ਪਾਕਿ ਵਿਚ ਇਤਿਹਾਸਕ ਗੁਰਦੁਆਰੇ ਖੰਡਹਰ ਬਣਨ ਲਗੇ
*150 ਤੋਂ ਵਧੇਰੇ ਗੁਰਦੁਆਰਿਆਂ ਦੀ ਹਾਲਤ ਤਰਸਯੋਗ , ਪ੍ਰਵਾਸੀ ਸਿੱਖ ਭਾਈਚਾਰਾ ਚਿੰਤਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮਿ੍ਤਸਰ -ਵਿਦੇਸ਼ੀ ਸਿੱਖ ਜਥੇਬੰਦੀਆਂ ਤੇ ਆਗੂਆਂ ਨੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਤਰਸਯੋਗ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਿਸ਼ੇਸ਼ ਤੌਰ 'ਤੇ ਇਤਿਹਾਸਕ ਗੁਰਦੁਆਰਿਆਂ ਦੇ ਰੱਖ-ਰਖਾਅ ਦੀ ਮੰਗ ਕੀਤੀ ਹੈ ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁੱਜਰਾਂਵਾਲਾ ਦੇ ਵਜ਼ੀਰਾਬਾਦ ਵਿਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਕੋਠਾ ਸਾਹਿਬ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਤੋਂ ਵਾਪਸ ਆਉਂਦੇ ਸਮੇਂ ਠਹਿਰੇ ਸਨ, ਦਾ ਵੱਡਾ ਹਿੱਸਾ ਢਹਿ ਗਿਆ ਹੈ ਅਤੇ ਇਮਾਰਤ ਸ਼ਰਨਾਰਥੀਆਂ ਦੇ ਕਬਜ਼ੇ ਵਿਚ ਹੈ । ਇਸ ਦੇ ਇਲਾਵਾ ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ ਦੇ ਗੁਰਦੁਆਰਾ ਮਾਲ ਜੀ ਸਾਹਿਬ ਦੇ ਵੱਡੇ ਹਿੱਸੇ ਵਿਚ ਇਕ ਪੁਲਿਸ ਅਧਿਕਾਰੀ ਨੇ ਆਪਣੀ ਰਿਹਾਇਸ਼ ਰੱਖੀ ਹੋਈ ਹੈ, ਜਦਕਿ ਗੁਰਦੁਆਰਾ ਸਾਹਿਬ ਦਾ ਬਾਕੀ ਹਿੱਸਾ ਖੰਡਰ 'ਚ ਤਬਦੀਲ ਹੋ ਰਿਹਾ ਹੈ ।ਦੱਸਣਯੋਗ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਉਕਤ ਪਿੰਡ ਵਿਚ ਆਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਇੱਥੇ ਵੱਸਣ ਨਾ ਦਿੱਤਾ ।ਇਸ 'ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ 'ਵੱਸਦੇ ਰਹੋ' ਕਹਿ ਕੇ ਅਗਲੇ ਪਿੰਡ ਮਾਣਕ ਦੇਕੇ ਵੱਲ ਚਲੇ ਗਏ ਸਨ । ਇਸੇ ਜ਼ਿਲ੍ਹੇ ਵਿਚ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਇਕ ਯਾਦਗਾਰ ਕਾਦੀਵਿੰਡ ਕਸਬੇ ਅਤੇ ਦੂਜੀ ਕਸੂਰ-ਫ਼ਿਰੋਜ਼ਪੁਰ ਰੋਡ 'ਤੇ ਬੀ. ਆਰ. ਬੀ. ਨਹਿਰ ਪਾਰ ਕਰਦਿਆਂ ਪਿੰਡ ਤਰਗੇ 'ਚ ਮੌਜੂਦ ਹੈ । ਇਹ ਅਸਥਾਨ ਸੇਵਾ ਸੰਭਾਲ ਦੀ ਕਮੀ ਕਾਰਨ ਪੂਰੀ ਤਰ੍ਹਾਂ ਨਾਲ ਖੰਡਰਾਂ ਵਿਚ ਤਬਦੀਲ ਹੋ ਚੁੱਕੇ ਹਨ । ਪ੍ਰਵਾਸੀ ਸਿੱਖ ਸੰਗਤ ਨੇ ਦੱਸਿਆ ਕਿ ਉਕਤ ਦੇ ਇਲਾਵਾ ਭਾਰਤ-ਪਾਕਿ ਸਰਹੱਦ 'ਤੇ ਪਾਕਿ ਵਾਲੇ ਪਾਸੇ ਵੱਖ-ਵੱਖ ਇਲਾਕਿਆਂ ਵਿਚਲੇ ਲਗਭਗ 150 ਤੋਂ ਵਧੇਰੇ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਪਿੰਡ ਜਾਹਮਣ ਵਿਚਲੇ ਗੁਰਦੁਆਰਾ ਰੋੜੀ ਸਾਹਿਬ ਦੀ ਢਾਈ ਮੰਜ਼ਲਾਂ ਵਿਸ਼ਾਲ ਤੇ ਖ਼ੂਬਸੂਰਤ ਇਮਾਰਤ ਦਾ ਵੱਡਾ ਹਿੱਸਾ ਢਹਿ ਗਿਆ ਹੈ ਅਤੇ ਬਾਕੀ ਪੂਰੀ ਤਰ੍ਹਾਂ ਨਾਲ ਖੰਡਰ ਦਾ ਰੂਪ ਲੈ ਚੁੱਕੀ ਹੈ ।
Comments (0)