ਖ਼ਾਲਸਾ ਕਾਲਜ ਅੰਮ੍ਰਿਤਸਰ ਦਾ  ਇਤਿਹਾਸ 

ਖ਼ਾਲਸਾ ਕਾਲਜ ਅੰਮ੍ਰਿਤਸਰ ਦਾ  ਇਤਿਹਾਸ 

ਸਿੱਖ ਵਿਰਾਸਤ

ਡਾਕਟਰ ਗੁਰਤੇਜ ਸਿੰਘ ਠੀਕਰੀਵਾਲਾ

ਨਵੰਬਰ 1920 ਈ: ਵਿਚ ਖ਼ਾਲਸਾ ਕਾਲਜ ਦਾ ਪ੍ਰਬੰਧ ਸਿੱਖ ਪੰਥ ਦੇ ਹਵਾਲੇ ਹੋਇਆ। ਇਕ ਆਰਜ਼ੀ ਕਮੇਟੀ ਬਣਾਈ ਗਈ, ਜਿਸ ਦੇ ਪ੍ਰਧਾਨ ਮਹਾਰਾਜਾ ਪਟਿਆਲਾ, ਉਪ-ਪ੍ਰਧਾਨ ਸ: ਸੁੰਦਰ ਸਿੰਘ ਮਜੀਠੀਆ ਅਤੇ ਸ: ਖੜਕ ਸਿੰਘ ਬਣੇ, ਹਰਬੰਸ ਸਿੰਘ ਅਟਾਰੀ, ਜੋਧ ਸਿੰਘ ਐਮ. ਏ. ਅਤੇ ਸ: ਜੋਗਿੰਦਰ ਸਿੰਘ ਮੈਂਬਰ ਲਏ ਗਏ।19ਵੀਂ ਸਦੀ ਦੇ ਅਖ਼ੀਰਲੇ ਦਹਾਕੇ ਵਿਚ ਸਿੱਖ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਹੋਣੀ ਅਤੇ ਇਸ ਦੀ ਇਮਾਰਤੀ ਬਣਾਵਟ ਦੀ ਖ਼ੂਬਸੂਰਤੀ ਜਗਤ ਪ੍ਰਸਿੱਧ ਹੈ। ਇਸ ਕਾਲਜ ਦੀ ਸਥਾਪਨਾ 5 ਮਾਰਚ, 1892 ਈ: ਨੂੰ ਪੰਜਾਬ ਦੇ ਗਵਰਨਰ ਸਰ ਜੇ. ਬੀ. ਲਾਇਲ ਦੁਆਲਾ ਨੀਂਹ ਪੱਥਰ ਰੱਖਣ ਨਾਲ ਹੋਈ ਸੀ। ਖ਼ਾਲਸਾ ਕਾਲਜ ਬੋਰਡਿੰਗ ਦੀ ਪਹਿਲੀ ਇਮਾਰਤ ਉਸਾਰੀ ਦਾ ਕਾਰਜ ਸ: ਧਰਮ ਸਿੰਘ ਇੰਜੀਨੀਅਰ ਦੀ ਦੇਖ-ਰੇਖ ਵਿਚ ਬਾਬੂ ਨੱਥਾ ਸਿੰਘ ਸਬ ਓਵਰਸੀਅਰ ਨੇ ਕੀਤਾ ਸੀ। ਅੰਗਰੇਜ਼ ਸਰਕਾਰ ਦੁਆਰਾ ਖ਼ਾਲਸਾ ਕਾਲਜ ਦੀ ਬਹੁਪੱਖੀ ਉੱਨਤੀ ਵਾਸਤੇ 10 ਹਜ਼ਾਰ ਸਾਲਾਨਾ ਮਾਲੀ ਸਹਾਇਤਾ, ਪ੍ਰਿੰਸੀਪਲ ਦੀ ਤਨਖਾਹ ਦਾ ਕੁਝ ਹਿੱਸਾ ਅਤੇ ਤਿੰਨ ਪ੍ਰੋਫ਼ੈਸਰਾਂ ਦੀ ਵੀ ਤਨਖ਼ਾਹ ਦਿੱਤੀ ਜਾਂਦੀ ਰਹੀ।

12 ਅਪ੍ਰੈਲ, 1904 ਈ: ਨੂੰ ਖ਼ਾਲਸਾ ਕਾਲਜ ਵਿਚ ਕਾਲਜ ਦੇ ਪ੍ਰਧਾਨ ਡਾ: ਡਬਲਿਊ. ਐਚ. ਰੈਟਿੰਗਨ ਦੀ ਪ੍ਰਧਾਨਗੀ ਹੇਠ ਸਿੱਖ ਸਰਦਾਰਾਂ ਦਾ ਵਿਸ਼ਾਲ ਜਲਸਾ ਹੋਇਆ, ਜੋ ਸਿੱਖ ਪੁਨਰ-ਜਾਗ੍ਰਿਤੀ ਦੇ ਦੌਰ ਦਾ ਪਹਿਲਾ ਵੱਡਾ ਇਕੱਠ ਸੀ। ਇਸ ਜਲਸੇ ਵਿਚ ਕਾਲਜ ਦੇ ਪ੍ਰਿੰਸੀਪਲ ਮਿ: ਕੌਲ (ਇਕ ਅੰਗਰੇਜ਼ ਅਧਿਕਾਰੀ) ਨੇ ਕਾਲਜ ਦੀ ਰਿਪੋਰਟ ਪੜ੍ਹੀ, ਜਿਸ ਵਿਚ ਖ਼ੁਲਾਸਾ ਕੀਤਾ ਗਿਆ ਕਿ ਬੀ. ਏ. ਦੇ ਇਮਤਿਹਾਨ ਵਿਚੋਂ ਕਾਲਜ ਦੇ ਵਿਦਿਆਰਥੀ ਜੋਧ ਸਿੰਘ (ਭਾਈ, ਪਹਿਲੇ ਵੀ. ਸੀ. ਪੰਜਾਬੀ ਯੂਨੀਵਰਸਿਟੀ ਪਟਿਆਲਾ) ਸਾਰੇ ਪੰਜਾਬ ਵਿਚੋਂ ਅੱਵਲ ਰਹੇ। 18 ਨਵੰਬਰ 1904 ਈ: ਨੂੰ ਖ਼ਾਲਸਾ ਕਾਲਜ ਦੀ ਵੱਡੀ ਇਮਾਰਤ ਦਾ ਨੀਂਹ ਪੱਥਰ ਗਵਰਨਰ ਪੰਜਾਬ ਚਾਰਲਸ ਰਿਵਾਜ਼ ਨੇ ਰੱਖਿਆ। 11 ਦਸੰਬਰ, 1905 ਈ: ਨੂੰ ਗਵਰਨਰ ਪੰਜਾਬ ਦਾ ਪੁੱਤਰ ਪ੍ਰਿੰਸ ਆਫ਼ ਵੇਲਜ਼ ਖ਼ਾਲਸਾ ਕਾਲਜ ਆਇਆ। ਇਸ ਨੇ ਵਿਦੇਸ਼ਾਂ ਵਿਚ ਸਿੱਖ ਵਿਦਿਆਰਥੀਆਂ ਨੂੰ ਵਜ਼ੀਫ਼ਿਆਂ ਸਮੇਤ ਪੜ੍ਹਾਈ ਕਰਨ ਲਈ ਮੌਕਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ।

ਦਿੱਲੀ ਦਰਬਾਰ ਦੇ ਅਵਸਰ 'ਤੇ ਚੀਫ਼ ਖ਼ਾਲਸਾ ਦੀਵਾਨ ਦੇ ਉੱਦਮਾਂ ਨਾਲ 2800 ਰੁਪਏ ਖ਼ਾਲਸਾ ਕਾਲਜ ਵਾਸਤੇ ਕੀਤੇ ਗਏ। ਕਾਲਜ ਦੀ ਮਾਲੀ ਹਾਲਤ ਨੂੰ ਸੁਧਾਰਨ ਹਿਤ ਕੁਝ ਪੰਥ ਦਰਦੀਆਂ ਨੇ ਜੁਲਾਈ 1903 ਵਿਚ ਮਾਸਿਕ ਚੰਦੇ ਦੇਣੇ ਵੀ ਸ਼ੁਰੂ ਕੀਤੇ ਜਿਨ੍ਹਾਂ ਵਿਚ ਸ: ਭਗਵਾਨ ਸਿੰਘ ਜੱਜ ਚੀਫ਼ ਕੋਰਟ ਪਟਿਆਲਾ, ਸ: ਧਰਮ ਸਿੰਘ ਇੰਜੀਨੀਅਰ, ਭਾਈ ਸੰਤ ਸਿੰਘ ਜੀ ਗ੍ਰੰਥੀ, ਭਾਈ ਪ੍ਰਤਾਪ ਸਿੰਘ ਤਹਿਸੀਲਦਾਰ, ਸ: ਸੁੰਦਰ ਸਿੰਘ ਮਜੀਠੀਆ ਸਨ। ਬਾਅਦ ਵਿਚ ਸ: ਹੀਰਾ ਸਿੰਘ ਸਬ ਓਵਰਸੀਅਰ ਕਾਲਾ ਬਾਗ, ਸ: ਬਿਸ਼ਨ ਸਿੰਘ ਸਬ ਓਵਰਸੀਅਰ ਮਰਦਾਨ, ਡਾ: ਮਈਆ ਸਿੰਘ, ਸ: ਗੋਕਲ ਸਿੰਘ ਸਬ ਓਵਰਸੀਅਰ ਉਨਾਓਂ, ਭਾਈ ਗੈਹਲ ਸਿੰਘ ਮਸੂਰੀ, ਸ: ਕਾਨ੍ਹ ਸਿੰਘ ਨਾਭਾ ਅਤੇ ਭਾਈ ਹਰਨਾਮ ਸਿੰਘ ਆਟੇ ਵਾਲੇ ਲਾਹੌਰ ਇਨ੍ਹਾਂ ਨੇ ਵੀ ਮਾਸਿਕ ਚੰਦੇ ਦੇਣੇ ਸ਼ੁਰੂ ਕੀਤੇ। ਕਾਲਜ ਦੇ ਵਿਕਾਸ ਲਈ 1904 ਤੱਕ 1749171 ਰੁਪਏ ਇਕੱਤਰ ਹੋ ਗਏ ਸਨ। ਕੇਵਲ ਕਾਲਜ ਦੀ ਇਮਾਰਤ ਵਾਸਤੇ 256331 ਰੁਪਏ 10 ਆਨੇ ਅਤੇ 5 ਪਾਈ ਇਕੱਤਰ ਹੋਏ ਸਨ।

ਪ੍ਰਬੰਧਕ ਕਮੇਟੀ, ਨਾਮਵਰ ਅਧਿਆਪਕ ਅਤੇ ਕੋਰਸ : ਕਾਲਜ ਦੇ ਪਹਿਲੇ ਸਕੱਤਰ ਸ: ਸੁੰਦਰ ਸਿੰਘ ਮਜੀਠੀਆ ਚੁਣੇ ਗਏ। ਕੁਝ ਲਿਖਤਾਂ ਵਿਚ ਭਾਈ ਜਵਾਹਰ ਸਿੰਘ ਦਾ ਪਹਿਲਾ ਸਕੱਤਰ ਨਿਯੁਕਤ ਹੋਣ ਦੀ ਸੂਚਨਾ ਹੈ। ਅਪ੍ਰੈਲ 1905 ਈ: ਵਿਚ ਖ਼ਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਵਿਚ ਹਰਬੰਸ ਸਿੰਘ ਅਟਾਰੀ, ਭਗਵਾਨ ਸਿੰਘ ਜੱਜ ਚੀਫ਼ ਕੋਰਟ ਪਟਿਆਲਾ, ਅਜੀਤ ਸਿੰਘ ਪਟਿਆਲਾ, ਭਾਈ ਕਾਨ੍ਹ ਸਿੰਘ ਨਾਭਾ, ਸ਼ਮਸ਼ੇਰ ਸਿੰਘ ਜੀਂਦ, ਨਰੈਣ ਸਿੰਘ ਕਪੂਰਥਲਾ, ਰਾਮ ਸਿੰਘ ਫ਼ਰੀਦਕੋਟ, ਕੈਪਟਨ ਹਿਲ ਅਤੇ ਮੇਜਰ ਡਨਲਪ ਸਮਿਥ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ। 10 ਮਈ 1908 ਦੀ ਇਕ ਮੀਟਿੰਗ ਵਿਚ ਕਾਲਜ ਕੌਂਸਲ ਦੇ 25 ਮੈਂਬਰ ਰਿਆਸਤਾਂ ਵਿਚੋਂ ਅਤੇ 26 ਮੈਂਬਰ ਸਰਕਾਰੀ ਇਲਾਕਿਆਂ (ਬਾਰੀ ਦੁਆਬ, ਰਾਵੀ ਪਾਰ ਅਤੇ ਬਿਆਸ ਉਰਾਰ) 'ਚੋਂ ਨਿਯੁਕਤ ਕੀਤੇ ਗਏ। ਬਾਰੀ ਦੁਆਬ ਦੇ ਮੈਂਬਰਾਂ ਵਿਚ ਭਾਈ ਵੀਰ ਸਿੰਘ ਨੂੰ ਵੀ ਲਿਆ ਗਿਆ, ਤਾਂ ਆਪ ਨੇ ਇਕ ਵੱਡੇ ਲਿਖਤੀ ਨੋਟ ਰਾਹੀਂ ਇਲਾਕਾਈ ਵੰਡ 'ਤੇ ਆਧਾਰਿਤ ਇਨ੍ਹਾਂ ਨਿਯੁਕਤੀਆਂ ਤੋਂ ਸਿੱਖ ਪੰਥ ਵਿਚ ਧੜੇਬੰਦੀ ਪੈਦਾ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਪ੍ਰਿੰਸੀਪਲ ਮਿ: ਕੌਲ ਤੋਂ ਇਲਾਵਾ ਕਲਾਜ ਦੇ ਸਟਾਫ਼ ਵਿਚ ਸ: ਨਰਾਇਣ ਸਿੰਘ ਐਮ. ਏ., ਐਲ. ਬੀ. ਬੀ., ਹੈੱਡਮਾਸਟਰ ਸਨ। ਭਾਈ ਹਰੀ ਸਿੰਘ ਧਾਰਮਿਕ ਅਧਿਆਪਕ, ਮਈ 1905 ਵਿਚ ਪ੍ਰੋ: ਜੋਧ ਸਿੰਘ ਦੀ ਨਿਯੁਕਤੀ ਵੀ ਬਤੌਰ ਧਾਰਮਿਕ ਪ੍ਰੋਫ਼ੈਸਰ ਕੀਤੀ ਗੀ। ਸ: ਨਿਰੰਜਨ ਸਿੰਘ ਸੀਨੀਅਰ ਪ੍ਰੋਫ਼ੈਸਰ, ਸ: ਤਾਰਾ ਸਿੰਘ ਬੀ.ਏ., ਐਲ. ਐਲ. ਬੀ. ਤੋਂ ਇਲਾਵਾ ਹੋਰ ਕਈ ਅਧਿਆਪਕ ਰੱਖੇ ਗਏ। 2 ਦਸੰਬਰ 1923 ਈ: ਨੂੰ ਡਾ: ਬਲਬੀਰ ਸਿੰਘ (ਭਰਾਤਾ ਭਾਈ ਵੀਰ ਸਿੰਘ) ਬਤੌਰ ਕੈਮਿਸਟਰੀ ਅਧਿਆਪਕ ਨਿਯੁਕਤ ਹੋਏ। ਨਵੰਬਰ 1904 ਵਿਚ ਵਿਦਿਆਰਥੀਆਂ ਦੀ ਕੁੱਲ ਗਿਣਤੀ 448 ਸੀ। ਆਰੰਭ ਵਿਚ ਧਾਰਮਿਕ ਵਿੱਦਿਆ ਦੇ ਨਾਲ-ਨਾਲ ਡਰਾਇੰਗ ਅਤੇ ਸਾਇੰਸ ਦੇ ਕੋਰਸ ਹੀ ਸ਼ੁਰੂ ਕੀਤੇ ਗਏ ਸਨ।

ਕਾਲਜ ਦਾ ਪ੍ਰਬੰਧ ਸਿੱਖ ਪੰਥ ਅਧੀਨ : ਨਵੰਬਰ 1920 ਈ: ਵਿਚ ਖ਼ਾਲਸਾ ਕਾਲਜ ਦਾ ਪ੍ਰਬੰਧ ਸਿੱਖ ਪੰਥ ਦੇ ਹਵਾਲੇ ਹੋਇਆ। ਇਕ ਆਰਜ਼ੀ ਕਮੇਟੀ ਬਣਾਈ ਗਈ, ਜਿਸ ਦੇ ਪ੍ਰਧਾਨ ਮਹਾਰਾਜਾ ਪਟਿਆਲਾ, ਉਪ-ਪ੍ਰਧਾਨ ਸ: ਸੁੰਦਰ ਸਿੰਘ ਮਜੀਠੀਆ ਬਣੇ ਅਤੇ ਸ: ਖੜਕ ਸਿੰਘ ਬਣੇ, ਹਰਬੰਸ ਸਿੰਘ ਅਟਾਰੀ, ਜੋਧ ਸਿੰਘ ਐਮ. ਏ. ਅਤੇ ਸ: ਜੋਗਿੰਦਰ ਸਿੰਘ ਮੈਂਬਰ ਲਏ ਗਏ। ਅੱਗੇ ਤੋਂ ਕੌਂਸਲ ਵਿਚ 56 ਦੀ ਜਗ੍ਹਾ 80 ਮੈਂਬਰਾਂ ਦੀ ਵਿਵਸਥਾ ਕੀਤੀ ਗਈ। ਇਨ੍ਹਾਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ :

(ੳ) 40 ਮੈਂਬਰ ਪੰਜਾਬ ਦੀਆਂ ਰਿਆਸਤਾਂ ਵਿਚੋਂ ਹੇਠ ਲਿਖੇ ਅਨੁਸਾਰ ਨਾਮਜ਼ਦ ਹੋਣੇ ਨਿਸਚਿਤ ਕੀਤੇ ਗਏ

ਪਟਿਆਲਾ-17, ਜੀਂਦ-7, ਨਾਭਾ-7, ਕਪੂਰਥਲਾ-4, ਫ਼ਰੀਦਕੋਟ-4, ਕਲਸੀਆ-11.

(ਅ) 40 ਮੈਂਬਰਾਂ ਵਿਚੋਂ 20 ਮੈਂਬਰ ਬਰਤਾਨਵੀ ਜ਼ਿਲ੍ਹਿਆਂ ਦੇ ਸਿੱਖ ਕੌਂਸਲਰਾਂ ਵਿਚੋਂ ਹੇਠ ਲਿਖੇ ਅਨੁਸਾਰ ਨਾਮਜ਼ਦ ਕੀਤੇ ਜਾਣੇ ਤੈਅ ਕੀਤੇ ਗਏ

10 ਬਾਰੀ ਦੁਆਬ ਵਿਚੋਂ, 5 ਰਾਵੀ ਦੇ ਇਲਾਕੇ ਵਿਚੋਂ, 5 ਬਿਆਸ ਦੇ ਇਲਾਕੇ ਵਿਚੋਂ। ਬਾਕੀ 20 ਮੈਂਬਰਾਂ ਦੀਆਂ ਨਾਮਜ਼ਦਗੀਆਂ ਹੇਠ ਲਿਖੇ ਅਨੁਸਾਰ ਕਰਨੀਆਂ ਤੈਅ ਹੋਈਆਂ ਸਨ. ਕਾਲਜ ਦੇ ਤਿੰਨ ਸਾਲ ਤੋਂ ਪੁਰਾਣੇ ਗ੍ਰੈਜੂਏਟਾਂ ਵਿਚੋਂ 7, ਸਿੱਖ ਕਾਲਜਾਂ (ਖ਼ਾਲਸਾ ਕਾਲਜ ਛੱਡ ਕੇ) ਅਤੇ ਸਿੱਖ ਹਾਈ ਸਕੂਲਾਂ ਵਲੋਂ 4, ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਲੋਂ 3, ਸਿੱਖ ਐਜੂਕੇਸ਼ਨਲ ਕਮੇਟੀ ਖ਼ਾਲਸਾ ਦੀਵਾਨ ਵਲੋਂ 3, ਸਿੱਖ ਲੀਗ ਵਲੋਂ 3, ਕੌਂਸਲ ਆਪਣੇ ਮੈਂਬਰਾਂ ਵਿਚੋਂ ਪ੍ਰਧਾਨ, ਉਪ-ਪ੍ਰਧਾਨ ਅਤੇ ਆਨਰੇਰੀ ਸਕੱਤਰ ਚੁਣੇਗੀ। ਕੌਂਸਲ ਦਾ ਕੋਈ ਤਨਖਾਹਦਾਰ ਮੈਂਬਰ ਨਾ ਬਣਾਉਣ ਦਾ ਫ਼ੈਸਲਾ ਵੀ ਹੋਇਆ। ਪ੍ਰਬੰਧਕ ਕਮੇਟੀ ਦੇ 26 ਮੈਂਬਰ ਹੋਣਗੇ, ਜਿਨ੍ਹਾਂ ਵਿਚ ਕੌਂਸਲ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸਕੱਤਰ ਵੀ ਸ਼ਾਮਿਲ ਹੋਣਗੇ। ਰਿਆਸਤਾਂ ਵਿਚੋਂ 13 ਮੈਂਬਰ ਹੇਠ ਲਿਖੇ ਅਨੁਸਾਰ ਲੈਣੇ ਨਿਸਚਿਤ ਹੋਏਪਟਿਆਲਾ ਤੋਂ 5, ਜੀਂਦ, ਨਾਭਾ, ਫ਼ਰੀਦਕੋਟ, ਕਪੂਰਥਲਾ ਤੋਂ 2-2, ਬਾਕੀ ਰਹਿੰਦੇ ਮੈਂਬਰ ਬਰਤਾਨਵੀ ਜ਼ਿਲ੍ਹਿਆਂ ਵਿਚੋਂ ਸਨ।