ਬਾਬਾ ਰਾਮਦੇਵ ਦਾ ਨਵਾਂ ਡਰਾਮਾ

ਬਾਬਾ ਰਾਮਦੇਵ ਦਾ ਨਵਾਂ ਡਰਾਮਾ

*ਬਲੈਕ, ਯੈਲੋ ਤੇ ਵ੍ਹਾਈਟ ਫੰਗਸ ਦੀ ਦੇਸੀ ਦਵਾ ਲਿਆਉਣ ਦਾ ਕੀਤਾ ਦਾਅਵਾ 

* ਬਾਬੇ ਨੇ ਆਪਣਾ ਕਾਰੋਬਾਰ ਚਮਕਾਉਣ ਲਈ ਐਲੋਪੈਥੀ ਵਿਰੁਧ ਮੋਰਚਾ ਖੋਲਿਆ , ਆਈ ਐਮਏ ਤੇ ਫਾਰਮਾ ਕੰਪਨੀਆਂ ਨੂੰ ਖੁੱਲ੍ਹੀ ਚਿੱਠੀ ਜਾਰੀ ਕਰ ਕੇ ਦਾਗੇ  25 ਸਵਾਲ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਹਰਿਦੁਆਰ - ਪਤੰਜਲੀ ਯੋਗ ਪੀਠ ਵਲੋਂ ਦਾਅਵਾ ਕੀਤਾ ਹੈ ਕਿ ਬਲੈਕ, ਯੈਲੋ ਅਤੇ ਵ੍ਹਾਈਟ ਫੰਗਸ ਦੀ ਆਯੁਰਵੈਦਿਕ ਦਵਾਈ ਤਿਆਰ ਕਰ ਲਈ ਗਈ ਹੈ। ਇਹ ਦਵਾਈ ਇਕ ਹਫ਼ਤੇ ਬਾਅਦ ਲਾਂਚ ਕੀਤੀ ਜਾਵੇਗੀ। ਬਾਬਾ ਰਾਮਦੇਵ ਨੇ ਆਪਣੇ ਫੇਸਬੁੱਕ ਪੇਜ ’ਤੇ ਇਕ ਵੀਡੀਓ ਸਾਂਝੀ ਕਰ ਕੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਵਾਈਆਂ ਬਣਾਉਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਰਾਮਦੇਵ ਨੇ ਕਿਹਾ ਕਿ ਇਕ ਹੋਰ ਖੋਜ ਕੀਤੀ ਗਈ ਹੈ। ਵੈਕਸੀਨੇਸ਼ਨ ਤੋਂ ਬਾਅਦ ਕੋਰੋਨਿਲ ਖਾਣ ਨਾਲ ਸਿਰੋ ਕਨਵਰਜ਼ਨ ਰੇਟ ਤੇ ਐਂਟੀ-ਬਾਡੀ ਬਣਨਾ 3 ਗੁਣਾ ਵਧ ਜਾਂਦਾ ਹੈ। ਅਸੀਂ ਇਕ ਹਜ਼ਾਰ ਤੋਂ ਵੱਧ ਖੋਜਾਂ ਕਰ ਚੁੱਕੇ ਹਾਂ। ਹੁਣ ਤਕ ਲੋਕ ਆਯੁਰਵੇਦ ਨੂੰ ਚੂਰਨ-ਚਟਨੀ ਸਮਝਦੇ ਸਨ। ਵੈਕਸੀਨੇਸ਼ਨ ਤੋਂ ਕੁਝ ਲੋਕਾਂ ਨੂੰ ਡਰ ਲਗਦਾ ਹੈ। ਕਿਸੇ ਨੂੰ ਲਗਦਾ ਹੈ ਕਿ ਇਸ ਤੋਂ ਬਾਅਦ ਬੁਖ਼ਾਰ ਹੋ ਜਾਂਦਾ ਹੈ। ਅਜਿਹੇ ਲੋਕ ਤੁਲਸੀ, ਗਲੋਅ ਤੇ ਕੋਰੋਨਿਲ ਲੈਣ।ਰਾਮਦੇਵ ਨੇ ਕਿਹਾ,‘‘ਕੋਰੋਨਿਲ ਸਮੇਤ ਪਤੰਜਲੀ ਦੀਆਂ ਸਾਰੀਆਂ ਦਵਾਈਆਂ ਵਿਗਿਆਨਕ ਖੋਜ ਤੋਂ ਬਾਅਦ ਤਿਆਰ ਕੀਤੀਆਂ ਗਈਆਂ ਹਨ। 

ਬਾਬਾ ਰਾਮਦੇਵ  ਐਲੋਪੈਥੀ ਨੂੰ  ਕਰ ਰਿਹਾ ਬਦਨਾਮ  

 ਐਲੋਪੈਥੀ ਤੇ ਐਲੋਪੈਥਿਕ ਡਾਕਟਰਾਂ 'ਤੇ ਹੀ ਕੀਤੀ ਗਈ ਯੋਗ ਗੁਰੂ ਬਾਬਾ ਰਾਮਦੇਵ ਦੀ ਟਿੱਪਣੀ ਤੋਂ ਉੱਠਿਆ ਤੂਫ਼ਾਨ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ।   ਉਨ੍ਹਾਂ ਨੇ ਇੱਥੋਂ ਤਕ ਕਿਹਾ ਹੈ ਕਿ ਜੇਕਰ ਐਲੋਪੈਥੀ ਸਰਬਸ਼ਕਤੀਮਾਨ ਤੇ ਸਰਬਗੁਣ ਸੰਪਨ ਹੈ ਤਾਂ ਫਿਰ ਐਲੋਪੈਥੀ ਡਾਕਟਰਾਂ ਨੂੰ ਬਿਮਾਰ ਹੀ ਨਹੀਂ ਹੋਣਾ ਚਾਹੀਦਾ। ਬਾਬੇ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਫਾਰਮਾ ਕੰਪਨੀਆਂ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰ ਕੇ 25 ਸਵਾਲ ਦਾਗੇ ਹਨ। ਬਾਬਾ ਰਾਮਦੇਵ ਦੀ ਟਿੱਪਣੀ ਨਾਲ ਦੇਸ਼ ਭਰ ਦੇ ਐਲੋਪੈਥੀ ਡਾਕਟਰਾਂ 'ਚ ਜ਼ਬਰਦਸਤ ਰੋਹ ਹੈ।  ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਬਾਬਾ ਰਾਮਦੇਵ ਨੂੰ ਪੱਤਰ ਲਿਖ ਕੇ ਸਖ਼ਤ ਸੰਦੇਸ਼ ਵੀ ਦਿੱਤਾ ਸੀ। ਇਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਟਿੱਪਣੀ ਐਲੋਪੈਥੀ ਡਾਕਟਰਾਂ ਦਾ ਮਨੋਬਲ ਤੋੜਨ ਵਾਲੀ ਹੈ। ਪੱਤਰ 'ਚ ਉਨ੍ਹਾਂ ਬਾਬੇ ਦੇ ਕਦਮ ਨਾਲ ਕੋਰੋਨਾ ਖ਼ਿਲਾਫ਼ ਜਾਰੀ ਲੜਾਈ ਕਮਜ਼ੋਰ ਹੋਣ ਦਾ ਖ਼ਦਸ਼ਾ ਵੀ ਜ਼ਾਹਿਰ ਕੀਤਾ ਸੀ। ਇਸ 'ਤੇ ਬਾਬੇ ਨੇ ਅਫ਼ਸੋਸ ਪ੍ਰਗਟਾਇਆ ਤੇ ਅਗਲੇ ਦਿਨ  ਬਾਬਾ ਰਾਮਦੇਵ ਨੇ ਫਿਰ ਤੋਂ ਐਲੋਪੈਥੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਆਈਐੱਮਏ ਤੇ ਫਾਰਮਾ ਕੰਪਨੀਆਂ ਤੋਂ ਪੁੱਛਿਆ ਹੈ ਕਿ ਐਲੋਪੈਥੀ ਕੋਲ ਹਾਈਪਰਟੈਂਸ਼ਨ, ਥਾਇਰਾਇਡ, ਆਰਥਰਾਇਟਸ, ਕੋਲਾਇਟਿਸ, ਅਸਥਮਾ ਤੇ ਲੀਵਰ ਸਿਰੋਸਿਸ ਵਰਗੀਆਂਸ ਗੰਭੀਰ ਬਿਮਾਰੀਆਂ ਦਾ ਸਥਾਈ ਹੱਲ ਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਐਲੋਪੈਥੀ ਨੂੰ ਸ਼ੁਰੂ ਹੋਏ ਦੋ ਸੌ ਸਾਲ ਹੋ ਚੁੱਕੇ ਹਨ। ਇਸੇ ਤਰ੍ਹਾਂ ਫਾਰਮਾ ਇੰਡਸਟਰੀ 'ਤੇ ਸਵਾਲ ਦਾਗਦੇ ਹੋਏ ਉਨ੍ਹਾਂ ਨੇ ਪੁੱਛਿਆ ਕਿ ਕੀ ਉਨ੍ਹਾਂ ਕੋਲ ਮਾਈਗ੍ਰੇਨ ਦਾ ਸਥਾਈ ਹੱਲ ਹੈ ਕਿ ਇਕ ਵਾਰ ਦਵਾਖਾਨੇ 'ਤੇ ਇਹ ਹਮੇਸ਼ਾ ਲਈ ਬੰਦ ਹੋ ਜਾਣ। ਓਹ ਏਨੇ 'ਤੇ ਹੀ ਨਹੀਂ ਰੁਕੇ ਪੁਛਿਆ ਕਿ ਅੱਜ ਆਦਮੀ ਬਹੁਤ ਕਰੂਰ ਹੋ ਰਿਹਾ ਹੈ, ਐਲੋਪੈਥੀ 'ਚ ਇਸ ਨੂੰ ਇਨਸਾਨ ਬਣਾਉਣ ਵਾਲੀ ਕੋਈ ਦਵਾਈ ਹੋਵੇ ਤਾਂ ਦੱਸੇ। ਉਨ੍ਹਾਂ ਨੇ ਪੁੱਛਿਆ ਕਿ ਕੀ ਫਾਰਮਾ ਇੰਡਸਟਰੀ ਕੋਲ ਆਯੁਰਵੇਦ ਤੇ ਐਲੋਪੈਥੀ ਵਿਚਕਾਰ ਝਗੜੇ ਖ਼ਤਮ ਕਰਨ ਦੀ ਦਵਾਈ ਹੈ?  ਨਿਰਪਖ ਹਲਕਿਆਂ ਦਾ ਮੰਨਣਾ ਹੈ ਕਿ ਬਾਬਾ ਰਾਮਦੇਵ ਡਰਾਮੇਬਾਜ ਹੈ।ਉਸਦਾ ਕੋਈ ਪਰੋਡੈਕਟ ਕਾਮਯਾਬ ਨਹੀਂ। ਉਸਦੇ  ਪਰੋਡੈਕਟ ਦੀਆਂ ਸ਼ਿਕਾਇਤ ਮਿਲ ਰਹੀਆਂ ਹਨ।ਉਸ ਦੀ ਕੰਪਨੀ ਪਤੰਜਲੀ ਵਲੋਂ ਜੜੀ-ਬੂਟੀਆਂ ਤੋਂ ਬਣਾਈਆਂ ਦਵਾਈਆਂ ਅਸਲ ਵਿਚ ਕਿੰਨੀਆਂ ਕੁ ਕਾਰਗਰ ਹਨ, ਇਸ ਦਾ ਹਾਲੇ ਤੱਕ ਉਹ ਕੋਈ ਵਿਗਿਆਨਕ ਆਧਾਰ ਪੇਸ਼ ਨਹੀਂ ਕਰ ਸਕੇ ਪਰ ਉਸ ਦੀਆਂ ਇਨ੍ਹਾਂ ਜੜੀ-ਬੂਟੀਆਂ ਤੋਂ ਬਣਾਈਆਂ ਦਵਾਈਆਂ ਦੀ ਵੱਡੀ ਪੱਧਰ 'ਤੇ ਚਰਚਾ ਜ਼ਰੂਰ ਹੁੰਦੀ ਰਹਿੰਦੀ ਹੈ। ਬਿਨਾਂ ਸ਼ੱਕ ਦਵਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਉਤਪਾਦਨ ਕਰਕੇ ਉਸ ਨੇ ਕੁਝ ਦਹਾਕਿਆਂ ਵਿਚ ਹੀ ਆਪਣਾ ਵੱਡਾ ਕਾਰੋਬਾਰ ਚਲਾ ਲਿਆ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਸ ਨੇ ਕੋਰੋਨਿਲ ਨਾਂਅ ਦੀ ਇਕ ਦਵਾਈ ਵੀ ਤਿਆਰ ਕੀਤੀ ਸੀ ਅਤੇ ਇਸ ਨੂੰ ਕੋਰੋਨਾ ਦਾ ਪੂਰਾ ਇਲਾਜ ਵੀ ਕਿਹਾ ਸੀ ਪਰ ਇਸ ਦੇ ਕੋਈ ਪੁਖਤਾ ਸਬੂਤ ਪੇਸ਼ ਨਾ ਕਰ ਸਕਣ ਤੋਂ ਬਾਅਦ ਸਿਹਤ ਮੰਤਰਾਲੇ ਦੇ ਇਤਰਾਜ਼ ਕਰਨ 'ਤੇ ਉਸ ਨੇ ਇਸ ਨੂੰ ਵਾਪਸ ਲੈ ਲਿਆ ਸੀ। ਉਸ ਨੇ ਵਿਸ਼ਵ ਸਿਹਤ ਸੰਗਠਨ ਤੋਂ ਵੀ ਇਸ ਨੂੰ ਮਾਨਤਾ ਮਿਲਣ ਦਾ ਦਾਅਵਾ ਕੀਤਾ ਸੀ ਜੋ ਕਿ ਗ਼ਲਤ ਸਾਬਤ ਹੋਇਆ ਹੈ।

ਬਾਬਾ ਰਾਮਦੇਵ ਨੇ ਐਲੋਪੈਥੀ ਬਾਰੇ ਜੋ ਟਿੱਪਣੀਆਂ ਕੀਤੀਆਂ ਹਨ, ਉਹ ਬੇਹੱਦ ਇਤਰਾਜ਼ਯੋਗ ਹਨ। ਪਹਿਲਾਂ ਵੀ ਉਹ ਵਿਵਾਦਾਂ ਵਿਚ ਘਿਰਦੇ ਰਹੇ ਹਨ ਪਰ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਸਿਆਸੀ ਹੁੰਗਾਰਾ ਮਿਲਦਾ ਰਿਹਾ ਹੈ, ਖ਼ਾਸ ਤੌਰ 'ਤੇ ਭਾਜਪਾ ਦੇ ਕੁਝ ਹਿੱਸਿਆਂ ਵਲੋਂ ਉਨ੍ਹਾਂ ਦੀ ਰੱਜ ਕੇ ਪ੍ਰਸੰਸਾ ਵੀ ਕੀਤੀ ਜਾਂਦੀ ਹੈ ਅਤੇ ਪੁਸ਼ਤ ਪਨਾਹੀ ਵੀ। ਪਰ ਹੁਣ ਜਦੋਂ ਮਹਾਂਮਾਰੀ ਦਾ ਦੌਰ ਹੈ, ਦੁਨੀਆ ਭਰ ਵਿਚ ਕਰੋੜਾਂ ਲੋਕ ਇਸ ਬਿਮਾਰੀ ਦੀ ਜਕੜ ਵਿਚ ਆਏ ਹੋਏ ਹਨ। ਲੱਖਾਂ ਹੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਭਾਰਤ ਵਿਚ ਵੀ ਇਸ ਬਿਮਾਰੀ ਨੇ ਬੇਹੱਦ ਦੁਖਦ ਵਰਤਾਰਾ ਜਾਰੀ ਰੱਖਿਆ ਹੋਇਆ ਹੈ ਅਤੇ ਇਸ ਨੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸਮੇਂ ਵਿਚ ਐਲੋਪੈਥਿਕ ਇਲਾਜ ਪ੍ਰਣਾਲੀ ਅਤੇ ਇਸ 'ਤੇ ਆਧਾਰਿਤ ਸਿਹਤ ਸੰਸਥਾਵਾਂ, ਜਿਨ੍ਹਾਂ ਵਿਚ ਡਾਕਟਰ, ਨਰਸਾਂ ਅਤੇ ਹੋਰ ਸਿਹਤ ਕਰਮੀ ਸ਼ਾਮਿਲ ਹਨ, ਨੇ ਦਿਨ-ਰਾਤ ਇਕ ਕਰਕੇ ਮੌਤ ਦੇ ਮੂੰਹ ਪਈ ਮਾਨਵਤਾ ਨੂੰ ਇਸ 'ਚੋਂ ਕੱਢਣ ਦਾ ਵੱਡਾ ਯਤਨ ਕੀਤਾ ਹੈ। ਆਪਣੇ ਇਨ੍ਹਾਂ ਯਤਨਾਂ ਵਿਚ ਉਹ ਹੁਣ ਤੱਕ ਵੱਡੀ ਹੱਦ ਤੱਕ ਸਫਲ ਵੀ ਹੋਏ ਹਨ। ਕਰੋੜਾਂ ਲੋਕ ਉਨ੍ਹਾਂ ਦੇ ਇਲਾਜ ਨਾਲ ਠੀਕ ਚੁੱਕੇ ਹਨ । ਅਜਿਹੇ ਸਮੇਂ ਵਿਚ ਰਾਮਦੇਵ ਵਰਗੇ ਵਿਅਕਤੀ ਵਲੋਂ ਐਲੋਪੈਥੀ ਨੂੰ ਬਦਨਾਮ ਕਰਨਾ ਅਤੇ ਇਸ ਨੂੰ ਤਮਾਸ਼ਾ, ਬੇਕਾਰ ਅਤੇ ਦਿਵਾਲੀਆ ਇਲਾਜ ਪ੍ਰਣਾਲੀ ਆਦਿ ਨਾਵਾਂ ਨਾਲ ਪੁਕਾਰਨਾ ਅੱਜ ਸੰਕਟ ਦੇ ਮੂੰਹ ਆਏ ਬਿਮਾਰਾਂ ਦਾ ਮਨੋਬਲ ਤੋੜਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ।ਮੋਦੀ ਸਰਕਾਰ ਨੂੰ ਇਸ ਠਗ ਬਾਬੇ ਬਾਰੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।