ਹਮਾਸ ਅਤੇ ਇਜ਼ਰਾਈਲ ਵਿਚਾਲੇ ਔਰਤਾਂ ਦਾ ਵਧ ਹੋਇਆ ਨੁਕਸਾਨ

ਹਮਾਸ ਅਤੇ ਇਜ਼ਰਾਈਲ ਵਿਚਾਲੇ ਔਰਤਾਂ ਦਾ ਵਧ ਹੋਇਆ ਨੁਕਸਾਨ

*ਪਿਛਲੇ ਛੇ ਮਹੀਨਿਆਂ ਦੌਰਾਨ  ਜੰਗ ਵਿੱਚ ਹੁਣ ਤੱਕ 10,000 ਫਲਸਤੀਨੀ ਔਰਤਾਂ ਦੀ ਹੋਈ ਮੌਤ

*ਸੰਯੁਕਤ ਰਾਸ਼ਟਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਏ ਅੰਕੜੇ 

ਹਮਾਸ ਅਤੇ ਇਜ਼ਰਾਈਲ ਵਿਚਾਲੇ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੀ ਜੰਗ ਵਿੱਚ ਹੁਣ ਤੱਕ 10,000 ਫਲਸਤੀਨੀ ਔਰਤਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਔਰਤਾਂ ਵਿੱਚ 6,000 ਮਾਵਾਂ ਵੀ ਸ਼ਾਮਲ ਸਨ। ਇਹ ਅੰਕੜੇ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਏ ਹਨ। ਇਹ ਰਿਪੋਰਟ ਦੱਸਦੀ ਹੈ ਕਿ ਕਿਵੇਂ ਇਨ੍ਹਾਂ ਛੇ ਮਹੀਨਿਆਂ ਨੇ ਔਰਤਾਂ ਅਤੇ ਕੁੜੀਆਂ ਨੂੰ ਬਹੁਤ ਗੰਭੀਰ ਰੂਪ ਵਿੱਚ ਪ੍ਰਭਾਵਿਤ ਕੀਤਾ ਹੈ।ਰਿਪੋਰਟ ਮੁਤਾਬਕ 10 ਲੱਖ ਤੋਂ ਵੱਧ ਫਲਸਤੀਨੀ ਔਰਤਾਂ ਅਤੇ ਲੜਕੀਆਂ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹ ਪੀਣ ਵਾਲੇ ਸਾਫ਼ ਪਾਣੀ ਅਤੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਿਰਵੀਆਂ ਹਨ। ਪੀਰੀਅਡਜ਼ ਦੌਰਾਨ ਇਨ੍ਹਾਂ ਔਰਤਾਂ ਅਤੇ ਲੜਕੀਆਂ ਦੀਆਂ ਚੁਣੌਤੀਆਂ ਹੋਰ ਵੱਧ ਜਾਂਦੀਆਂ ਹਨ।

2022 ਤੱਕ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ 60 ਕਰੋੜ ਔਰਤਾਂ ਅਤੇ ਲੜਕੀਆਂ ਅਜਿਹੇ ਖੇਤਰਾਂ ਵਿੱਚ ਰਹਿੰਦੀਆਂ ਹਨ ਜਿੱਥੇ ਸੰਘਰਸ਼ ਜਾਰੀ ਹੈ। ਜੰਗ ਅਤੇ ਸੰਘਰਸ਼ ਹਰ ਕਿਸੇ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ, ਖਾਸ ਕਰਕੇ ਔਰਤਾਂ ਅਤੇ ਲੜਕੀਆਂ ਨੂੰ। ਯੁੱਧ ਅਤੇ ਸੰਘਰਸ਼ ਔਰਤਾਂ ਲਈ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਮਰਦਾਂ ਨਾਲੋਂ ਵਧੇਰੇ ਚੁਣੌਤੀਆਂ ਲਿਆਉਂਦੇ ਹਨ।ਜੰਗ ਹਿੰਸਾ ਦਾ ਇੱਕ ਰੂਪ ਹੈ ਪਰ ਇਸ ਦੌਰਾਨ ਔਰਤਾਂ ਅਤੇ ਲੜਕੀਆਂ ਨੂੰ ਦੋਹਰੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਯੁੱਧ ਦੌਰਾਨ ਜਿਨਸੀ ਅਤੇ ਲਿੰਗਕ ਹਿੰਸਾ ਦੇ ਮਾਮਲੇ ਵਧਦੇ ਹਨ। ਜੰਗ ਦੌਰਾਨ ਬਲਾਤਕਾਰ ਨੂੰ ਹਮੇਸ਼ਾ ਹਥਿਆਰ ਵਜੋਂ ਵਰਤਿਆ ਜਾਂਦਾ ਰਿਹਾ ਹੈ।

ਰਵਾਂਡਾ ਵਿੱਚ 1994 ਦੇ ਨਸਲਕੁਸ਼ੀ ਦੌਰਾਨ, 250,000 ਤੋਂ 500,000 ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਕੀਤਾ ਗਿਆ ਸੀ। ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਵੀ ਯੂਕਰੇਨ ਦੀਆਂ ਔਰਤਾਂ ਵਿਰੁੱਧ ਜਿਨਸੀ ਹਿੰਸਾ ਦੀਆਂ ਖਬਰਾਂ ਆਈਆਂ ਸਨ। ਇੱਕ ਸੁਤੰਤਰ ਜਾਂਚ ਕਮਿਸ਼ਨ ਨੇ ਸੰਯੁਕਤ ਰਾਸ਼ਟਰ ਨੂੰ ਸੂਚਿਤ ਕੀਤਾ ਸੀ ਕਿ ਯੂਕਰੇਨ ਵਿੱਚ 16 ਤੋਂ 83 ਸਾਲ ਦੀ ਉਮਰ ਦੀਆਂ ਔਰਤਾਂ ਵਿਰੁੱਧ ਜਿਨਸੀ ਹਿੰਸਾ ਹੋਈ ਹੈ।

ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਈਰਾਨ ਵਿਚ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਉੱਥੋਂ ਦੀ ਫੌਜ ਨੇ ਔਰਤਾਂ, ਬੱਚਿਆਂ ਅਤੇ ਮਰਦਾਂ ਖਿਲਾਫ ਬਲਾਤਕਾਰ ਅਤੇ ਯੌਨ ਹਿੰਸਾ ਨੂੰ ਹਥਿਆਰ ਵਜੋਂ ਵਰਤਿਆ ਸੀ। ਮਿਆਂਮਾਰ 'ਵਿਚ ਰੋਹਿੰਗਿਆ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਵੱਡੇ ਪੱਧਰ 'ਤੇ ਜਿਨਸੀ ਹਿੰਸਾ ਦੇ ਮਾਮਲੇ ਵੀ ਸਾਹਮਣੇ ਆਏ ਹਨ।

ਕਿਹਾ ਜਾਂਦਾ ਹੈ ਕਿ ਜੰਗ ਦੌਰਾਨ ਔਰਤ ਹੋਣਾ ਇੱਕ ਸਿਪਾਹੀ ਹੋਣ ਨਾਲੋਂ ਵੀ ਵੱਧ ਖ਼ਤਰਨਾਕ ਸਥਿਤੀ ਹੈ। ਯੁੱਧ ਦੌਰਾਨ ਜਿਨਸੀ ਹਿੰਸਾ ਸਭ ਤੋਂ ਵੱਧ ਦਰਜ ਕੀਤੇ ਗਏ ਅਪਰਾਧਾਂ ਵਿੱਚੋਂ ਇੱਕ ਹੈ। 2008 ਵਿੱਚ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇੱਕ ਮਤਾ ਅਪਣਾਇਆ ਜਿਸ ਵਿੱਚ ਘੋਸ਼ਣਾ ਕੀਤੀ ਗਈ ਕਿ ਯੁੱਧ ਵਿੱਚ ਜਿਨਸੀ ਹਿੰਸਾ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਹੈ।

ਯੁੱਧ ਦੌਰਾਨ ਕੀਤੀ ਗਈ ਜਿਨਸੀ ਹਿੰਸਾ ਅਤੇ ਬਲਾਤਕਾਰ ਨੂੰ ਹੁਣ ਮਨੁੱਖਤਾ ਵਿਰੁੱਧ ਅਪਰਾਧ ਵਜੋਂ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਵਿਚ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲਦੀ। ਇੱਥੋਂ ਤੱਕ ਕਿ ਵੱਡੀ ਗਿਣਤੀ ਵਿੱਚ ਪੀੜਤ ਲੋਕ ਇਸ ਬਾਰੇ ਰਿਪੋਰਟ ਦਰਜ ਕਰਾਉਣ ਦੇ ਸਮਰੱਥ ਨਹੀਂ ਹੁੰਦੇ। ਅਜਿਹੇ ਵਿਚ ਜੋ ਅੰਕੜੇ ਸਾਹਮਣੇ ਆਏ ਉਸ ਤੋਂ ਅਸਲ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ

ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਪ੍ਰਤੀਨਿਧੀ ਪ੍ਰਮਿਲਾ ਪੈਟਨ ਨੇ 2023 ਵਿੱਚ ਕਿਹਾ ਕਿ ਯੁੱਧ ਦੌਰਾਨ ਜਿਨਸੀ ਹਿੰਸਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇਥੋਪੀਆ ਵਿੱਚ ਦੋ ਸਾਲਾਂ ਦੀ ਘਰੇਲੂ ਜੰਗ (2020-2022) ਦੌਰਾਨ 100,000 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ। ਇਸ ਸਮੇਂ ਦੌਰਾਨ, ਤਿਗਾਰੇ ਭਾਈਚਾਰੇ ਦੀਆਂ ਲਗਭਗ 40 ਪ੍ਰਤੀਸ਼ਤ ਔਰਤਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ।ਜਿਨਸੀ ਹਿੰਸਾ ਦੀ ਵਰਤੋਂ ਸ਼ਕਤੀਸ਼ਾਲੀ ਤਾਕਤਾਂ ਦੁਆਰਾ ਹਾਰੇ ਸਮਾਜ ਦੀਆਂ ਔਰਤਾਂ ਅਤੇ ਲੜਕੀਆਂ ਵਿੱਚ ਡਰ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਕਈ ਯੁੱਧਾਂ ਦੌਰਾਨ, ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਫੌਜ ਨੇ ਔਰਤਾਂ ਨੂੰ ਜ਼ਬਰਦਸਤੀ ਗਰਭਪਾਤ ਕਰਨ ਦੇ ਇਰਾਦੇ ਨਾਲ ਬਲਾਤਕਾਰ ਕੀਤਾ।

ਉਜਾੜਾ ਯੁੱਧ ਅਤੇ ਸੰਘਰਸ਼ ਦਾ ਇੱਕ ਖਤਰਨਾਕ ਨਤੀਜਾ ਹੈ। ਅਜਿਹੇ ਹਾਲਾਤਾਂ ਦੌਰਾਨ ਉਜਾੜੇ ਜਾਣ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਔਰਤਾਂ ਦੀ ਹੈ। ਸੂਡਾਨ ਵਿੱਚ ਚੱਲ ਰਹੇ ਸੰਘਰਸ਼ ਕਾਰਨ ਬੇਘਰ ਹੋਏ ਲੋਕਾਂ ਵਿੱਚ ਸਭ ਤੋਂ ਵੱਧ ਗਿਣਤੀ ਔਰਤਾਂ ਦੀ ਹੈ। ਟਕਰਾਅ ਕਾਰਨ ਇੱਥੋਂ ਦੀਆਂ 53 ਫੀਸਦੀ ਔਰਤਾਂ ਅਤੇ ਲੜਕੀਆਂ ਅੰਦਰੂਨੀ ਤੌਰ 'ਤੇ ਬੇਘਰ ਹੋ ਗਈਆਂ ਹਨ। ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਨੇ ਹੁਣ ਤੱਕ 10 ਲੱਖ ਤੋਂ ਵੱਧ ਔਰਤਾਂ ਅਤੇ ਲੜਕੀਆਂ ਨੂੰ ਬੇਘਰ ਕਰ ਦਿੱਤਾ ਹੈ।

ਸੀਰੀਆ ਦੀ ਲੜਾਈ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਅਤੇ ਔਰਤਾਂ ਅਨਾਥ ਅਤੇ ਵਿਧਵਾ ਹੋ ਗਈਆਂ ਅਤੇ ਹੁਣ ਕੈਂਪਾਂ ਵਿੱਚ ਰਹਿ ਰਹੀਆਂ ਹਨ

ਸੰਯੁਕਤ ਰਾਸ਼ਟਰ ਦੇ ਅੰਕੜੇ ਦਰਸਾਉਂਦੇ ਹਨ ਕਿ ਲੜਾਈਆਂ ਅਤੇ ਸੰਘਰਸ਼ਾਂ ਕਾਰਨ ਇਕ ਥਾਂ ਤੋਂ ਦੂਜੇ ਸਥਾਨ 'ਤੇ ਸਥਾਪਿਤ ਹੋਣ ਵਾਲਿਆਂ ਵਿਚ ਔਰਤਾਂ ਦਾ ਹਿੱਸਾ ਲਗਭਗ 75 ਪ੍ਰਤੀਸ਼ਤ ਹੈ। ਕਈ ਵਾਰ ਇਨ੍ਹਾਂ ਦੀ ਗਿਣਤੀ 90 ਫੀਸਦੀ ਤੱਕ ਵੀ ਪਹੁੰਚ ਜਾਂਦੀ ਹੈ। ਸੀਰੀਆ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਸਭ ਤੋਂ ਵੱਧ ਲੋਕ, 1 ਕਰੋੜ 20 ਲੱਖ ਤੋਂ ਵੱਧ, ਯੁੱਧ ਕਾਰਨ ਬੇਘਰ ਹੋਏ ਹਨ। ਇਨ੍ਹਾਂ ਵਿੱਚੋਂ ਸਿਰਫ਼ ਅੱਧੀਆਂ ਔਰਤਾਂ ਅਤੇ ਕੁੜੀਆਂ ਹਨ। ਇਹ ਬੇਘਰ ਔਰਤਾਂ ਵੀ ਸ਼ਰਨਾਰਥੀ ਵਜੋਂ ਸੰਘਰਸ਼ ਕਰਦੀਆਂ ਹਨ। ਜ਼ਿਆਦਾਤਰ ਸ਼ਰਨਾਰਥੀ ਔਰਤਾਂ ਬਿਨਾਂ ਕਿਸੇ ਅਧਿਕਾਰਤ ਪਛਾਣ ਦੇ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਂਦੀਆਂ ਹਨ

ਜੰਗ ਕਾਰਨ ਪੈਦਾ ਹੋਈ ਭੁੱਖਮਰੀ ਦੀ ਸਥਿਤੀ ਵੀ ਔਰਤਾਂ ਲਈ ਸਭ ਤੋਂ ਵੱਧ ਚੁਣੌਤੀਆਂ ਲੈ ਕੇ ਆਉਂਦੀ ਹੈ। ਫਲਸਤੀਨ ਵਿੱਚ ਭੋਜਨ ਦੀ ਕਮੀ ਦੇ ਦੌਰਾਨ, ਔਰਤਾਂ ਆਪਣੇ ਬੱਚਿਆਂ  ਲਈ ਭੋਜਨ ਦਾ ਵੀ  ਪ੍ਰਬੰਧ ਨਹੀਂ ਕਰ ਸਕੀਆਂ। ਜੇਕਰ ਉਹ ਅਜਿਹਾ ਕਰਨ ਦੇ ਸਮਰੱਥ ਵੀ ਹਨ ਤਾਂ  ਉਹ ਖੁਦ ਨਾਲੋਂ ਬਚਿਆਂ ਨੂੰ ਪਹਿਲ ਦੇ ਰਹੀਆ ਹਨ।। ਜੇਕਰ ਸੰਘਰਸ਼-ਗ੍ਰਸਤ ਸੁਡਾਨ ਦੀ ਸਮੱਸਿਆ ਦਾ ਮਨੁੱਖਤਾਵਾਦੀ ਹੱਲ ਜਲਦੀ ਤੋਂ ਜਲਦੀ ਨਾ ਲੱਭਿਆ ਗਿਆ ਤਾਂ ਸਿਹਤ ਅਤੇ ਪੋਸ਼ਣ ਸੰਬੰਧੀ ਲੋੜਾਂ ਪੂਰੀਆਂ ਨਾ ਹੋਣ ਕਾਰਨ 7000 ਨਵੀਆਂ ਮਾਵਾਂ ਦੀ ਮੌਤ ਹੋ ਸਕਦੀ ਹੈ।

ਜੰਗ ਦੀ ਸਥਿਤੀ ਔਰਤਾਂ ਲਈ ਸਿਹਤ ਸੰਬੰਧੀ ਅਜਿਹੀਆਂ ਕਈ ਚੁਣੌਤੀਆਂ ਲੈ ਕੇ ਆਉਂਦੀ ਹੈ। ਜੰਗ ਦੌਰਾਨ ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚਾ ਵੀ ਪ੍ਰਭਾਵਿਤ ਹੁੰਦਾ ਹੈ, ਜਿਸ ਦਾ ਸਿੱਧਾ ਅਸਰ ਉੱਥੋਂ ਦੇ ਆਮ ਲੋਕਾਂ 'ਤੇ ਪੈਂਦਾ ਹੈ। ਫਲਸਤੀਨ ਦੀਆਂ 690,000 ਕੁੜੀਆਂ ਅਤੇ ਔਰਤਾਂ ਨੂੰ ਹਰ ਮਹੀਨੇ 10 ਮਿਲੀਅਨ ਡਿਸਪੋਜ਼ੇਬਲ ਸੈਨੇਟਰੀ ਪੈਡ ਅਤੇ 40 ਮਿਲੀਅਨ ਮੁੜ ਵਰਤੋਂ ਯੋਗ ਪੈਡਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਦੀ ਘਾਟ ਕਾਰਨ ਉਥੋਂ ਦੀਆਂ ਔਰਤਾਂ ਨੂੰ ਟੈਂਟਾਂ ਤੋਂ ਕੱਪੜੇ ਦੇ ਟੁਕੜੇ ਕੱਟ ਕੇ ਮਾਹਵਾਰੀ ਦੌਰਾਨ ਵਰਤਣ ਲਈ ਮਜਬੂਰ ਹੋਣਾ ਪੈਂਦਾ ਹੈ।

ਫਲਸਤੀਨ ਵਿੱਚ ਕਈ ਗਰਭਵਤੀ ਔਰਤਾਂ ਨੂੰ ਬਿਨਾਂ ਕਿਸੇ ਐਨੇਥੀਜਿਆ ਦੇ ਜਨਮ ਦੇਣਾ ਪਿਆ। ਬੰਬਾਰੀ ਕਾਰਨ ਨੁਕਸਾਨੇ ਗਏ ਹਸਪਤਾਲਾਂ, ਦਵਾਈਆਂ ਅਤੇ ਸਿਹਤ ਕਰਮਚਾਰੀਆਂ ਦੀ ਅਣਹੋਂਦ ਕਾਰਨ ਜ਼ਿਆਦਾਤਰ ਗਰਭਵਤੀ ਔਰਤਾਂ ਨੂੰ ਬਿਨਾਂ ਕਿਸੇ ਡਾਕਟਰੀ ਸਹਾਇਤਾ ਤੋਂ ਜਣੇਪਾ ਕਰਨਾ ਪੈਂਦਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬਿਆਨ ਮੁਤਾਬਕ ਹਰ ਮਹੀਨੇ ਪੰਜ ਹਜ਼ਾਰ ਗਰਭਵਤੀ ਔਰਤਾਂ ਖਤਰਨਾਕ ਹਾਲਤਾਂ, ਅਸੁਰੱਖਿਆ ਅਤੇ ਗੰਦਗੀ ਵਿੱਚ ਬੱਚਿਆਂ ਨੂੰ ਜਨਮ ਦੇਣ ਲਈ ਮਜਬੂਰ ਹਨ। ਨਤੀਜੇ ਵਜੋਂ, ਅਜਿਹੇ ਹਾਲਾਤਾਂ ਵਿੱਚ ਵਧੇਰੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ।