ਬਾਠਾਂਵਾਲਾ ਵਿੱਚ ਢਾਹੀ ਗਈ ਹਵੇਲੀ ਦਾ ਸਬੰਧ ਗਰੂ ਨਾਨਕ ਪਾਤਸ਼ਾਹ ਨਾਲ ਨਹੀਂ, ਸਿੱਖ ਮਹਾਰਾਜਾ ਰਣਜੀਤ ਸਿੰਘ ਨਾਲ ਹੈ
ਲਾਹੌਰ: ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ 'ਚ ਪਿੰਡ ਬਾਠਾਂਵਾਲਾ ਵਿੱਚ ਸਥਿਤ "ਗੁਰੂ ਨਾਨਕ ਮਹਿਲ" ਨਾਮੀਂ ਢਾਹੀ ਗਈ ਇਮਾਰਤ ਦਾ ਸਬੰਧ ਗੁਰੂ ਨਾਨਕ ਪਾਤਸ਼ਾਹ ਨਾਲ ਨਹੀਂ ਹੈ। ਬਲਕਿ ਇਹ ਹਵੇਲੀ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਰਿਸ਼ਤੇਦਾਰ ਲਈ ਬਣਾਈ ਗਈ ਸੀ ਜਿਸ ਵਿੱਚ ਰਣਜੀਤ ਸਿੰਘ ਇੱਥੇ ਆ ਕੇ ਠਹਿਰਦੇ ਸਨ।
ਇਸ ਗੱਲ ਦਾ ਦਾਅਵਾ ਇਰਫਾਨ ਸ਼ਾਹੂਦ ਨਾਮੀਂ ਲੇਖਕ ਅਤੇ ਕਵੀ ਨੇ ਕੀਤਾ ਹੈ। ਉਹਨਾਂ ਬੀਤੇ ਸਾਲ ਇਸ ਇਮਾਰਤ ਬਾਰੇ ਖੋਜ ਕਰਕੇ ਲਿਖਿਆ ਸੀ। ਉਹਨਾਂ ਇਸ ਗੱਲ ਨੂੰ ਰੱਦ ਕੀਤਾ ਕਿ ਇਹ ਇਮਾਰਤ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਿਤ ਹੈ।
ਸ਼ਾਹੂਦ ਨੇ ਕਿਹਾ ਕਿ ਜਿੱਥੇ ਵੀ ਸਿੱਖ ਰਹਿੰਦੇ ਹਨ ਉੱਥੇ ਉਹ ਗੁਰੁਦਆਰਾ ਸਾਹਿਬ ਸਥਾਪਿਤ ਕਰਦੇ ਹਨ, ਪਰ ਇਸ ਇਮਾਰਤ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਇਤਿਹਾਸ ਬਤੌਰ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਇਹ ਇਮਾਰਤ ਰਣਜੀਤ ਸਿੰਘ ਦੇ ਰਾਜ ਵੇਲੇ ਬਹੁਤਾਤ ਵਿੱਚ ਵਰਤੀਆਂ ਜਾਂਦੀਆਂ ਨਾਨਕਸ਼ਾਹੀ ਇੱਟਾਂ ਨਾਲ ਬਣੀ ਹੈ।
ਪਾਕਿਸਤਾਨ ਵਿਚਲੀ ਸਿੱਖ ਵਿਰਾਸਤ ਨੂੰ ਦਸਤਾਵੇਜੀ ਰੂਪ ਵਿੱਚ ਸਾਂਭਣ ਵਾਲੇ ਸ਼ਾਹਿਦ ਸ਼ੱਬੀਰ ਨੇ ਕਿਹਾ ਕਿ ਕਿਸੇ ਵੀ ਇਤਿਹਾਸਕ ਸਾਖੀ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਮਿਲਦਾ ਕਿ ਗੁਰੂ ਸਾਹਿਬ ਇਸ ਅਸਥਾਨ 'ਤੇ ਰਹੇ ਸਨ। ਉਹਨਾਂ ਕਿਹਾ ਕਿ ਇਹ ਇਮਾਰਤ ਖਾਲਸਾ ਰਾਜ ਦੇ ਵੇਲੇ ਨਾਲ ਸਬੰਧਿਤ ਜ਼ਰੂਰ ਹੈ। ਬਾਠਾਂਵਾਲਾ ਪਿੰਡ ਦੇ ਨਾਲ ਲਗਦੇ ਪਿੰਦ ਬੱਦੋਵਾਲੀ ਵਿੱਚ ਇਕ ਧਾਰਮਿਕ ਸਥਾਨ ਦੀ ਦੇਖਰੇਖ ਕਰਨ ਵਾਲੇ ਅਮਰ ਕਾਜ਼ਮੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਅਜਿਹੀਆਂ ਹਵੇਲੀਆਂ ਆਮ ਹਨ ਜੋ ਵੰਡ ਤੋਂ ਪਹਿਲਾਂ ਅਮੀਰ ਹਿੰਦੂਆਂ ਅਤੇ ਸਿੱਖਾਂ ਦੀਆਂ ਰਿਹਾਇਸ਼ਾਂ ਸਨ। ਉਹਨਾਂ ਦੱਸਿਆ ਕਿ ਬਾਂਠਾਵਾਲਾ ਵਿੱਚ ਜ਼ਿਆਦਾ ਹਿੰਦੂ ਖੱਤਰੀ ਰਹਿੰਦੇ ਸਨ ਤੇ ਹੋ ਸਕਦਾ ਹੈ ਕਿ ਇਹ ਹਵੇਲੀ ਉਹਨਾਂ ਵਿੱਚੋਂ ਕਿਸੇ ਕੋਲ ਹੋਵੇ। ਪਰ ਇਹ ਕੋਈ ਧਾਰਮਿਕ ਜਗ੍ਹਾ ਨਹੀਂ ਸੀ। ਉਹਨਾਂ ਦੱਸਿਆ ਕਿ ਵੰਡ ਮਗਰੋਂ ਹਿੰਦੂ ਸਿੱਖਾਂ ਦੀਆਂ ਇਹ ਰਿਹਾਇਸ਼ਾਂ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਆਏ ਮੁਸਲਮਾਨਾਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਸਨ।
ਡਾਅਨ ਅਖਬਾਰ ਨੇ ਸਭ ਤੋਂ ਪਹਿਲਾਂ ਇਸ ਇਮਾਰਤ ਦੀ ਤੋੜਭੰਨ ਦੀ ਖ਼ਬਰ ਨੂੰ ਜਨਤਕ ਕੀਤਾ ਸੀ ਤੇ ਸਥਾਨਕ ਲੋਕਾਂ ਵੱਲੋਂ ਇਸ ਇਮਾਰਤ ਵਿੱਚ ਗੁਰੂ ਨਾਨਕ ਨੂੰ ਦਰਸਾਉਂਦੇ ਚਿੱਤਰਾਂ ਦੇ ਅਧਾਰ 'ਤੇ ਬਣੀ ਧਾਰਨਾ ਤਹਿਤ ਇਸ ਨੂੰ "ਗੁਰੂ ਨਾਨਕ ਹਵੇਲੀ" ਲਿਖਿਆ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਮੀਡੀਆ ਵੱਲੋਂ ਇਸ ਨੂੰ ਪਾਕਿਸਤਾਨ ਵਿੱਚ ਸਿੱਖ ਇਤਿਹਾਸਕ ਧਾਰਮਿਕ ਸਥਾਨਾਂ 'ਤੇ ਹਮਲੇ ਵਜੋਂ ਪੇਸ਼ ਕੀਤਾ ਗਿਆ ਸੀ। ਪਰ ਅੱਜ ਹੋਰ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਡਾਅਨ ਅਖਬਾਰ ਨੇ ਨਵੀਂ ਜਾਣਕਾਰੀ ਵਾਲੀ ਖਬਰ ਨੂੰ ਪ੍ਰਕਾਸ਼ਿਤ ਕੀਤਾ ਹੈ। ਅੰਮ੍ਰਿਤਸਰ ਟਾਈਮਜ਼ ਵੱਲੋਂ ਵੀ ਇਹ ਨਵੀਂ ਜਾਣਕਾਰੀ ਆਪਣੇ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਹਲਾਂਕਿ ਨਾਰੋਵਾਲ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਇਮਾਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਤੋੜ ਭੰਨ 'ਤੇ ਰੋਕ ਲਾ ਕੇ ਇਸ ਨੂੰ ਸੀਲ ਕਰ ਦਿੱਤਾ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)