ਜ਼ਮੀਨਾਂ ਦਾ ਠੇਕਾ ਅਤੇ ਛੋਟੀ ਕਿਸਾਨੀ

ਜ਼ਮੀਨਾਂ ਦਾ ਠੇਕਾ ਅਤੇ ਛੋਟੀ ਕਿਸਾਨੀ

ਪੰਜਾਬ ਵਿੱਚ ਖੇਤੀ ਕਰਦੇ ਕਿਸਾਨਾਂ ਦਾ ਜਿਆਦਾਤਰ ਹਿੱਸਾ ਜਮੀਨ ਠੇਕੇ ਉਪਰ ਲੈਕੇ ਖੇਤੀ ਕਰਦਾ ਹੈ।

ਆਮ ਵੇਖਣ ਵਿੱਚ ਆਉਂਦਾ ਹੈ ਕਿ ਵੱਡੇ ਕਿਸਾਨ ਜਿਨ੍ਹਾਂ ਕੋਲ ਜਿਆਦਾ ਜ਼ਮੀਨਾਂ ਹੁੰਦੀਆਂ ਹਨ, ਉਹ ਜਮੀਨ ਠੇਕੇ ’ਤੇ ਦੇਣ ਨੂੰ ਵਧੇਰੇ ਤਰਜੀਹ ਦਿੰਦੇ ਹਨ, ਬਲਕਿ ਛੋਟੇ ਕਿਸਾਨ ਖੇਤੀ ਯੋਗ ਠੇਕੇ ’ਤੇ ਜ਼ਮੀਨਾਂ ਦੀ ਭਾਲ ਕਰਦੇ ਰਹਿੰਦੇ ਹਨ। ਪੰਜਾਬ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਗੱਲ ਭਾਵੇਂ ਹੁੰਦੀ ਰਹਿੰਦੀ ਹੈ ਪਰ ਠੇਕੇ ’ਤੇ ਖੇਤੀ ਦੀ ਗੱਲ ਬਹੁਤ ਥੋੜੀ ਹੁੰਦੀ ਹੈ। ਅਜਿਹੀ ਗੱਲਬਾਤ ਦੇ ਲਈ ਜਮੀਨ ਕਿਸਾਨਾਂ ਨੂੰ ਖੁਦ ਤਿਆਰ ਕਰਨੀ ਪੈਣੀ ਹੈ। ਜੇਕਰ ਗੱਲ ਚੱਲੇਗੀ ਤਾਂ ਹੀ ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਹਾਲਤ ਸੁਧਰ ਸਕਦੀ ਹੈ। 

ਖੇਤੀ ਦੀਆਂ ਵਧੇਰੇ ਔਕੜਾਂ ਕਰਕੇ ਸਾਰੇ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਮਿਥੇ ਹੋਏ ਫਾਇਦੇ ਨਹੀਂ ਹੁੰਦੇ। ਕੁਝ ਲੋਕਾਂ ਕੋਲ ਖੇਤੀ ਠੇਕੇ ਉਪਰ ਦੇਕੇ ਵੀ ਗੁਜ਼ਾਰੇ ਜੋਗੇ ਵਸੀਲੇ ਹੁੰਦੇ ਹਨ। ਬਾਕੀ ਕਿਸਾਨਾਂ ਕੋਲ ਜਮੀਨ ਠੇਕੇ ਉਪਰ ਲੈ ਕੇ ਖੇਤੀ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੁੰਦਾ। ਪੰਜਾਬ ਦੀ ਵਧੇਰੇ ਵਸੋਂ ਕਿਸੇ ਨਾ ਕਿਸੇ ਤਰੀਕੇ ਖੇਤੀ ਉਪਰ ਨਿਰਭਰ ਕਰਦੀ ਹੈ। ਅੰਕੜਿਆਂ ਦੇ ਹਿਸਾਬ ਨਾਲ ਪੰਜਾਬ ਵਿੱਚ 65% ਕਿਸਾਨਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ। 5 ਏਕੜ ਤੋਂ ਘੱਟ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਉਸਤੋਂ ਵੀ ਘੱਟ ਹੈ। ਛੋਟੇ ਕਿਸਾਨ ਜਿਨ੍ਹਾਂ ਕੋਲ ਆਪਣੀ ਜਮੀਨ ਕੋਈ ਨਹੀਂ ਹੁੰਦੀ ਜਾਂ ਘੱਟ ਜਮੀਨ ਹੁੰਦੀ ਹੈ, ਉਹ ਖੇਤੀ ਯੋਗ ਜਮੀਨ ’ਤੇ ਠੇਕੇ ਰਾਹੀਂ ਖੇਤੀ ਹੀ ਕਰਨਾ ਜਾਣਦੇ ਹੁੰਦੇ ਹਨ। ਚਾਹੇ ਜਮੀਨ ਦਾ ਠੇਕਾ ਘੱਟ ਹੋਵੇ ਜਾਂ ਵੱਧ, ਉਨ੍ਹਾਂ ਨੂੰ ਜਮੀਨ ਲੈਣੀ ਹੀ ਪੈਂਦੀ ਹੈ। ਇਸ ਤੋਂ ਬਿਨਾਂ ਹੋਰ ਕੋਈ ਵੀ ਕੰਮ ਕਰਨਾ ਉਹ ਓਨੀ ਚੰਗੀ ਤਰ੍ਹਾਂ ਜਾਣਦੇ ਨਹੀਂ ਹੁੰਦੇ, ਨਾਲ ਹੀ ਉਨ੍ਹਾਂ ਦੀ ਅਰਥਵਿਵਸਥਾ ਜਿਸਨੂੰ ਕਿ ਉਹ ਕਬੀਲਦਾਰੀ ਕਹਿੰਦੇ ਹਨ, ਵਿੱਚ ਲੈਣ ਦੇਣ ਘੁੰਮਦਾ ਰਹਿੰਦਾ ਹੈ। ਛੋਟੀ ਕਿਸਾਨੀ ਲਈ ਇਹ ਚੱਕਰ ਘੁਮਾਉਣਾ ਮਜਬੂਰੀ ਹੁੰਦੀ ਹੈ, ਕਿਉਂਕਿ ਬਗੈਰ ਖੇਤੀ ਉਹ ਛੇਤੀ ਹੋਰ ਕਿਧਰੋਂ ਲੈਣਦਾਰੀਆਂ ਨਹੀਂ ਕਰ ਸਕਦੇ। ਪੰਜਾਬ ਦੇ ਇੱਕ ਤਿਹਾਈ ਕਿਸਾਨ ਠੇਕੇ ’ਤੇ ਜਮੀਨ ਲੈਕੇ ਖੇਤੀ ਕਰਦੇ ਹਨ। ਠੇਕੇ ’ਤੇ ਜਮੀਨ ਦੇਣ ਵਾਲੀ ਗਿਣਤੀ ਜਿਆਦਾਤਰ ਵਿਦੇਸ਼ ਗਏ ਲੋਕਾਂ ਦੀ ਜਾਂ ਪਿੰਡ ਛੱਡ ਸ਼ਹਿਰ ਵਸੇ ਲੋਕਾਂ ਦੀ ਹੁੰਦੀ ਹੈ। ਪਿਛਲੇ ਦਹਾਕਿਆਂ ਵਿਚ ਪਰਿਵਾਰ ਵੱਡੇ ਹੁੰਦੇ ਸਨ। ਜਿਆਦਾਤਰ ਪਰਿਵਾਰ ਜਮੀਨ ਖੁਦ ਵਾਹੁੰਦੇ ਸਨ। ਹੁਣ ਪਰਿਵਾਰਾਂ ਵਿਚ ਖੇਤੀ ਕਰਨ ਵਾਲੇ ਜੀਅ ਘਟਣ ਕਰਕੇ ਜਾਂ ਕਾਫੀ ਪਰਿਵਾਰਾਂ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਕਰਕੇ ਵੀ ਕਿਸਾਨਾਂ ਤੋਂ ਜਮੀਨ ਵਿਹਲੀ ਹੁੰਦੀ ਜਾ ਰਹੀ ਹੈ।  

ਪੰਜਾਬ ਵਿਚ ਠੇਕੇ ’ਤੇ ਖੇਤੀ ਦਾ ਰੁਝਾਨ ਮਾਲਵੇ ਵੱਲ ਮਾਝੇ ਅਤੇ ਦੋਆਬੇ ਤੋਂ ਜਿਆਦਾ ਹੈ। ਮਾਲਵੇ ਦੇ ਇਲਾਕੇ ਵਿਚ ਠੇਕਾ ਪ੍ਰਤੀ ਏਕੜ ਔਸਤਨ 60,000 ਤੋਂ ਜਿਆਦਾ ਹੈ। ਕੁਝ ਜਮੀਨਾਂ ਲਈ ਇਹ ਠੇਕਾ 80,000 ਤੱਕ ਵੀ ਚਲਾ ਜਾਂਦਾ ਹੈ। ਜਮੀਨ ਦੇ ਭਾਅ ਵਿੱਚ ਵਾਧਾ ਕਿਸਾਨਾਂ ਦੇ ਆਪਸੀ ਮੁਕਾਬਲੇ ਕਰਕੇ ਹੁੰਦਾ ਹੈ। ਜਮੀਨ ਤੋਂ ਚੰਗੀ ਆਮਦਨ ਲੈਣ ਲਈ ਪਹਿਲੀ ਗੱਲ ਚੰਗਾ ਮੌਸਮ ਜਰੂਰੀ ਹੈ, ਦੂਸਰਾ ਖਰਚੇ ਘਟਾਉਂਦੇ ਹੋਏ ਵਧੀਆ ਫਸਲ ਲੈਣੀ ਅਤੇ ਤੀਸਰਾ ਫ਼ਸਲ ਦਾ ਸਹੀ ਮੁੱਲ ਮਿਲਣਾ। ਫਸਲ ਦਾ ਸਰਕਾਰ ਵਲੋਂ ਤੈਅ ਮੁੱਲ ਸਿਰਫ ਦੋ ਫਸਲਾਂ ਉਪਰ ਹੀ ਮਿਲਦਾ ਹੈ। ਹੋਰ ਫਸਲਾਂ ਤੋਂ ਭਾਵੇਂ ਕਿਸਾਨ ਨੂੰ ਮੰਡੀ ਵਿਚ ਜਿਆਦਾ ਫਾਇਦਾ ਵੀ ਮਿਲਦਾ ਹੋਵੇ, ਪਰ ਫਸਲਾਂ ਉਪਰ ਹੋਣ ਵਾਲੇ ਖਰਚਿਆ ਅਤੇ ਬਿਗੜੇ ਮੌਸਮ ਦੇ ਨੁਕਸਾਨਾਂ ਦੇ ਚੱਲਦਿਆਂ ਕਿਸਾਨ ਹੋਰ ਫਸਲਾਂ ਬੀਜਣ ਦਾ ਤਜਰਬਾ ਵੀ ਕਰ ਸਕਣ ਦੇ ਸਮਰੱਥ ਨਹੀਂ ਹੁੰਦੇ। 

ਆਂਕੜਿਆਂ ਮੁਤਾਬਿਕ 1990 ਤੋਂ ਲੈਕੇ 2022 ਤੱਕ ਰਸਾਇਣਕ ਖਾਦਾਂ ਦੀ ਵਰਤੋਂ ਤਕਰੀਬਨ ਦੁੱਗਣੀ ਹੋ ਗਈ ਹੈ ਜਿਸਦਾ ਇੱਕ ਕਾਰਨ ਠੇਕੇ ’ਤੇ ਕਿਸਾਨਾਂ ਵਲੋਂ ਲਈ ਜਾਂਦੀ ਜ਼ਮੀਨ ਵੀ ਹੈ। ਠੇਕੇ ’ਤੇ ਖੇਤੀ ਕਰਨ ਵਾਲਾ ਕਿਸਾਨ ਫਸਲ ਵਿਚ ਨੁਕਸਾਨ ਤੋਂ ਬਚਣ ਲਈ ਪਾਣੀ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ/ਨਦੀਨਨਾਸ਼ਕ ਦਵਾਈਆਂ ਦਾ ਵਧੇਰੇ ਇਸਤੇਮਾਲ ਕਰਦੇ ਹਨ। ਅਜਿਹੇ ਵਿਚ ਜਮੀਨ ਨਾਲ ਵੀ ਇਨਸਾਫ ਨਹੀਂ ਹੁੰਦਾ। ਠੇਕੇ ’ਤੇ ਖੇਤੀ ਕਰ ਰਹੇ ਕਿਸਾਨ ਦਾ ਜਮੀਨ ਦੇ ਮਾਲਕ ਨਾਲ ਬਿਨਾਂ ਕਿਸੇ ਲਿਖਤੀ ਸਮਝੌਤੇ ਤੋਂ ਸਿਰਫ ਜ਼ੁਬਾਨੀ ਇਕਰਾਰ ਹੁੰਦਾ ਹੈ। ਅਜਿਹੇ ਵਿਚ ਫਸਲਾਂ ਦੇ ਕਿਸੇ ਵੀ ਤਰ੍ਹਾਂ ਦੇ ਮੌਸਮ ਕਰਕੇ ਹੋਏ ਨੁਕਸਾਨ ਵਿਚ ਵੀ ਖੇਤੀ ਕਰ ਰਹੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਰਕਾਰ ਪਾਸੋਂ ਮਦਦ ਮਿਲਣੀ ਵੀ ਮੁਸ਼ਕਿਲ ਹੁੰਦੀ ਹੈ ਅਤੇ ਜਮੀਨ ਦੇ ਮਾਲਕ ਵੀ ਕਿਸਾਨ ਦੀ ਮਦਦ ਨਹੀਂ ਕਰਦੇ। 

ਠੇਕੇ ਦੀ ਰਕਮ ਬਹੁਤ ਜ਼ਿਆਦਾ ਹੋਣ ਕਰਕੇ ਕਿਸਾਨ ਸਾਲ ਪਹਿਲਾਂ ਕਰਜ਼ਾ ਲੈਂਦੇ ਹਨ ਤੇ ਕੋਈ ਨੁਕਸਾਨ ਹੋਣ ’ਤੇ ਕਰਜਾ ਵਾਪਸ ਨਹੀਂ ਕਰ ਪਾਉਂਦੇ। 60 ਹਜ਼ਾਰ ਦੇ ਹਿਸਾਬ ਨਾਲ ਔਸਤਨ ਇੱਕ ਸਾਲ ਬਾਅਦ ਸਿਰਫ ਅੱਠ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਮੁਨਾਫ਼ਾ ਕਮਾ ਪਾਉਂਦੇ ਹਨ। ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਿਸਾਨ ਬਿਲਕੁਲ ਨਾਮਾਤਰ ਮੁਨਾਫ਼ੇ ’ਤੇ ਕੰਮ ਕਰ ਰਹੇ ਹਨ। ਛੋਟੇ ਕਿਸਾਨ ਆਪਣੀ ਜਮ੍ਹਾਂ ਪੂੰਜੀ ਵੀ ਗਵਾ ਬੈਠਦੇ ਹਨ। 

ਪੰਜਾਬ ਦੇ ਛੋਟੇ ਕਿਸਾਨਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ। ਜਮੀਨ ਵਿਚੋਂ ਪੈਦਾਵਾਰ ਅਤੇ ਖਰਚਿਆ ਦੇ ਹਿਸਾਬ ਨਾਲ ਕਿਸਾਨ ਦਾ 15 ਤੋਂ 20% ਫੀਸਦੀ ਮੁਨਾਫਾ ਤੈਅ ਕਰਕੇ ਹੀ ਠੇਕਾ ਮਿਥਿਆ ਜਾਣਾ ਚਾਹੀਦਾ ਹੈ। ਇਸ ਸਮਝੌਤੇ ਨੂੰ ਵੀ ਲਿਖਤੀ ਕਰਨ ਦੀ ਜਰੂਰਤ ਹੈ। ਇਹ ਵੀ ਸਮਝੌਤੇ ਵਿਚ ਲਿਖਿਆ ਜਾਣਾ ਚਾਹੀਦਾ ਹੈ ਕਿ ਕੁਦਰਤੀ ਨੁਕਸਾਨਾਂ ਦੇ ਵੇਲੇ ਠੇਕੇ ਦੀ ਰਕਮ ਘੱਟ ਹੁੰਦੀ ਹੋਵੇ। ਦੋਵੇਂ ਧਿਰਾਂ ਨੂੰ ਰਲ ਮਿਲ ਕੇ ਹੀ ਨੁਕਸਾਨ ਝੱਲਣਾ ਚਾਹੀਦਾ ਹੈ। ਜ਼ਮੀਨ ਦੀ ਚੰਗੀ ਸਿਹਤ ਕਾਇਮ ਰੱਖਣ ਲਈ ਜਮੀਨ ਦੇ ਮਾਲਕ ਅਤੇ ਕਿਸਾਨ ਵਿਚਕਾਰ ਠੇਕਾ ਲੰਬੇ ਸਮੇਂ ਲਈ ਹੋਣਾ ਚਾਹੀਦਾ ਹੈ ਤਾਂ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਕਿਸਾਨਾਂ ਨੂੰ ਵੀ ਫਸਲ ਦੀ ਪੈਦਾਵਾਰ ਅਤੇ ਹੋਰ ਖਰਚਿਆਂ ਸਬੰਧੀ ਪੱਕੇ ਅੰਦਾਜੇ ਲਗਾਉਣੇ ਚਾਹੀਦੇ ਹਨ। ਮੁਨਾਫਾ ਹੋਣ ਦੀ ਸੂਰਤ ਵਿਚ ਹੀ ਠੇਕਾ ਤੈਅ ਕਰਨਾ ਚਾਹੀਦਾ ਹੈ।  

ਛੋਟੀ ਕਿਸਾਨੀ ਹੀ ਪੰਜਾਬ ਦਾ ਅਧਾਰ ਹੈ। ਅਜਿਹੇ ਲੋਕ ਹੀ ਜਮੀਨ ਦੇ ਵਾਹਕ ਹਨ। ਇਹਨਾਂ ਕਿਸਾਨਾਂ ਦੀਆਂ ਔਕੜਾਂ ਦੇ ਹੱਲ ਲਈ ਸਹੀ ਅਤੇ ਸੁਚੱਜੇ ਹੱਲ ਖੋਜਣਾ ਬੜਾ ਜਰੂਰੀ ਹੈ। ਅੱਜ ਖੇਤੀ ਦੇ ਘੱਟਦੇ ਮੁਨਾਫ਼ੇ ਕਰਕੇ ਲੋਕਾਂ ਨੂੰ ਠੇਕੇ ’ਤੇ ਜਮੀਨਾਂ ਲੈਣ ਅਤੇ ਭਾਅ ਸਬੰਧੀ ਆਪਣੀ ਸਮਝ ਬਣਾਉਣੀ ਪੈਣੀ ਹੈ। ਖੇਤੀ ਨੂੰ ਵਿਰਾਸਤ ਵਜੋਂ ਅਗਲੀ ਪੀੜ੍ਹੀ ਨੂੰ ਸੌਂਪਣ ਲਈ ਸਾਨੂੰ ਮਿਲ ਬੈਠ ਕੇ ਦੋਵਾਂ ਧਿਰਾਂ ਦੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਦਾ ਮਹੌਲ ਬਣਾਉਣਾ ਚਾਹੀਦਾ ਹੈ। 

 

ਸੰਪਾਦਕੀ