ਭਾਰਤ ਦੀਆਂ ਖੂਫੀਆ ਏਜੰਸੀਆਂ 'ਤੇ ਕੈਨੇਡਾ ਦੀ ਰਾਜਨੀਤੀ ਵਿਚ ਗੁਪਤ ਪ੍ਰਭਾਵ ਪਾਉਣ ਦਾ ਦੋਸ਼: ਰਿਪੋਰਟ

ਭਾਰਤ ਦੀਆਂ ਖੂਫੀਆ ਏਜੰਸੀਆਂ 'ਤੇ ਕੈਨੇਡਾ ਦੀ ਰਾਜਨੀਤੀ ਵਿਚ ਗੁਪਤ ਪ੍ਰਭਾਵ ਪਾਉਣ ਦਾ ਦੋਸ਼: ਰਿਪੋਰਟ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੀਆਂ ਖੂਫੀਆ ਏਜੰਸੀਆਂ ਵੱਲੋਂ ਪੈਸੇ ਅਤੇ ਗਲਤ ਜਾਣਕਾਰੀ ਦੀ ਵਰਤੋਂ ਕਰਕੇ ਕੈਨੇਡੀਅਨ ਰਾਜਨੀਤਕ ਲੋਕਾਂ ਨੂੰ ਆਪਣੇ ਪ੍ਰਭਾਵ ਵਿਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਕੈਨੇਡਾ ਦੇ ਗਲੋਬਲ ਨਿਊਜ਼ ਅਖਬਾਰ ਹੱਥ ਲੱਗੇ ਕੁੱਝ ਅਹਿਮ ਦਸਤਾਵੇਜਾਂ ਵਿਚ ਹੋਇਆ ਹੈ।

ਇਹਨਾਂ ਦਸਤਾਵੇਜਾਂ ਦੇ ਅਧਾਰ 'ਤੇ ਅਖਬਾਰ ਵੱਲੋਂ ਛਾਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਸੂਹੀਆ ਏਜੰਸੀਆਂ ਦੇ ਇਹਨਾਂ ਕੋਝੇ ਯਤਨਾਂ ਨੇ ਕੈਨੇਡੀਅਨ ਸੁਰੱਖਿਆ ਅਮਲੇ ਨੂੰ ਫਿਕਰਮੰਦ ਕੀਤਾ ਹੈ। ਕੈਨੇਡੀਅਨ ਸੁਰੱਖਿਆ ਅਮਲੇ ਮੁਤਾਬਕ ਦੋ ਮੁੱਖ ਭਾਰਤੀ ਏਜੰਸੀਆਂ ਨੇ ਭਾਰਤੀ ਨਾਗਰਿਕ ਨੂੰ ਇਹ ਕੰਮ ਦਿੱਤਾ ਸੀ ਕਿ ਉਹ ਕੈਨੇਡੀਅਨ ਰਾਜਨੀਤਕਾਂ ਨੂੰ ਕੈਨੇਡਾ ਵਿਚ ਭਾਰਤੀ ਹਿੱਤਾਂ ਦਾ ਸਮਰਥਨ ਕਰਨ ਲਈ ਮਨਾਵੇ। 

ਦਸਤਾਵੇਜ ਮੁਤਾਬਕ ਇਸ ਪਿੱਛੇ ਰਾਅ (RAW) ਅਤੇ ਆਈਬੀ (IB) ਦਾ ਹੱਥ ਹੈ, ਜਿਹਨਾਂ ਇਹ ਆਪਰੇਸ਼ਨ 2009 ਵਿਚ ਸ਼ੁਰੂ ਕੀਤਾ ਸੀ। ਇਹੋ ਦੇਵੇਂ ਭਾਰਤ ਦੀਆਂ ਖੂਫੀਆ ਏਜੰਸੀਆਂ ਹਨ।

ਕਿਵੇਂ ਹੋਇਆ ਅਪ੍ਰੇਸ਼ਨ ਦਾ ਖੁਲਾਸਾ?
ਕੈਨੇਡਾ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨ ਦੀ ਇਸ ਵਿਦੇਸ਼ੀ ਕੋਸ਼ਿਸ਼ ਦਾ ਖੁਲਾਸਾ ਇਕ ਅਦਾਲਤੀ ਮੁਕੱਦਮੇ ਦੇ ਦਸਤਾਵੇਜਾਂ ਵਿਚ ਹੋਇਆ। ਇਹ ਕੇਸ ਇਕ ਭਾਰਤੀ ਨਾਗਰਿਕ ਨਾਲ ਸਬੰਧਿਤ ਸੀ ਜਿਸ 'ਤੇ ਕੈਨੇਡੀਅਨ ਸੁਰੱਖਿਆ ਅਮਲੇ ਨੇ ਜਾਸੂਸੀ ਦਾ ਦੋਸ਼ ਲਾਇਆ ਸੀ। 

ਅਦਾਲਤੀ ਕਾਗਜ਼ਾਂ ਵਿਚ ਇਸ ਭਾਰਤੀ ਨਾਗਰਿਕ ਦੀ ਪਛਾਣ "ਏ.ਬੀ" ਵਜੋਂ ਲਿਖੀ ਗਈ ਹੈ ਤੇ ਇਹ ਕਿਸੇ ਭਾਰਤੀ ਅਖਬਾਰ ਦਾ ਮੁੱਖ ਸੰਪਾਦਕ ਹੈ ਜਿਸਦੀ ਪਤਨੀ ਅਤੇ ਪੁੱਤਰ ਕੈਨੇਡੀਅਨ ਨਾਗਰਿਕ ਹਨ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਇਸ ਬੰਦੇ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਪਿਛਲੇ 6 ਸਾਲਾਂ ਵਿਚ 25 ਤੋਂ ਵੱਧ ਵਾਰ ਭਾਰਤੀ ਇੰਟੈਲੀਜੈਂਸ ਨਾਲ ਸੰਪਰਕ ਵਿਚ ਆਇਆ ਤੇ ਆਖਰੀ ਵਾਰ ਦਾ ਸੰਪਰਕ ਮਈ 2015 ਦਾ ਦੱਸਿਆ ਗਿਆ ਹੈ। ਇਸ ਤੋਂ ਇਕ ਮਹੀਨਾ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦਾ ਦੌਰਾ ਕੀਤਾ ਸੀ। 

ਸਬੰਧਿਤ ਵਿਅਕਤੀ ਨੇ ਲੱਗੇ ਦੋਸ਼ ਨਕਾਰੇ
ਕੈਨੇਡੀਅਨ ਸੁਰੱਖਿਆ ਅਮਲੇ ਵੱਲੋਂ ਰਡਾਰ 'ਤੇ ਲਏ ਗਏ ਇਸ ਭਾਰਤੀ ਨਾਗਰਿਕ ਨੇ ਉਸ 'ਤੇ ਲੱਗੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਕਿ ਉਹ ਭਾਰਤੀ ਏਜੰਸੀਆਂ ਦੇ ਹੈਂਡਲਰਸ ਲਈ ਲੁੱਕ ਕੇ ਕੰਮ ਕਰਦਾ ਸੀ। ਉਸਦਾ ਕਹਿਣਾ ਹੈ ਕਿ ਭਾਰਤੀ ਇੰਟੈਲੀਜੈਂਸ ਨਾਲ ਉਸਦੀਆਂ ਮੁਲਾਕਾਤਾਂ ਇਕ ਸੰਪਾਦਕ ਬਤੌਰ ਹੀ ਹੋਈਆਂ।

ਭਾਰਤੀ ਇੰਟੈਲੀਜੈਂਸ ਵੱਲੋਂ ਪੇਸ਼ਕਸ਼ ਮੰਨੀ
ਅਦਾਲਤ ਮੁਤਾਬਕ ਕੰਮ ਕਰਨ ਦੇ ਲੱਗੇ ਦੋਸ਼ ਨਕਾਰਨ ਦੇ ਬਾਵਜੂਦ ਇਸ ਬੰਦੇ ਨੇ ਇਹ ਜ਼ਰੂਰ ਮੰਨਿਆ ਹੈ ਕਿ ਉਸਨੂੰ ਆਈਬੀ ਅਤੇ ਰਾਅ ਨੇ ਉਹਨਾਂ ਲਈ ਕੰਮ ਕਰਨ ਵਾਸਤੇ ਕਿਹਾ ਸੀ। ਉਸਨੇ ਕਿਹਾ ਕਿ ਏਜੰਸੀਆਂ ਵੱਲੋਂ ਉਸ ਨੂੰ ਅਣਐਲਾਨੇ ਲੋਬਿਸਟ ਜਾਂ ਡਿਪਲੋਮੈਟ ਬਤੌਰ ਕੰਮ ਕਰਨ ਲਈ ਕਿਹਾ ਗਿਆ ਸੀ। 

ਇਸ ਬੰਦੇ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਅਫਸਰ ਵੱਲੋਂ ਭੇਜੀ ਚਿੱਠੀ ਵਿਚ ਕਿਹਾ ਗਿਆ ਹੈ, "ਤੁਸੀਂ ਦੱਸਿਆ ਹੈ ਕਿ ਰਾਅ ਵੱਲੋਂ ਤੁਹਾਨੂੰ ਭਾਰਤ ਸਰਕਾਰ ਦੇ ਕੰਮ ਵਜੋਂ ਕੈਨਡੀਅਨ ਸਰਕਾਰ ਦੇ ਨੁਮਾਂਇੰਦਿਆਂ ਅਤੇ ਏਜੰਸੀਆਂ ਨੂੰ ਗੁਪਤ ਤੌਰ 'ਤੇ ਪ੍ਰਭਾਵਤ ਕਰਨ ਦਾ ਕੰਮ ਦਿੱਤਾ ਗਿਆ ਸੀ।" 

ਚਿੱਠੀ ਵਿਚ ਅੱਗੇ ਕਿਹਾ ਗਿਆ, "ਤੁਸੀਂ ਦੱਸਿਆ ਹੈ ਕਿ ਤੁਹਾਨੂੰ ਕੁੱਝ ਕਾਕੇਸ਼ੀਅਨ ਰਾਜਨਤੀਕ ਆਗੂਆਂ ਦੀ ਨਿਸ਼ਾਨਦੇਹੀ ਕਰਨ ਅਤੇ ਉਹਨਾਂ ਨੂੰ ਭਾਰਤ ਨੂੰ ਪ੍ਰਭਾਵਤ ਕਰਨ ਵਾਲੇ ਮਸਲਿਆਂ ਦਾ ਸਮਰਥਨ ਕਰਨ ਵਾਸਤੇ ਮਨਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਸੀ।"

"ਤੁਸੀਂ ਦੱਸਿਆ ਹੈ ਕਿ ਰਾਅ ਦੀਆਂ ਹਦਾਇਤਾਂ ਵਿਚ ਤੁਹਾਨੂੰ ਕਿਹਾ ਗਿਆ ਸੀ ਕਿ ਰਾਜਨੀਤਕ ਲੋਕਾਂ 'ਤੇ ਪ੍ਰਭਾਵ ਸਥਾਪਤ ਕਰਨ ਲਈ ਤੁਹਾਨੂੰ ਉਹਨਾਂ ਨੂੰ ਪੈਸਾ ਅਤੇ ਪ੍ਰੋਪੇਗੰਡਾ ਸਮਗਰੀ ਮੁਹੱਈਆ ਕਰਵਾਉਣੀ ਹੋਵੇਗੀ।"

ਭਾਰਤੀ ਇੰਟੈਲੀਜੈਂਸ ਕੀ ਹਾਸਲ ਕਰਨਾ ਚਾਹੁੰਦੀ ਸੀ!
ਇਸ ਰਿਪੋਰਟ ਮੁਤਾਬਕ ਭਾਰਤੀ ਇੰਟੈਲੀਜੈਂਸ ਕੈਨੇਡਾ ਦੀ ਰਾਜਨੀਤੀ ਵਿਚ ਸਥਾਪਤ ਹੋ ਚੁੱਕੀ ਸਿੱਖ ਲਾਬੀ ਨੂੰ ਤੋੜਨਾ ਚਾਹੁੰਦੀ ਹੈ। ਇਹ ਸਿੱਖ ਲਾਬੀ ਭਾਰਤ ਵਿਚ ਸਿੱਖਾਂ ਦੇ ਹੋਏ ਕਤਲੇਆਮ ਖਿਲਾਫ ਅਤੇ ਸਿੱਖ ਹੱਕਾਂ ਲਈ ਲਗਾਤਾਰ ਅਵਾਜ਼ ਚੁੱਕਦੀ ਆ ਰਹੀ ਹੈ ਜਿਸ ਨਾਲ ਭਾਰਤ ਸਰਕਾਰ ਦੇ ਹਿੱਤਾਂ ਨੂੰ ਸੱਟ ਵੱਜਦੀ ਹੈ ਅਤੇ ਦੁਨੀਆ ਵਿਚ ਉਸਦੇ ਅਕਸ ਬਾਰੇ ਨਕਾਰਤਾਮਕਤਾ ਫੈਲਦੀ ਹੈ। ਉਸ ਲਈ ਇਹ ਸਿੱਖ ਲਾਬੀ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ 

ਇਸ ਤੋਂ ਇਲਾਵਾ ਭਾਰਤ ਵੱਲੋਂ ਲਗਾਤਾਰ ਕਸ਼ਮੀਰ ਦੇ ਮਸਲੇ 'ਤੇ ਅਤੇ ਪਾਕਿਸਤਾਨ ਬਾਰੇ ਆਪਣੇ ਨੈਰੇਟਿਵ ਨੂੰ ਸਥਾਪਤ ਕਰਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਕੈਨੇਡਾ ਦੇ ਰਾਜਨੀਤਕ ਆਗੂ ਉਹਨਾਂ ਦੇ ਸੁਰ ਵਿਚ ਸੁਰ ਮਿਲਾਉਣ ਜਿਸ ਨਾਲ ਵਿਰੋਧੀ ਦੇਸ਼ 'ਤੇ ਕੌਮਾਂਤਰੀ ਦਬਾਅ ਬਣਿਆ ਰਹੇ। 

ਕਨਿਸ਼ਕ ਕਾਂਡ ਬਾਰੇ ਮੁੜ ਚਰਚਾ
ਇਸ ਰਿਪੋਰਟ ਦੇ ਸਾਹਮਣੇ ਆਉਣ ਨਾਲ ਕੈਨੇਡਾ ਵਿਚ ਭਾਰਤੀ ਏਜੰਸੀਆਂ ਦੇ ਪ੍ਰਭਾਵ ਦੇ ਪੁਰਾਣੇ ਕਿੱਸਿਆਂ ਦੀ ਮੁੜ ਚਰਚਾ ਸ਼ੁਰੂ ਹੋ ਗਈ ਹੈ। 1985 ਵਿਚ ਏਅਰ ਇੰਡੀਆ ਜਹਾਜ਼ ਧਮਾਕੇ ਵਿਚ ਜਿੱਥੇ ਖਾਲਿਸਤਾਨੀ ਜਥੇਬੰਦੀਆਂ ਨੂੰ ਜੋੜਿਆ ਜਾਂਦਾ ਹੈ ਉੱਥੇ ਇਹ ਵਿਚਾਰ ਵੀ ਵੱਡੇ ਪੱਧਰ 'ਤੇ ਸਥਾਪਤ ਹੈ ਕਿ ਇਸ ਹਾਦਸੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਸੀ। 

ਇਸ ਧਮਾਕੇ ਨਾਲ ਜੋੜੇ ਗਏ ਕੈਨੇਡੀਅਨ ਨਾਗਰਿਕ ਰਿਪੁਦਮਨ ਸਿੰਘ ਮਲਿਕ ਦਾ ਪਿਛਲੇ ਸਾਲ ਸਤੰਬਰ ਮਹੀਨੇ ਦਿੱਲੀ ਦੌਰਾ ਵੀ ਕਈ ਸਵਾਲਾਂ ਦੇ ਜਵਾਬ ਮੰਗਦਾ ਹੈ। ਬਹੁਚਰਚਿਤ ਕਨਿਸ਼ਕਾ ਕਾਂਡ ਦਾ ਦੋਸ਼ ਭਾਰਤੀ ਏਜੰਸੀਆਂ ਸਿੱਖਾਂ ਦੇ ਸਿਰ ਲਾਉਂਦੀਆਂ ਰਹੀਆਂ ਹਨ ਅਤੇ ਹਮੇਸ਼ਾ ਰਿਪੁਦਮਨ ਸਿੰਘ ਮਲਿਕ ਨੂੰ ਉਸਦਾ ਦੋਸ਼ੀ ਕਹਿ ਭੰਡਦੀਆਂ ਰਹੀਆਂ ਹਨ ਪਰ ਸੁਆਲ ਇਹ ਉੱਠਦਾ ਹੈ ਕਿ ਭਾਈ ਮਲਿਕ ਨੂੰ ਵੀਜ਼ਾ ਕਿਉਂ ਤੇ ਕਿਵੇਂ ਮਿਲਿਆ? ਜਦੋਂ ਕਿ ਦਰਬਾਰ ਸਾਹਿਬ ਹਮਲੇ ਦੇ ਸੰਬੰਧ ਵਿੱਚ ਹਰ ਸਾਲ ਜੂਨ ਮਹੀਨੇ ਵਿਦੇਸ਼ਾਂ ਵਿਚ ਭਾਰਤੀ ਦੂਤਘਰਾਂ ਬਾਹਰ ਮੁਜ਼ਾਹਰਾ ਕਰਨ ਵਾਲ਼ਿਆਂ ਨੂੰ ਵੀ ਭਾਰਤ ਦੇ ਵੀਜ਼ੇ ਨਹੀਂ ਮਿਲਦੇ। 

ਰਿਪੁਦਮਨ ਸਿੰਘ ਮਲਿਕ

ਫੇਰ ਰਿਪੂਦਮਨ ਸਿੰਘ ਮਲਿਕ ਨੇ ਆਰਾਮ ਨਾਲ ਉੱਥੇ ਗੇੜੇ ਦਿੱਤੇ ਅਤੇ ਕਿਸੇ ਮੀਡੀਏ ਨੇ ਭਾਰਤ ਨੂੰ ਇਸ ਕੰਮ ਲਈ ਨਹੀਂ ਭੰਡਿਆ ਤੇ ਨਾਂ ਕਿਸੇ ਨੇ ਇਸਨੂੰ ਕੋਈ ਮੁੱਦਾ ਬਣਾਇਆ। ਇਸਦੇ ਉਲਟ ਰਿਪੁਦਮਨ ਸਿੰਘ ਮਲਿਕ ਦੀ ਇੱਕ ਦੋ ਮੀਡੀਆ ਅਦਾਰਿਆਂ ਨਾਲ ਇੰਟਰਵਿਊ ਵੀ ਹੋਈ ਪਰ ਇਹਨਾਂ ਵਿਚ ਉਸਨੂੰ ਕਨਿਸ਼ਕਾ ਦੀ ਗੱਲ ਵਿੱਚ ਉਧੇੜਨ ਦੀ ਬਜਾਏ ਖਾਲਿਸਤਾਨ ਦਾ ਭਗੌੜਾ ਤੇ ਮੋਦੀ ਭਗਤ ਪੇਸ਼ ਕੀਤਾ ਗਿਆ ਜਦੋਂ ਕਿ ਰਿਪੁਦਮਨ ਸਿੰਘ ਮਲਿਕ ਤਾਂ ਕਦੇ ਕਿਸੇ ਖਾਲਿਸਤਾਨੀ ਜੱਥੇਬੰਦੀ ਦਾ ਮੈਂਬਰ ਰਿਹਾ ਹੀ ਨਹੀਂ ਸੀ। ਰਿਪੁਦਮਨ ਸਿੰਘ ਮਲਿਕ ਨੂੰ ਅਮਰੀਕਾ ਨੇ ਨੋ ਫਲਾਈ ਜ਼ੋਨ ਸੂਚੀ ਵਿਚ ਪਾਇਆ ਹੋਇਆ ਸੀ ਅਤੇ ਕੈਨੇਡਾ ਤੋਂ ਭਾਰਤ ਆਉਣ ਲਈ ਅਮਰੀਕਾ ਰਾਹੀਂ ਲੰਘਣ ਤੋਂ ਬਿਨ੍ਹਾ ਕੋਈ ਹੋਰ ਰਾਹ ਨਹੀਂ। ਅੰਮ੍ਰਿਤਸਰ ਟਾਈਮਜ਼ ਦੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਮਰੀਕਾ ਸਰਕਾਰ ਨੂੰ ਕਹਿ ਕੇ ਰਿਪੁਦਮਨ ਸਿੰਘ ਮਲਿਕ ਨੂੰ ਇਸ ਨੋ ਫਲਾਈ ਜ਼ੋਨ ਸੂਚੀ ਵਿਚੋਂ ਕਢਵਾਇਆ ਗਿਆ ਅਤੇ ਉਹਨਾਂ ਦੀ ਦਿੱਲੀ ਦੇ ਸਰਕਾਰੀ ਦਫਤਰਾਂ ਵਿਚ ਆਉ ਭਗਤ ਹੋਈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।