ਕਿਸਾਨ ਧਰਨਿਆਂ ਵਾਲੇ ਦਿਨ ਲੁੱਕ ਕੇ ਅਦਾਲਤ ਵਿਚ ਪੇਸ਼ ਹੋਇਆ ਸੁਮੇਧ ਸੈਣੀ

ਕਿਸਾਨ ਧਰਨਿਆਂ ਵਾਲੇ ਦਿਨ ਲੁੱਕ ਕੇ ਅਦਾਲਤ ਵਿਚ ਪੇਸ਼ ਹੋਇਆ ਸੁਮੇਧ ਸੈਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਦੋਂ ਬੀਤੇ ਕੱਲ੍ਹ ਪੰਜਾਬ ਦਾ ਸਾਰਾ ਧਿਆਨ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਕੇਂਦਰਤ ਸੀ ਤਾਂ ਪੰਜਾਬ ਦਾ ਇਕ ਹੋਰ ਵੱਡਾ ਦੋਸ਼ੀ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ, ਜੋ ਬੀਤੇ ਲੰਮੇ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ, ਬੀਤੇ ਕੱਲ੍ਹ ਮੁਹਾਲੀ ਅਦਾਲਤ ਵਿਚ ਪੇਸ਼ ਹੋਇਆ। ਸੈਣੀ ਨੂੰ ਪਤਾ ਸੀ ਕਿ ਬੀਤੇ ਕੱਲ੍ਹ ਸਾਰਾ ਮੀਡੀਆ ਕਿਸਾਨ ਧਰਨਿਆਂ ਦੀ ਕਵਰੇਜ਼ ਕਰਨ ਵਿਚ ਮਸ਼ਰੂਫ ਹੋਵੇਗਾ ਤੇ ਇਸ ਦਾ ਫਾਇਦਾ ਚੁਕਦਿਆਂ ਉਹ ਆਪਣੇ ਵਕੀਲ ਨਾਲ ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੁਲਤਾਨੀ ਕਤਲ ਅਤੇ ਅਗਵਾ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ ਸਾਹਮਣੇ ਪੇਸ਼ ਹੋ ਗਿਆ। 

ਰਿਪੋਰਟਾਂ ਮੁਤਾਬਕ ਸੈਣੀ ਨੇ ਜਾਂਚ ਅਧਿਕਾਰੀ ਨੂੰ ਜਾਂਚ ਵਿੱਚ ਸ਼ਾਮਿਲ ਕਰਨ ਲਈ ਕਿਹਾ ਪਰ ਜਾਂਚ ਅਧਿਕਾਰੀ ਨੇ ਅਜਿਹਾ ਕਰਨ ਤੋਂ ਜਵਾਬ ਦੇ ਦਿੱਤਾ। ਸਾਬਕਾ ਪੁਲੀਸ ਮੁਖੀ ਨੇ ਜਾਂਚ ਅਧਿਕਾਰੀ ਨੂੰ 23 ਸਤੰਬਰ ਨੂੰ ਸਿਟ ਸਾਹਮਣੇ ਪੇਸ਼ ਨਾ ਹੋ ਸਕਣ ਦੇ ਕਾਰਨਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮਗਰੋਂ ਉਹ ਆਪਣੇ ਵਕੀਲ ਐੱਚਐੱਸ ਧਨੋਆ ਨਾਲ ਜੱਜ ਰਸ਼ਵੀਨ ਕੌਰ ਦੀ ਅਦਾਲਤ ਪਹੁੰਚੇ।

ਜ਼ਿਕਰਯੋਗ ਹੈ ਕਿ ਮੋਹਾਲੀ ਅਦਾਲਤ ਨੇ ਸੈਣੀ ਦੇ ਭਗੌੜਾ ਹੋਣ ਮਗਰੋਂ ਉਸਦੇ ਗ੍ਰਿਫਤਾਰੀ ਵਰੰਟ ਕੱਢ ਦਿੱਤੇ ਸਨ ਪਰ ਪੰਜਾਬ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਸੈਣੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਸ ਸਮੇਂ ਦਰਮਿਆਨ ਸੁਮੇਧ ਸੈਣੀ ਨੇ ਭਾਰਤ ਦੀ ਸੁਪਰੀਮ ਕੋਰਟ ਤੋਂ ਆਪਣੀ ਗ੍ਰਿਫਤਾਰੀ 'ਤੇ ਰੋਕ ਲਗਵਾ ਲਈ। 

ਸੈਣੀ ਦੇ ਵਕੀਲ ਧਨੋਆ ਨੇ ਮੋਹਾਲੀ ਅਦਾਲਤ ਨੂੰ ਦਰਖਾਸਤ ਦੇ ਕੇ ਆਖਿਆ ਕਿ ਸੁਪਰੀਮ ਕੋਰਟ ਨੇ ਸਬੰਧਤ ਮਾਮਲੇ ਵਿੱਚ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਇਸ ਕਰਕੇ ਮੁਹਾਲੀ ਅਦਾਲਤ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਰੀ ਵਾਰੰਟ ਵਾਪਿਸ ਲਏ ਜਾਣ। ਜੱਜ ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗ੍ਰਿਫ਼ਤਾਰੀ ਵਾਰੰਟ ਵਾਪਿਸ ਲੈ ਲਏ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ’ਤੇ ਪਾ ਦਿੱਤੀ ਹੈ।

ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਸਿੱਟ ਵੱਲੋਂ ਸੈਣੀ ਨੂੰ ਅੱਜ ਪੇਸ਼ੀ ਲਈ ਨਹੀਂ ਬੁਲਾਇਆ ਗਿਆ ਸੀ, ਇਸ ਲਈ ਉਸ ਨੂੰ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਗਿਆ। ਦੱਸ ਦਈਏ ਕਿ ਸਿੱਟ ਵੱਲੋਂ ਸੈਣੀ ਨੂੰ ਪੇਸ਼ੀ ਲਈ ਪਹਿਲਾਂ ਮਟੋਰ ਥਾਣੇ ਬੁਲਾਇਆ ਗਿਆ ਸੀ ਤੇ ਇਸ ਸਬੰਧੀ ਉਸਦੇ ਘਰ ਬਾਹਰ ਪਰਚਾ ਲਾਇਆ ਗਿਆ ਸੀ। ਪਰ ਉਸ ਤਰੀਕ ਨੂੰ ਸੈਣੀ ਮਟੌਰ ਥਾਣੇ ਵਿਚ ਸਿੱਟ ਅੱਗੇ ਪੇਸ਼ ਹੋਣ ਲਈ ਨਹੀਂ ਪਹੁੰਚਿਆ ਸੀ।