰੀ ਸੂਚਕ ਅੰਕ (ਜੀ. ਐੱਸ. ਆਈ.) ਵਿਚ ਸੰਸਾਰਿਕ, ਖੇਤਰੀ ਅਤੇ ਰਾਸ਼ਟਰੀ ਪੱਧਰ ’ਤੇ ਭੁੱਖਮਰੀ ਨੂੰ ਵਿਸਥਾਰਤ ਢੰਗ ਨਾਲ ਮਾਪਿਆ ਜਾਂਦਾ ਹੈ। ਸੂਚਕ ਅੰਕ ਦੇ ਆਧਾਰ ’ਤੇ ਤਿਆਰ ਰਿਪੋਰਟ ਅਨੁਸਾਰ ਸੰਸਾਰਿਕ ਭੁੱਖਮਰੀ ਸੂਚਕ ਅੰਕ-2023 ਵਿਚ ਭਾਰਤ ਨੂੰ 28.7 ਅੰਕ ਮਿਲੇ ਹਨ, ਜੋ ਭੁੱਖਮਰੀ ਦੇ ਗੰਭੀਰ ਪੱਧਰ ਵੱਲ ਇਸ਼ਾਰਾ ਕਰਦਾ ਹੈ।

ਇਸ ਵਿਚ ਭਾਰਤ ਨਾਲੋਂ ਬਿਹਤਰ ਸਥਿਤੀ ਗੁਆਂਢੀ ਦੇਸ਼ਾਂ ਦੀ ਹੈ ਅਤੇ ਇਨ੍ਹਾਂ ਵਿਚ ਪਾਕਿਸਤਾਨ ਨੂੰ 102ਵਾਂ, ਬੰਗਲਾਦੇਸ਼ ਨੂੰ 81ਵਾਂ, ਨੇਪਾਲ ਨੂੰ 69ਵਾਂ ਅਤੇ ਸ਼੍ਰੀਲੰਕਾ ਨੂੰ 60ਵਾਂ ਸਥਾਨ ਦਿੱਤਾ ਗਿਆ ਹੈ। ਦੱਖਣੀ ਏਸ਼ੀਆ, ਅਫਰੀਕਾ ਦੇ ਸਹਾਰਾ ਖੇਤਰ ਦੇ ਦੱਖਣੀ ਹਿੱਸੇ ਦੁਨੀਆ ਦੇ ਉਹ ਇਲਾਕੇ ਹਨ, ਜਿਥੇ ਭੁੱਖਮਰੀ ਦੀ ਉੱਚ ਦਰ ਹੈ, ਜਿਨ੍ਹਾਂ ਦਾ ਜੀ. ਐੱਚ. ਆਈ. 27 ਹੈ, ਜੋ ਭੁੱਖਮਰੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦਾ ਹੈ।

ਰਿਪੋਰਟ ਅਨੁਸਾਰ ਦੁਨੀਆ ਵਿਚ ਭਾਰਤ ਅਜਿਹਾ ਦੇਸ਼ ਹੈ, ਜਿਥੇ ਚਾਈਲਡ ਵੇਸਟਿੰਗ ਦੀ ਦਰ ਸਭ ਤੋਂ ਵੱਧ 18.7 ਫੀਸਦੀ ਹੈ। ਚਾਈਲਡ ਵੇਸਟਿੰਗ ਦੀ ਸ਼੍ਰੇਣੀ ਵਿਚ ਉਹ ਬੱਚੇ ਆਉਂਦੇ ਹਨ, ਜਿਨ੍ਹਾਂ ਦਾ ਭਾਰ ਸਹੀ ਢੰਗ ਨਾਲ ਨਹੀਂ ਵਧਦਾ ਜਾਂ ਪੂਰਾ ਭੋਜਨ ਨਾ ਮਿਲਣ ਜਾਂ ਡਾਇਰੀਆ ਅਤੇ ਸਾਹ ਵਰਗੀਆਂ ਬੀਮਾਰੀਆਂ ਦੇ ਕਾਰਨ ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਹੈ। ਭਾਰਤ ਵਿਚ ਕੁਪੋਸ਼ਣ ਦੀ ਦਰ ਵਧ ਕੇ 16.6 ਫੀਸਦੀ ਹੋ ਗਈ ਹੈ ਅਤੇ 5 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਮੌਤ ਦੀ ਦਰ 3.1 ਫੀਸਦੀ ਹੈ।

ਰਿਪੋਰਟ ਅਨੁਸਾਰ ਭਾਰਤ ਵਿਚ 15 ਤੋਂ 24 ਸਾਲਾਂ ਦੀ ਉਮਰ ਦੀਆਂ ਔਰਤਾਂ ਵਿਚ ਅਨੀਮੀਆ ਦੀ ਦਰ ਵਧ ਕੇ 58.1 ਫੀਸਦੀ ਹੋ ਗਈ ਹੈ। ਸੰਸਾਰਿਕ ਭੁੱਖਮਰੀ ਸੂਚਕ ਅੰਕ ਤੋਂ ਸੰਕੇਤ ਮਿਲਦਾ ਹੈ ਕਿ 2015 ਤੱਕ ਸੰਸਾਰਿਕ ਭੁੱਖਮਰੀ ਵਿਚ ਸੁਧਾਰ ਹੋਣ ਦੇ ਬਾਅਦ ਤੋਂ ਹਾਲਾਤ ਮੋਟੇ ਤੌਰ ’ਤੇ ਸਥਿਰ ਬਣੇ ਹੋਏ ਹਨ।

 ਇਸ ਕਾਰਨ ਜ਼ਰੂਰੀ ਹੈ ਕਿ ਮਾਹਿਰਾਂ ਵੱਲੋਂ ਭੁੱਖ ਅਤੇ ਕੁਪੋਸ਼ਣ ਨੂੰ ਘਟਾਉਣ ਸਬੰਧੀ ਨੀਤੀਆਂ ਜਿਵੇਂ ਮਿੱਡ-ਡੇਅ ਮੀਲ ਸਕੀਮ, ਆਯੂਸ਼ਮਾਨ ਭਾਰਤ ਅਤੇ ਪੋਸ਼ਣ ਅਭਿਆਨ ਦੀ ਮਜ਼ਬੂਤੀ ਵੱਲ ਧਿਆਨ ਦਿੱਤਾ ਜਾਵੇ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਇਸ ਰਿਪੋਰਟ ਨੂੰ ਇਸ ਦੀ ਸ਼ੱਕੀ ਕਾਰਜ ਪ੍ਰਣਾਲੀ ਅਤੇ ਬਦਨੀਅਤੀ ਵਾਲੇ ਇਰਾਦੇ ਦਾ ਹਵਾਲਾ ਦੇ ਕੇ ਦੋਸ਼ ਪੂਰਨ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਮੰਤਰਾਲੇ ਦੀ ਟਿੱਪਣੀ ਵਿਚ ਕੁਝ ਸਚਾਈ ਹੋ ਸਕਦੀ ਹੈ ਪਰ ਦੇਸ਼ ਦੇ ਸਿਹਤ ਸੰਬਧੀ ਆਪਣੇ ਸਰਵੇਖਣ; ਜਿਵੇਂ ਕੌਮੀ ਪਰਿਵਾਰ ਸਿਹਤ ਸਰਵੇਖਣ (ਐਨਐਫ਼ਐਚਐਸ), ਵੀ ਭਿਆਨਕ ਸਥਿਤੀ ਪੇਸ਼ ਕਰਦੇ ਹਨ। ਐਨਐਫ਼ਐਚਐਸ-5 ਰਿਪੋਰਟ ਵਿਚ ਨਵਜੰਮੇ ਬੱਚਿਆਂ ਦੀ ਮੌਤ ਦਰ ਵਿਚ ਵਾਧੇ ਵਾਲੀ ਸਥਿਤੀ ਚਿੰਤਾਜਨਕ ਹਾਲਾਤ ਦਾ ਮਹਿਜ਼ ਸੰਕੇਤ ਹੈ। ਬੀਤੇ ਸਾਲ ਦੇ ਪੋਸ਼ਣ ਟਰੈਕਰ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿਚ 43 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ।

ਭਾਰਤ ਨਾ ਸਿਰਫ਼ ਅਨਾਜ ਦੀ ਪੈਦਾਵਾਰ ਪੱਖੋਂ ਆਤਮ-ਨਿਰਭਰ ਮੁਲਕ ਹੈ ਸਗੋਂ ਆਪਣੀ ਵਾਧੂ ਉਪਜ ਵਿਦੇਸ਼ਾਂ ਨੂੰ ਬਰਾਮਦ ਵੀ ਕਰਦਾ ਹੈ; ਭਾਰਤ ਦੁਨੀਆ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਧਦਾ ਹੋਇਆ ਅਰਥਚਾਰਾ ਵੀ ਹੈ। ਇਹ ਸੱਚਮੁੱਚ ਵੱਡਾ ਵਿਰੋਧਾਭਾਸ ਹੈ ਕਿ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਅਹਿਮ ਪੋਸ਼ਣ ਪੈਮਾਨਿਆਂ ਦੇ ਮਾਮਲੇ ਵਿਚ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਅਫਰੀਕਾ ਦੇ ਸਹਾਰਾ ਖਿੱਤੇ ਦੇ ਮੁਲਕਾਂ ਦੇ ਕਰੀਬ ਜਾਂ ਉਨ੍ਹਾਂ ਤੋਂ ਵੀ ਹੇਠਲੇ ਪੱਧਰ ਉੱਤੇ ਹੈ।ਸਾਰਿਆਂ ਦੀ ਪੌਸ਼ਟਿਕ ਖੁਰਾਕ ਤੱਕ ਪਹੁੰਚ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਬਿਹਤਰ ਪੋਸ਼ਣ ਸਿੱਟਿਆਂ ਵਾਸਤੇ ਉਨ੍ਹਾਂ ਲਈ ਸਾਫ਼ ਪਾਣੀ ਵੀ ਉਪਲੱਬਧ ਹੋਵੇ ਅਤੇ ਸਵੱਛਤਾ ਵਾਲੇ ਹਾਲਾਤ ਵੀ ਹੋਣ। ਇਸ ਵੇਲੇ ਸਥਿਤੀ ਇਹ ਹੈ ਕਿ ਭਾਰਤ ਟਿਕਾਊ ਵਿਕਾਸ ਟੀਚਿਆਂ ਮੁਤਾਬਕ 2030 ਤੱਕ ਸਿਫ਼ਰ ਭੁੱਖ ਦਾ ਟੀਚਾ (ਭਾਵ ਜਦੋਂ ਕੋਈ ਵੀ ਭੁੱਖਾ ਨਾ ਸੌਂਵੇ) ਹਾਸਲ ਕਰਨ ਦੀ ਦੌੜ ਵਿਚ ਪਛੜ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਚਿੰਤਾਜਨਕ ਸਥਿਤੀ ਵੱਲ ਧਿਆਨ ਦੇਣ ਦੀ ਲੋੜ ਹੈ।ਅਤਿ ਦੇ ਅਮੀਰ ਖੁਸ਼ਹਾਲ ਲੋਕਾਂ ਉੱਪਰ ਕਰ ਵਧਾ ਕੇ ਉਨ੍ਹਾਂ ਤੋਂ ਪ੍ਰਾਪਤ ਆਮਦਨ ਨੂੰ ਕਿਰਤੀ ਵਰਗਾਂ ਦੀ ਭਲਾਈ ਲਈ ਵਰਤਣਾ ਬਣਦਾ ਹੈ। ਅਜਿਹਾ ਤਾਂ ਹੀ ਸੰਭਵ ਹੋਵੇਗਾ ਜੇਕਰ ਮੁਲਕ ਦੇ ਹੁਕਮਰਾਨ ਲੋਕ ਅਤੇ ਕੁਦਰਤ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਗੇ। ਭਾਰਤ ਵਿਚ ਭੁੱਖਮਰੀ ਉਪਰ ਕਾਬੂ ਪਾਉਣ ਲਈ ਅਜਿਹਾ ਕਰਨਾਜ਼ ਰੂਰੀ ਹੈ।