ਅਫਗਾਨਿਸਤਾਨ ਦੇ ਸਿੱਖਾਂ ਦੀ ਮਦਦ ਇਉਂ ਕੀਤੀ ਜਾਵੇ
ਸੁਖਵਿੰਦਰ ਸਿੰਘ
ਅਫਗਾਨਿਸਤਾਨ ਵਿਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਨਾਲ ਸਾਰੇ ਸਿੱਖ ਜਗਤ ਵਿਚ ਸੋਗ ਦੀ ਲਹਿਰ ਹੈ ਤੇ ਇਸ ਦੁੱਖ ਦੀ ਘੜੀ ਕੁੱਝ ਹਿੰਦੂਆਂ ਵੱਲੋਂ ਸਿੱਖਾਂ ਦੀ ਸੇਵਾ ਨੂੰ ਨਿਸ਼ਾਨਾ ਬਣਾ ਕੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਪਰ ਗੁਰੂ ਦੀ ਕਿਰਪਾ ਨਾਲ ਸਿੱਖ 'ਸਰਬੱਤ ਦੇ ਭਲਾ' ਸਿਮਰਦੇ ਜੀਵਨ ਪੰਧ 'ਤੇ ਤੁਰੇ ਜਾ ਰਹੇ ਹਨ। ਇਸ ਸਮੇਂ ਜਿੱਥੇ ਦੁਨੀਆ ਦੀਆਂ ਵੱਡੀਆਂ ਸੰਸਥਾਵਾਂ ਸੰਯੁਕਤ ਰਾਸ਼ਟਰ ਅਤੇ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਔਪਰੇਸ਼ਨ ਵੱਲੋਂ ਇਸ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਸਿੱਖ ਜਗਤ ਆਪਣੇ ਇਸ ਜ਼ਖਮੀ ਹਿੱਸੇ 'ਤੇ ਮੱਲ੍ਹਮ ਲਾਉਣ ਬਾਰੇ ਸੋਚ ਰਿਹਾ ਹੈ। ਇਸ ਲਈ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ ਜਿਹਨਾਂ ਵਿਚੋਂ ਸਭ ਤੋਂ ਮਜ਼ਬੂਤ ਕਦਮ ਕੈਨੇਡਾ ਦੀ ਸਿੱਖ ਸੰਸਥਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਚੁੱਕੇ ਜਾ ਰਹੇ ਹਨ ਜੋ ਕੈਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਕੈਨੇਡਾ ਵਿਚ ਵਸਾਉਣ ਦੇ ਯਤਨ ਕਰ ਰਹੇ ਹਨ। ਸਿੱਖਾਂ ਦੇ ਆਪਣੇ ਕੌਮੀ ਘਰ ਦੀ ਅਣਹੋਂਦ ਦੇ ਚਲਦਿਆਂ ਇਸ ਸਮੇਂ ਇਹਨਾਂ ਪਰਿਵਾਰਾਂ ਨੂੰ ਕੈਨੇਡਾ ਵਿਚ ਲਿਜਾਣ ਦਾ ਫੈਂਸਲਾ ਬਿਲਕੁਲ ਯੋਗ ਹੈ। ਪਰ ਇਸ ਦੇ ਨਾਲ ਕੁੱਝ ਹੋਰ ਪਹਿਲੂ ਵੀ ਹਨ ਜਿਹਨਾਂ ਨੂੰ ਵਿਚਾਰਨਾ ਬਣਦਾ ਹੈ।
ਅਫਗਾਨਿਸਤਾਨ ਦਾ ਸਿੱਖ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦਾ ਹੈ ਅਤੇ ਬਹੁਤ ਸਾਰੇ ਇਤਿਹਾਸਕ ਗੁਰ ਅਸਥਾਨ ਅਫਗਾਨਿਸਤਾਨ ਵਿਚ ਹਨ। ਇਹ ਇਕ ਸੱਚਾਈ ਹੈ ਕਿ ਗੁਲਾਮੀ ਵਿਚ ਜੀਅ ਰਹੀ ਸਿੱਖ ਕੌਮ ਕੋਲ ਅੱਜ ਆਪਣੇ ਪਰਿਵਾਰਾਂ ਨੂੰ ਸੁਰੱਖਿਆ ਦੇਣ ਦਾ ਪੂਰਾ ਬੰਦੋਬਸਤ ਨਹੀਂ ਹੈ ਪਰ ਬੇਘਰੀ ਕੌਮ ਦੇ ਲੋਕ ਕਿਹੜਾ ਕਿਹੜਾ ਖਿੱਤਾ ਛੱਡਣਗੇ ਕਿਉਂਕਿ ਹਮਲੇ ਤਾਂ ਸਿੱਖਾਂ 'ਤੇ ਹਰ ਜਗ੍ਹਾ ਹੋ ਰਹੇ ਹਨ। ਸਿੱਖ ਸੰਸਥਾਵਾਂ ਨੂੰ ਅਜਿਹੀ ਪਹੁੰਚ ਅਪਣਾਉਣੀ ਚਾਹੀਦੀ ਹੈ ਜਿਸ ਨਾਲ ਕਿ ਸਿੱਖਾਂ ਦਾ ਇਸ ਖਿੱਤੇ ਵਿਚ ਟਿਕਾਅ ਕਿਸੇ ਹੱਦ ਤਕ ਯਕੀਨੀ ਬਣਾਇਆ ਜਾ ਸਕੇ। ਇਸ ਲਈ ਜਿੱਥੇ ਅਫਗਾਨੀ ਪਰਿਵਾਰਾਂ ਦੇ ਕੁੱਝ ਜੀਆਂ ਨੂੰ ਯੋਗ ਪ੍ਰਬੰਧ ਕਰਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਚਾਹੀਦਾ ਹੈ ਉੱਥੇ ਅਫਗਾਨੀ ਸਿੱਖਾਂ ਦੀ ਸਲਾਹ ਨਾਲ ਇਕ ਹਿੱਸੇ ਨੂੰ ਅਫਗਾਨਿਸਤਾਨ ਦੀਆਂ ਆਪਣੀਆਂ ਥਾਵਾਂ ਖਾਸ ਕਰਕੇ ਗੁਰੂ ਘਰਾਂ ਵਿਚ ਟਿਕੇ ਰਹਿਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੈਨੇਡਾ ਅਤੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ ਸਬੰਧਿਤ ਸਰਕਾਰਾਂ ਵਿਚਲੇ ਆਪਣੇ ਸੰਪਰਕਾਂ ਨਾਲ ਰਾਬਤਾ ਕਰਕੇ ਅਮਰੀਕਾ-ਤਾਲਿਬਾਨ ਸੰਧੀ ਵਿਚ ਇਹ ਯਕੀਨੀ ਬਣਾਇਆ ਜਾਵੇ ਕਿ ਅਫਗਾਨਿਸਤਾਨ ਦੀ ਅਗਲੀ ਬਣਨ ਵਾਲੀ ਸਰਕਾਰ ਸਿੱਖਾਂ ਨੂੰ ਇਕ ਘੱਟਗਿਣਤੀ ਬਤੌਰ ਸਾਰੇ ਹੱਕ ਅਤੇ ਸੁਰੱਖਿਆਵਾਂ ਦਵੇ। ਇਸਲਾਮੀ ਰਾਜ ਵਿਚ ਵੀ ਘੱਟਗਿਣਤੀ ਦੇ ਹੱਕ ਬਹਾਲ ਰੱਖਣ ਦਾ ਹੁਕਮ ਹੈ।
ਅਫਗਾਨਿਸਤਾਨ ਵਿਚ ਅਗਲੇ ਕੁੱਝ ਸਮੇਂ ਅੰਦਰ ਵੱਡੀ ਰਾਜਨੀਤਕ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਸਭ ਤੋਂ ਵੱਡੀ ਸੰਭਾਵਨਾ ਇਹ ਹੀ ਹੈ ਕਿ ਅਮਰੀਕਾ ਦੇ ਬਾਹਰ ਜਾਣ ਨਾਲ ਤਾਲਿਬਾਨ ਅਫਗਾਨਿਸਤਾਨ ਦੀ ਰਾਜ ਸੱਤਾ 'ਤੇ ਕਾਬਜ ਹੋਵੇਗਾ। ਇਸ ਵਾਰ ਤਾਲਿਬਾਨ ਇਕ ਸਥਿਰ ਰਾਜ ਸਥਾਪਤ ਕਰਨ ਅਤੇ ਕੌਮਾਂਤਰੀ ਰਾਜਨੀਤੀ ਵਿਚ ਸਥਾਪਤ ਹੋਣ ਲਈ ਆਪਣੇ ਪਿਛਲੇ ਰਾਜ ਦੀਆਂ ਸਖਤੀਆਂ ਨੂੰ ਛੱਡ ਰਿਹਾ ਹੈ। ਇਸ ਨਵੇਂ ਰਾਜ ਪ੍ਰਬੰਧ ਵਿਚ ਪਾਕਿਸਤਾਨ ਸਟੇਟ ਦੀ ਬਹੁਤੀ ਸੁਣੀ ਜਾਵੇਗੀ। ਇਸ ਲਈ ਅਫਗਾਨਿਸਤਾਨ ਵਿਚ ਸਿੱਖਾਂ ਦੇ ਹੱਕ ਸੁਰੱਖਿਅਤ ਰੱਖਣ ਲਈ ਪਾਕਿਸਤਾਨ ਦੇ ਸਿੱਖਾਂ ਨੂੰ ਵੀ ਪਾਕਿਸਤਾਨ ਸਰਕਾਰ ਤਕ ਪਹੁੰਚ ਕਰਨੀ ਚਾਹੀਦੀ ਹੈ।
ਸਿੱਖਾਂ ਨੂੰ ਅਫਗਾਨਿਸਤਾਨ ਦੇ ਇਸ ਖਿੱਤੇ ਵਿਚ ਲੱਖਾਂ ਮੁਸੀਬਤਾਂ ਦੇ ਬਾਵਜੂਦ ਟਿਕੇ ਰਹਿਣਾ ਚਾਹੀਦਾ ਹੈ ਅਤੇ ਟਿਕਣ ਵਾਲੇ ਸਿੱਖਾਂ ਨੂੰ ਆਰਥਿਕ ਮਦਦ ਦੇਣ ਲਈ ਇਕ ਸਿੱਖਾਂ ਦਾ ਕੌਮਾਂਤਰੀ ਫੰਡ ਬਣਾਇਆ ਜਾਵੇ। ਇਸ ਲਈ ਸਿੱਖਾਂ ਦੀਆਂ ਵਿਦੇਸ਼ਾਂ ਵਿਚ ਸਥਾਪਤ ਸੰਸਥਾਵਾਂ ਸਾਂਝੀ ਰਾਇ ਬਣਾਉਣ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕਾਰਜਸ਼ੀਲ ਕਿਸੇ ਜਥੇਬੰਦੀ ਨੂੰ ਇਸ ਫੰਡ ਰਾਹੀਂ ਅਫਗਾਨੀ ਸਿੱਖਾਂ ਦੀ ਮਦਦ ਦੀ ਜ਼ਿੰਮੇਵਾਰੀ ਦਿੱਤੀ ਜਾਵੇ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)