ਕਿਤਾਬ ਪੜਚੋਲ: ਥਰਡ ਜੈਂਡਰ ਦੀ ਸਮਾਜਿਕ, ਮਾਨਸਿਕ ਲਾਚਾਰੀ ਦਾ ਜੀਵਨ-ਬਿਰਤਾਂਤ

ਕਿਤਾਬ ਪੜਚੋਲ:  ਥਰਡ ਜੈਂਡਰ ਦੀ ਸਮਾਜਿਕ, ਮਾਨਸਿਕ ਲਾਚਾਰੀ ਦਾ ਜੀਵਨ-ਬਿਰਤਾਂਤ

ਹਰਕੀਰਤ ਕੌਰ ਚਹਿਲ ਦੁਆਰਾ ਰਚਿਤ ਨਾਵਲ ਆਦਮ-ਗ੍ਰਹਿਣ

ਇਸ ਨਾਵਲ ਵਿਚ ਹਰਕੀਰਤ ਕੌਰ ਚਹਿਲ ਨੇ ਬੜੀ ਬਰੀਕੀ ਨਾਲ ਥਰਡ ਜੈਂਡਰ ਦੀ ਸਮਾਜਿਕ, ਮਾਨਸਿਕ ਪੱਧਰ ਦੀ ਲਾਚਾਰ ਤੇ ਬੇਵੱਸ ਜੀਵਨ ਜਾਂਚ ਨੂੰ ਆਪਣੇ ਨਾਵਲ ਵਿੱਚ ਪੇਸ਼ ਕੀਤਾ ਹੈ। ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ। ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ, ਉਸੇ ਤਰ੍ਹਾਂ ਦੀ ਪੇਸ਼ਕਾਰੀ ਸਾਹਿਤ ਪੇਸ਼ ਕਰਦਾ ਹੈ। ਲੇਖਕ ਦਾ ਕੰਮ ਸਮਾਜ ਵਿਚ ਫੈਲੇ ਮਾੜੇ ਵਰਤਾਰਿਆਂ ਨੂੰ ਉਜਾਗਰ ਕਰਨਾ ਅਤੇ ਉਹਨਾਂ ਉਤੇ ਤਿੱਖਾ ਵਿਅੰਗ ਜਾਂ ਤਿੱਖਾ ਰੋਸ ਕਰਨਾ ਵੀ ਹੁੰਦਾ ਹੈ। ਲੇਖਕ ਕੇਵਲ ਬਾਹਰੀ ਅੱਖਾਂ ਨਾਲ ਹੀ ਨਹੀਂ ਦੇਖਦਾ ਤੇ ਦਿਮਾਗ ਨਾਲ ਹੀ ਨਹੀਂ ਸੋਚਦਾ, ਬਲਕਿ ਉਹ ਤਾਂ ਮਨ ਦੀਆਂ ਅੱਖਾਂ ਨਾਲ ਵੀ ਨੀਝ ਲਾ ਕੇ ਹਰ ਸ਼ੈਅ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ।

ਜ਼ਿਕਰਯੋਗ ਹੈ ਕਿ 2014 ‘ਚ ਭਾਰਤ ਦੀ ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫੈਸਲਾ ਦਿੰਦੇ ਹੋਏ ਟਰਾਂਸਜੈਂਡਰ ਭਾਈਚਾਰੇ ਨੂੰ ਥਰਡ ਜੈਂਡਰ ਦਾ ਦਰਜਾ ਦਿੱਤਾ ਸੀ। ਇਸ ਨਾਵਲ ਤੋਂ ਪਹਿਲਾਂ ਲੇਖਿਕਾ ਇੱਕ ਕਹਾਣੀ ਸੰਗ੍ਰਹਿ ਪਰੀਆਂ ਸੰਗ ਪਰਵਾਜ਼ 2016 ਵਿੱਚ ਅਤੇ 2 ਨਾਵਲ ਤੇਰੇ ਬਾਝੋਂ 2017 ਥੋਹਰਾਂ ਦੇ ਫੁੱਲ 2018 ਵਿੱਚ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ।

ਨਾਵਲ ਦੀ ਕਹਾਣੀ ਨਜ਼ਾਮੁਦੀਨ ਅਤੇ ਉਸ ਦੇ ਪਰਿਵਾਰ ਦੀ ਹੈ। ਸਲਮਾ ਨਜ਼ਾਮੁਦੀਨ ਦੀ ਘਰਵਾਲੀ ਹੈ ਅਤੇ 2 ਧੀਆਂ, 3 ਪੁੱਤਰਾਂ ਦੇ ਵੱਖਰੇ ਵੱਖਰੇ ਕਿਰਦਾਰ ਹਨ ਅਤੇ ਨਾਵਲ ਦਾ ਅਗਲਾ ਭਾਗ ਖੁਸਰਿਆਂ ਦੇ ਕੁਝ ਡੇਰਿਆਂ ਅਤੇ ਉਨ੍ਹਾਂ ਦੇ ਵਰਤਾਰੇ ਨਾਲ ਸਬੰਧਿਤ ਹੈ।

ਇਸ ਨਾਵਲ ਦੀ ਮੁੱਖ ਪਾਤਰ ਅਮੀਰਾਂ ਹੈ। ਥਰਡ ਜੈਂਡਰ, ਜਿਸ ਦੇ ਮਾਂ ਬਾਪ ਸਲਮਾ ਤੇ ਨਜ਼ਾਮੁਦੀਨ ਹਨ। ਅਮੀਰਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦਾ ਬਿਰਤਾਂਤ ਇਸ ਨਾਵਲ ਵਿਚ ਹੈ। ਨਾਵਲ ਪੜ੍ਹਦਿਆਂ ਬਹੁਤ ਵਾਰ ਮਨ ਭਾਵੁਕ ਹੋਇਆ, ਬਹੁਤ ਸਾਰੇ ਸਵਾਲ ਵੀ ਮਨ ਵਿਚ ਆਏ ਕਿ ਕਿੰਨਾ ਦਰਦ ਹੈ। ਇਸ ਨਾਵਲ ਨੂੰ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਸਾਡੇ ਸਮਾਜ ਦੀ ਥਰਡ ਜੈਂਡਰ ਬਾਰੇ ਕਿਵੇਂ ਦੀ ਸੋਚ ਹੈ। ਬਹੁਤ ਵਾਰੀਂ ਅਸੀਂ ਆਪਣੇ ਪਰਿਵਾਰਾਂ ਵਿਚ ਵੇਖਿਆ ਹੋਣਾ ਕਿ ਬੱਚੇ ਦੇ ਜਨਮ ‘ਤੇ ਖੁਸ਼ੀ ਵਿਚ, ਮੁੰਡੇ ਦੇ ਵਿਆਹ ਵਿਚ ਆਮ ਹੀ ਖੁਸਰੇ ਨੱਚਦੇ ਦੇਖੇ ਹੋਣੇ ਪਰ ਉਨ੍ਹਾਂ ਦਾ ਅਸਲ ਦਰਦ ਅਸੀਂ ਸ਼ਾਇਦ ਨਹੀਂ ਦੇਖਦੇ। ਕਿੰਨਰ ਵੀ ਸਾਡੇ ਸਮਾਜ ਦਾ ਹਿੱਸਾ ਹਨ, ਉਨ੍ਹਾਂ ਨੂੰ ਇਸ ਸਮਾਜ ਵਿਚ ਮਾਣ ਨਾਲ ਰਹਿਣ ਦਾ, ਪੜ੍ਹਨ ਦਾ, ਨੌਕਰੀ ਕਰਨ ਦਾ, ਸਮਾਜ ਸੇਵਾ ਕਰਨ ਦਾ ਅਤੇ ਆਪਣੇ ਪਰਿਵਾਰ ਵਿਚ ਰਹਿਣ ਦਾ ਪੂਰਾ ਹੱਕ ਹੈ। ਮਾਪੇ ਕਿਉਂ ਮਜਬੂਰ ਹੋ ਜਾਂਦੇ ਹਨ ਜਦੋਂ ਕਿ ਉਹ ਆਪਣਾ ਹੀ ਬੱਚਾ ਘਰ ਨਹੀਂ ਰੱਖ ਸਕਦੇ ਜਾਂ ਕਿੰਨਰ ਆਪ ਹੀ ਘਰ ਛੱਡ ਜਾਂਦੇ ਹਨ ਕਿ ਸਾਡੇ ਭੈਣ ਭਰਾਵਾਂ ਦੇ ਵਿਆਹ ਹੋ ਜਾਣ। ਉਹ ਸਮਾਜ ਵਿਚ ਸਿਰ ਉੱਚਾ ਕਰਕੇ ਜੀ ਸਕਣ ਪਰ ਇਸ ਸਭ ਵਿਚ ਕਿੰਨਰ ਕਿੱਥੇ ਕਸੂਰਵਾਰ ਹੈ? ਉਹ ਕਿਸ ਗੱਲ ਦੀ ਸਜ਼ਾ ਭੁਗਤ ਰਹੇ ਹਨ? ਹਰਕੀਰਤ ਕੌਰ ਚਹਿਲ ਦਾ ਇਹ ਨਾਵਲ ਆਦਮ-ਗ੍ਰਹਿਣ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਕਰਦਾ ਹੈ। 

ਹਰਕੀਰਤ ਕੌਰ ਚਹਿਲ ਨੇ ਆਪਣੀ ਕਾਲਪਨਿਕ ਸਮਰੱਥਾ ਉੱਤੇ ਭਰੋਸਾ ਕਰਦਿਆਂ ਅਤੇ ਕੁਝ ਤੱਥ ਡੇਰਿਆਂ ਵਿੱਚੋਂ ਇਕੱਠੇ ਕਰਨ ਉਪਰੰਤ ਇਸ ਨਾਵਲ ਨੂੰ ਕਲਮਬੱਧ ਕੀਤਾ ਹੈ। ਇਸ ਨਾਵਲ ਵਿਚ ਸਮਾਜ ਦੇ ਰਿਸ਼ਤਿਆਂ ਦੀਆਂ ਵੱਖ-ਵੱਖ ਪਰਤਾਂ ਨੂੰ ਛੋਹਿਆ ਗਿਆ ਹੈ ਅਤੇ ਸਮਾਜਿਕ ਵਰਤਾਰਿਆਂ ਨੂੰ ਸਰਲਤਾ ਅਤੇ ਸੰਖੇਪ ਬਿਰਤਾਂਤ ਨਾਲ ਦਰਸਾਇਆ ਗਿਆ ਹੈ।

ਨਾਵਲ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚਲੀ ਸਰਲ ਭਾਸ਼ਾ ਹੈ ਜੋ ਕਿ ਪਾਠਕ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ।
ਨਾਵਲ ਪੜ੍ਹਨ ਤੇ ਵਿਚਾਰਨਯੋਗ ਹੈ। ਨਾਵਲ ਆਦਮ-ਗ੍ਰਹਿਣ ਦੀ ਸੰਪੂਰਨਤਾ ‘ਤੇ ਵਧਾਈ ਦਿੰਦਿਆਂ ਦੁਆ ਕਰਦੀ ਹਾਂ ਕਿ ਹਰਕੀਰਤ ਕੌਰ ਚਹਿਲ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ। ਸ਼ੁਭ ਕਾਮਨਾਵਾਂ!

ਅਰਵਿੰਦਰ ਕੌਰ ਸੰਧੂ 
ਸਿਰਸਾ, ਹਰਿਆਣਾ