ਭਾਰਤ ਦੀ ਫਾਸ਼ੀਵਾਦੀ ਸਰਕਾਰ ਨੇ ਜੰਗ ਸ਼ੁਰੂ ਕੀਤੀ ਤਾਂ ਪਾਕਿਸਤਾਨ ਕਿਸੇ ਵੀ ਹੱਦ ਤਕ ਜਾ ਸਕਦਾ ਹੈ: ਇਮਰਾਨ ਖਾਨ

ਭਾਰਤ ਦੀ ਫਾਸ਼ੀਵਾਦੀ ਸਰਕਾਰ ਨੇ ਜੰਗ ਸ਼ੁਰੂ ਕੀਤੀ ਤਾਂ ਪਾਕਿਸਤਾਨ ਕਿਸੇ ਵੀ ਹੱਦ ਤਕ ਜਾ ਸਕਦਾ ਹੈ: ਇਮਰਾਨ ਖਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿਚ ਭਾਰਤ ਅਤੇ ਪਾਕਿਸਤਾਨ ਇਕ ਵਾਰ ਫੇਰ ਕਸ਼ਮੀਰ ਮੁੱਦੇ 'ਤੇ ਉਲਝਦੇ ਨਜ਼ਰ ਆ ਰਹੇ ਹਨ। ਹਰ ਵਾਰ ਵਾਂਗ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਭਾਸ਼ਣ ਦਾ ਕਸ਼ਮੀਰ ਮੁੱਖ ਹਿੱਸਾ ਰਿਹਾ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਆਗੂਆਂ ਨੂੰ ਕਿਹਾ ਕਿ ਭਾਰਤ ਜੰਮੂ ਕਸ਼ਮੀਰ ਵਿਚ ਆਪਣੀਆਂ ਗੈਰ-ਕਾਨੂੰਨੀ ਕਾਰਵਾਈਆਂ ਅਤੇ ਜ਼ੁਲਮਾਂ ਤੋਂ ਧਿਆਨ ਲਾਂਭੇ ਕਰਨ ਲਈ ਪਾਕਿਸਤਾਨ ਖਿਲਾਫ ਨਿਊਕਲੀਅਰ ਨੀਤੀ ਅਧੀਨ ਕੋਈ ਫੌਜੀ ਕਾਰਵਾਈ ਕਰਨ ਦੇ ਮਨਸੂਬੇ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਆਪਣੀ ਅਜ਼ਾਦੀ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜੰਗ ਲੜਨ ਨੂੰ ਤਿਆਰ ਹੈ।

ਇਮਰਾਨ ਖਾਨ ਨੇ ਦੁਨੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਦੀ ਹਿੰਦੂ-ਰਾਸ਼ਟਰਵਾਦੀ ਸਰਕਾਰ ਇਸਲਾਮ ਖਿਲਾਫ ਨਫਰਤ ਅਤੇ ਵਿਤਕਰੇਬਾਜ਼ੀ ਨੂੰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਮੁਸਲਿਮ ਬਹੁਗਿਣਤੀ ਵਾਲੇ ਕਸ਼ਮੀਰ 'ਤੇ ਭਾਰਤੀ ਕਬਜ਼ੇ ਨੂੰ ਪੱਕਾ ਕਰਨ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਨਿਖੇਧੀ ਕੀਤੀ।

ਇਮਰਾਨ ਖਾਨ ਨੇ ਕਿਹਾ ਕਿ ਭਾਰਤ ਦੀ ਸਰਕਾਰ ਵੱਲੋਂ ਇਸਲਾਮ ਖਿਲਾਫ ਫੈਲਾਈ ਜਾ ਰਹੀ ਨਫਰਤ ਨਾਲ ਭਾਰਤ ਵਿਚ ਰਹਿ ਰਹੇ 20 ਕਰੋੜ ਮੁਸਲਮਾਨਾਂ ਦੀ ਜ਼ਿੰਦਗੀ ਖਤਰੇ ਵਿਚ ਹੈ। 

ਉਹਨਾਂ ਕਿਹਾ, "ਅੱਜ ਦੀ ਦੁਨੀਆ ਵਿਚ ਇਕ ਭਾਰਤ ਹੀ ਅਜਿਹਾ ਮੁਲਕ ਹੈ ਜਿੱਥੇ ਸਰਕਾਰ ਖੁਦ ਇਸਲਾਮ ਖਿਲਾਫ ਨਫਰਤ ਫੈਲਾਅ ਰਹੀ ਹੈ। ਇਸ ਦੇ ਪਿੱਛੇ ਮੁੱਖ ਕਾਰਨ ਆਰ.ਐਸ.ਐਸ ਦੀ ਵਿਚਾਰਧਾਰਾ ਹੈ ਜੋ ਭਾਰਤ 'ਤੇ ਰਾਜ ਕਰ ਰਹੀ ਹੈ। ਜੋ ਸਮਝਦੀ ਹੈ ਕਿ ਭਾਰਤ ਸਿਰਫ ਹਿੰਦੂਆਂ ਲਈ ਹੈ ਅਤੇ ਬਾਕੀ ਹੋਰ ਧਰਮਾਂ ਦੇ ਲੋਕ ਇੱਥੇ ਬਰਾਬਰ ਦੇ ਨਾਗਰਿਕ ਬਣਕੇ ਨਹੀਂ ਰਹਿ ਸਕਦੇ।"

ਕਸ਼ਮੀਰ ਦਾ ਮੁੱਦਾ ਚੁਕਦਿਆਂ ਇਮਰਾਨ ਖਾਨ ਨੇ ਕਿਹਾ, "ਦੱਖਣੀ ਏਸ਼ੀਆ ਵਿਚ ਉਸ ਸਮੇਂ ਤਕ ਸ਼ਾਂਤੀ ਅਤੇ ਸਥਿਰਤਾ ਨਹੀਂ ਆ ਸਕਦੀ ਜਦੋਂ ਤਕ ਜੰਮੂ ਕਸ਼ਮੀਰ ਦਾ ਮਸਲਾ ਕੌਮਾਂਤਰੀ ਮਾਪਦੰਡਾਂ ਮੁਤਾਬਕ ਹੱਲ ਨਹੀਂ ਹੁੰਦਾ।"

ਉਹਨਾਂ ਕਸ਼ਮੀਰ ਵਿਚ ਭਾਰਤੀ ਫੌਜ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਅਤੇ ਤਸ਼ੱਦਦ ਦਾ ਜ਼ਿਕਰ ਕਰਦਿਆਂ ਕਿਹਾ, "ਕੌਮਾਂਤਰੀ ਭਾਈਚਾਰਾ ਇਹਨਾਂ ਘਟਨਾਵਾਂ ਦੀ ਜਾਂਚ ਕਰੇ ਅਤੇ ਸਰਕਾਰੀ ਅੱਤਵਾਦ ਤੇ ਮਨੁੱਖਤਾ ਖਿਲਾਫ ਜ਼ੁਰਮਾਂ ਵਿਚ ਸ਼ਾਮਲ ਭਾਰਤ ਦੇ ਸਿਵਲ ਅਤੇ ਮਿਲਟਰੀ ਅਫਸਰਾਂ ਨੂੰ ਸਜ਼ਾਵਾਂ ਦਵੇ।"

ਬੋਲਣ ਦੀ ਅਜ਼ਾਦੀ ਦੇ ਨਾਂ 'ਤੇ ਇਸਲਾਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਚਾਰਲੀ ਹੇਡਬੋ ਵੱਲੋਂ ਪੈਗੰਬਰ ਮੋਹਮਦ ਸਾਹਿਬ ਦੇ ਕਾਰਟੂਨ ਛਾਪਣ ਵਰਗੀਆਂ ਘਟਨਾਵਾਂ ਨਾਲ ਯੂਰਪ ਵਿਚ ਇਸਲਾਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਭਾਰਤ ਨੇ ਕਸ਼ਮੀਰ ਮੁੱਦਾ ਚੁੱਕਣ 'ਤੇ ਇਤਰਾਜ਼ ਪ੍ਰਗਟ ਕੀਤਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਆਪਣੇ ਭਾਸ਼ਣ ਦੌਰਾਨ ਕਸ਼ਮੀਰ ਦਾ ਮੁੱਦਾ ਚੁੱਕਣ 'ਤੇ ਭਾਰਤ ਨੇ ਇਤਰਾਜ਼ ਪ੍ਰਗਟ ਕੀਤਾ ਹੈ। 

ਇਸ ਇਕੱਤਰਤਾ ਵਿਚ ਸ਼ਾਮਲ ਭਾਰਤੀ ਨੁਮਾਂਇੰਦਿਆਂ ਨੇ ਇਮਰਾਨ ਖਾਨ ਦੇ ਭਾਸ਼ਣ ਦਾ ਬਾਈਕਾਟ ਕਰਦਿਆਂ ਬੈਠਕ ਵਿਚਾਲੇ ਛੱਡ ਦਿੱਤੀ। ਭਾਰਤ ਦਾ ਕਹਿਣਾ ਹੈ ਕਿ ਧਾਰਾ 370 ਨੂੰ ਰੱਦ ਕਰਨਾ ਉਸਦਾ ਅੰਦਰੂਨੀ ਮਸਲਾ ਹੈ।