ਭਾਰਤੀ ਅਦਾਰਿਆਂ 'ਚ ਵਧ ਰਹੀ ਚੀਨੀ ਦਖ਼ਲ ਦੇ ਡਰੋਂ ਭਾਰਤ ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ ਸਬੰਧੀ ਨਿਯਮ ਬਦਲੇ

ਭਾਰਤੀ ਅਦਾਰਿਆਂ 'ਚ ਵਧ ਰਹੀ ਚੀਨੀ ਦਖ਼ਲ ਦੇ ਡਰੋਂ ਭਾਰਤ ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ ਸਬੰਧੀ ਨਿਯਮ ਬਦਲੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਨੇ ਬੀਤੇ ਕੱਲ੍ਹ ਨਵਾਂ ਫੈਂਸਲਾ ਲੈਂਦਿਆਂ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ) ਦੀਆਂ ਨੀਤੀਆਂ ਵਿਚ ਕੁੱਝ ਤਬਦੀਲੀਆਂ ਕੀਤੀਆਂ ਹਨ ਜਿਹਨਾਂ ਮੁਤਾਬਕ ਹੁਣ ਭਾਰਤ ਦੀ ਸਰਹੱਦ ਨਾਲ ਲਗਦੇ ਕਿਸੇ ਵੀ ਮੁਲਕ ਤੋਂ ਭਾਰਤ ਦੀ ਕਿਸੇ ਘਰੇਲੀ ਕੰਪਨੀ ਵਿਚ ਆਉਣ ਵਾਲੇ ਨਿਵੇਸ਼ ਲਈ ਸਰਕਾਰੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਇਹ ਫੈਂਸਲਾ ਚੀਨ ਦੀ ਦਖਲ ਦੇ ਡਰੋਂ ਲਿਆ ਗਿਆ ਦੱਸਿਆ ਜਾ ਰਿਹਾ ਹੈ। 

ਦੱਸ ਦਈਏ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਸਮੇਂ ਮਾੜੀ ਆਰਥਿਕ ਸਥਿਤੀ ਦਾ ਸਾਹਮਣੇ ਕਰ ਰਹੀਆਂ ਕਈ ਕੰਪਨੀਆਂ ਵਿਚ ਚੀਨੀ ਕੰਪਨੀਆਂ ਆਪਣਾ ਨਿਵੇਸ਼ ਕਰ ਰਹੀਆਂ ਹਨ। ਕੁੱਝ ਦਿਨ ਪਹਿਲਾਂ ਹੀ ਚੀਨ ਦੇ ਇਕ ਬੈਂਕ ਨੇ ਭਾਰਤ ਦੇ ਐਚਡੀਐਫਸੀ ਬੈਂਕ ਵਿਚ ਹਿੱਸੇਦਾਰੀ ਖਰੀਦੀ ਹੈ। ਐਚਡੀਐਫਸੀ ਭਾਰਤ ਦਾ ਦੂਜਾ ਸਭ ਤੋਂ ਵੱਡਾ ਪ੍ਰਾਈਵੇਟ ਬੈਂਕ ਹੈ। 

ਇਸ ਤੋਂ ਪਹਿਲਾਂ ਇਹ ਨੀਤੀ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਬੰਧ ਵਿਚ ਸੀ, ਜੋ ਹੁਣ ਭਾਰਤ ਦੀ ਸਰਹੱਦ ਨਾਲ ਲਗਦੇ ਬਾਕੀ ਸਾਰੇ ਮੁਲਕਾਂ ਚੀਨ, ਨੇਪਾਲ, ਭੂਟਾਨ, ਮਿਆਂਮਾਰ ਅਤੇ ਅਫ਼ਗਾਨਿਸਤਾਨ 'ਤੇ ਵੀ ਲਾਗੂ ਹੋਵੇਗੀ। ਰੱਖਿਆ, ਪੁਲਾੜ, ਪਰਮਾਣੂ ਊਰਜਾ, ਊਰਜਾ ਅਤੇ ਕੁਝ ਹੋਰ ਖੇਤਰਾਂ ’ਚ ਵਿਦੇਸ਼ੀ ਨਿਵੇਸ਼ ’ਤੇ ਪਾਬੰਦੀ ਹੈ।

ਸਨਅਤ ਅਤੇ ਅੰਦਰੂਨੀ ਵਪਾਰ ਤਰੱਕੀ ਬਾਰੇ ਵਿਭਾਗ ਨੇ ਦੱਸਿਆ ਕਿ ਭਾਰਤ ’ਚ ਹੋਣ ਵਾਲੇ ਕਿਸੇ ਨਿਵੇਸ਼ ਦੇ ਲਾਭਪਾਤਰੀ ਵੀ ਜੇਕਰ ਇਨ੍ਹਾਂ ਮੁਲਕਾਂ ਤੋਂ ਹੋਣਗੇ ਜਾਂ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਹੋਣਗੇ ਤਾਂ ਅਜਿਹੇ ਨਿਵੇਸ਼ ਲਈ ਵੀ ਸਰਕਾਰੀ ਮਨਜ਼ੂਰੀ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਵਿਡ-19 ਮਹਾਮਾਰੀ ਕਾਰਨ ਭਾਰਤੀ ਕੰਪਨੀਆਂ ਨੂੰ ਐਕੁਆਇਰ ਕਰਨ ਦੇ ਮੌਕਿਆਂ ’ਤੇ ਨੱਥ ਪਾਉਣ ਲਈ ਐੱਫਡੀਆਈ ਨੀਤੀ ’ਚ ਸੋਧ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਕਿਸੇ ਕੰਪਨੀ ਦੀ ਮਾਲਕੀ ਤਬਦੀਲ ਕਰਨ ਦੇ ਮਾਮਲਿਆਂ ’ਚ ਵੀ ਸਰਕਾਰ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ।

ਕਾਂਗਰਸ ਵੱਲੋਂ ਸਰਕਾਰ ਦੇ ਫੈਂਸਲੇ ਦਾ ਸਮਰਥਨ
ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਸਰਕਾਰ ਦੇ ਇਸ ਫੈਂਸਲੇ ਦਾ ਸਮਰਥਨ ਕਰਦਿਆਂ ਧੰਨਵਾਦ ਕੀਤਾ ਹੈ। ਰਾਹੁਲ ਨੇ ਟਵਿਟਰ ’ਤੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਚਿਤਾਵਨੀ ਦਾ ਨੋਟਿਸ ਲੈਣ ’ਤੇ ਉਹ ਧੰਨਵਾਦੀ ਹਨ। ਉਨ੍ਹਾਂ 12 ਅਪਰੈਲ ਨੂੰ ਇਹ ਮੁੱਦਾ ਉਠਾਉਂਦਿਆਂ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਆਰਥਿਕ ਮੰਦੀ ਦੌਰਾਨ ਘਾਟੇ ’ਚ ਜਾਣ ਵਾਲੀਆਂ ਕੁਝ ਭਾਰਤੀ ਕੰਪਨੀਆਂ ਨੂੰ ਵਿਦੇਸ਼ੀ ਕੰਪਨੀਆਂ ਆਪਣੇ ਹੱਥਾਂ ’ਚ ਲੈ ਸਕਦੀਆਂ ਹਨ ਜਿਸ ਨੂੰ ਰੋਕੇ ਜਾਣ ਦੀ ਲੋੜ ਹੈ। ਉਨ੍ਹਾਂ ਇਹ ਚਿਤਾਵਨੀ ਉਸ ਸਮੇਂ ਦਿੱਤੀ ਸੀ ਜਦੋਂ ਪੀਪਲਜ਼ ਬੈਂਕ ਆਫ਼ ਚੀਨ ਨੇ ਐੱਚਡੀਐੱਫਸੀ ’ਚ ਨਿਵੇਸ਼ ਕੀਤਾ ਸੀ ਅਤੇ ਇਕ ਫਾਇਨਾਂਸ ਕੰਪਨੀ ਦਾ ਹਿੱਸਾ ਖ਼ਰੀਦਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।