ਜ਼ਿਲ੍ਹਾ ਤਰਨਤਾਰਨ ਵਿਚ ਨਸ਼ਿਆਂ ਕਾਰਣ ਮੌਤਾਂ ਦੀ ਗਿਣਤੀ ਵਧੀ

ਜ਼ਿਲ੍ਹਾ ਤਰਨਤਾਰਨ ਵਿਚ ਨਸ਼ਿਆਂ ਕਾਰਣ ਮੌਤਾਂ ਦੀ ਗਿਣਤੀ ਵਧੀ

*ਸਰਹੱਦ ਪਾਰੋਂ ਡ੍ਰੋਨਾਂ ਰਾਹੀਂ ਹੋ ਰਹੀ ਹੈ ਨਸ਼ੇ ਦੀ ਤਸਕਰੀ 

*ਸਾਲ 2023 ਦੌਰਾਨ ਫੜੀ ਗਈ 159 ਕਿੱਲੋ ਤੋਂ ਵੱਧ ਹੈਰੋਇਨ

*541 ਕੇਸਾਂ ਦੇ ਤਹਿਤ 709 ਵਿਅਕਤੀਆਂ ਨੂੰ ਗ੍ਰਿਫ਼ਤਾਰ 

ਭਾਰਤ ਵਿਚ ਹੁਣ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਪੰਜਾਬ ਵਿਚ ਆਖ਼ਰੀ ਪੜਾਅ ਦੌਰਾਨ 1 ਜੂਨ ਨੂੰ ਲੋਕ ਸਭਾ ਲਈ ਵੋਟਿੰਗ ਹੋਣ ਜਾ ਰਹੀ ਹੈ।  ਇਨ੍ਹਾਂ ਚੋਣਾਂ ਦੌਰਾਨ ਵੀ ਨਸ਼ੇ ਦਾ ਮੁੱਦਾ ਗਰਮਾਉਣ ਦੀ ਪੂਰੀ ਸੰਭਾਵਨਾ ਹੈ। ਸਰਹੱਦ ਨਾਲ ਲੱਗਦੇ ਇਸ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਡਰੱਗ ਨੇ ਕਈ ਘਰ ਉਜਾੜ ਦਿੱਤੇ ਹਨ ਅਤੇ ਕਈ ਘਰਾਂ ਵਿਚ ਮੌਤਾਂ ਹੋ ਚੁਕੀਆਂ ਹਨ। ਨਸ਼ੇ ਦੀ ਸਪਲਾਈ ਅਤੇ ਨਸ਼ੇ ਨਾਲ ਮੌਤਾਂ ਪੁਲਿਸ ਤੇ ਸਰਕਾਰ ਲਈ ਵੱਡੀ ਚੁਣੌਤੀ ਬਣ ਕੇ ਚੋਣਾਂ ਦੌਰਾਨ ਸਾਹਮਣੇ ਆ ਸਕਦੀਆਂ ਹਨ।

ਇਥੇ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਚੋਣਾਂ ਦੌਰਾਨ ਨਸ਼ਾ ਵੱਡੇ ਮੁੱਦੇ ਵਜੋਂ ਸਿਆਸੀ ਪਾਰਟੀਆਂ ਵੱਲੋਂ ਚੁੱਕਿਆ ਜਾਂਦਾ ਰਿਹਾ ਹੈ ਪਰ ਇਸ ਦਾ ਹੱਲ ਕਰਨ ਵਿਚ ਸਰਕਾਰਾਂ ਫੇਲ੍ਹ ਰਹੀਆਂ ਹਨ, ਇਸ ਨੂੰ ਲੈ ਕੇ ਜਨਤਾ ਵਿਚ ਵੱਡੇ ਸਵਾਲ ਪੈਦਾ ਹੁੰਦੇ ਆ ਰਹੇ ਹਨ। ਕਾਂਗਰਸ ਵੱਲੋਂ 2017 ਵਿਚ ਚਾਰ ਹਫ਼ਤਿਆਂ ਵਿਚ ਨਸ਼ਾ ਖ਼ਤਮ ਕਰਨ ਦੀ ਗੱਲ ਕਹਿ ਕੇ ਪੰਜਾਬ ਵਿਚ ਸਰਕਾਰ ਬਣਾਈ ਅਤੇ ਫਿਰ 2022 ’ਵਿਚ ਆਪ ਪਾਰਟੀ ਨੇ ਵੀ ਨਸ਼ਾ ਖ਼ਤਮ ਕਰ ਕੇ ਨੌਜਵਾਨਾਂ ਦੇ ਹੱਥਾਂ ਵਿਚ ਸਿਰਿੰਜਾਂ ਦੀ ਥਾਂ ਟਿਫਨ ਦੇਣ ਦਾ ਵਾਅਦਾ ਕਰ ਕੇ ਸੱਤਾ ਦਾ ਰਾਹ ਮੁਕੰਮਲ ਕਰ ਲਿਆ ਪਰ ਦੋ ਸਾਲ ਲੰਘਣ ਦੇ ਬਾਵਜੂਦ ਨਸ਼ੇ ਦਾ ਮੁੱਦਾ ਹੱਲ ਨਹੀਂ ਹੋਇਆ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਵਿੱਚ ਨਸ਼ਾ ਵਧਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਨਹੀਂ ਸਗੋਂ ਔਰਤਾਂ ਵੀ ਨਸ਼ਾਖੋਰੀ ਤੇ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਇਸ ਮੁੱਦੇ 'ਤੇ ਪੰਜਾਬ ਕਾਂਗਰਸ ਦਾ ਸਹਿਯੋਗ ਜ਼ਰੂਰੀ ਹੋਇਆ ਤਾਂ ਉਹ ਇਕੱਠੇ ਖੜ੍ਹੇ ਹੋਣਗੇ।

541 ਕੇਸਾਂ ਦੇ ਤਹਿਤ 709 ਵਿਅਕਤੀ ਗ੍ਰਿਫ਼ਤਾਰ

ਤਰਨਤਾਰਨ ਜ਼ਿਲ੍ਹੇ ਵਿਚ ਨਸ਼ੇ ਦੀ ਆਮਦ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਨੇ ਲੰਘੇ ਸਾਲ ਦੌਰਾਨ 159 ਕਿੱਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਜਦੋਂਕਿ 20 ਕਿੱਲੋ 218 ਗ੍ਰਾਮ ਅਫੀਮ, 345 ਕਿੱਲੋ 650 ਗ੍ਰਾਮ ਚੂਰਾ ਪੋਸਤ, 4 ਗ੍ਰਾਮ ਸੁਲਫਾ, 60 ਗ੍ਰਾਮ ਨਸ਼ੀਲਾ ਪਾਊਡਰ, 500 ਗ੍ਰਾਮ ਆਈਸ ਅਤੇ 1 ਲੱਖ 31 ਹਜ਼ਾਰ 6 ਗੋਲੀਆਂ ਤੇ ਕੈਪਸੁਲ ਬਰਾਮਦ ਕੀਤੇ ਗਏ ਸਨ ਜਦੋਂਕਿ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ 541 ਕੇਸਾਂ ਦੇ ਤਹਿਤ 709 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।

ਤਰਨਤਾਰਨ ਦੇ ਐੱਸਐੱਸਪੀ ਅਸ਼ਵਨੀ ਕਪੂਰ ਦਾ ਕਹਿਣਾ ਹੈ ਜ਼ਿਲ੍ਹੇ ਵਿਚ ਨਸ਼ੇ ਦੀ ਸਪਲਾਈ ਲਾਈਨ ਤੋੜਨ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 1 ਜਨਵਰੀ ਤੋਂ 26 ਮਾਰਚ ਤਕ 35 ਕਿੱਲੋ ਤੋਂ ਵੱਧ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਜਿਸ ਵਿੱਚੋਂ 10 ਕਿੱਲੋ 336 ਗ੍ਰਾਮ ਹੈਰੋਇਨ ਦੀਆਂ ਖੇਪਾਂ ਡ੍ਰੋਨਾਂ ਦੀ ਮਦਦ ਨਾਲ ਭਾਰਤੀ ਖੇਤਰ ਵਿਚ ਆਈਆਂ ਸਨ ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਤਸਕਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਮਹੀਨਿਆਂ ਵਿਚ 11 ਡ੍ਰੋਨ ਬਰਾਮਦ ਹੋਏ ਹਨ ਜਦੋਂਕਿ ਡ੍ਰੋਨ ਗਤੀਵਿਧੀਆਂ ਸਬੰਧੀ 44 ਕੇਸ ਵੀ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 6 ਨੂੰ ਪੁਲਿਸ ਨੇ ਹੱਲ ਵੀ ਕੀਤਾ ਹੈ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਐੱਨਡੀਪੀਐੱਸ ਐਕਟ ਤਹਿਤ 68 ਮੁਕੱਦਮੇ 1 ਜਨਵਰੀ ਤੋਂ 26 ਮਾਰਚ ਤਕ ਦਰਜ ਹੋਏ ਹਨ ਅਤੇ 85 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 24 ਕਿੱਲੋ 669 ਗ੍ਰਾਮ ਹੈਰੋਇਨ, ਦੋ ਕਿੱਲੋ ਅਫੀਮ, 17 ਕਿੱਲੋ ਚੂਰਾ ਪੋਸਤ, 5 ਕਿੱਲੋ 77 ਗ੍ਰਾਮ ਆਈਸ ਅਤੇ 630 ਨਸ਼ੀਲੀਆਂ ਗੋਲੀਆਂ ਤੇ ਕੈਪਸੁੂਲ ਬਰਾਮਦ ਕੀਤੇ ਗਏ ਹਨ।

ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਸ ਨੂੰ ਨਸ਼ੇ ਤੋਂ ਪ੍ਰਭਾਵਿਤ ਇਲਾਕਾ ਮੰਨਦਿਆਂ ਸਰਕਾਰ ਵੱਲੋਂ ਦੋ ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਤਰਨਤਾਰਨ ਅਤੇ ਸਿਵਲ ਹਸਪਤਾਲ ਪੱਟੀ ਵਿਖੇ ਖੋਲ੍ਹੇ ਗਏ ਸਨ ਜਦੋਂਕਿ ਦੋ ਮੁੜ ਵਸੇਬਾ ਕੇਂਦਰਾਂ ਦਾ ਨਿਰਮਾਣ ਪਿੰਡ ਠਰੂ ਤਰਨਤਾਰਨ ਅਤੇ ਭੱਗੂਪੁਰ ਪੱਟੀ ਵਿਖੇ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਿਵਾ ਕੇ ਮੁੜ ਮੁੱਖ ਧਾਰਾ ਵਿਚ ਲਿਆ ਕੇ ਉਨ੍ਹਾਂ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਵੇਲੇ ਲਿਆਂਦੀ ਗਈ ਓਟ ਸਕੀਮ ਤਹਿਤ ਤਰਨਤਾਰਨ  ਵਿਚ ਉਸ ਵੇਲੇ ਠਰੂ, ਭੱਗੂਪੁਰ, ਕਸੇਲ, ਸੁਰਸਿੰਘ, ਘਰਿਆਲਾ, ਕੈਰੋਂ, ਸਰਹਾਲੀ, ਮੀਆਂਵਿੰਡ, ਖਡੂਰ ਸਾਹਿਬ, ਖੇਮਕਰਨ, ਤਰਨਤਾਰਨ, ਹਰੀਕੇ ਪੱਤਣ, ਪੱਟੀ ਅਤੇ ਭਿੱਖੀਵਿੰਡ ਵਿਖੇ 20 ਓਟ ਕੇਂਦਰ ਖੋਲ੍ਹੇ ਗਏ ਸਨ ।ਇਸ ਤੋਂ ਇਲਾਵਾ ਤਿੰਨ ਓਐੱਸਟੀ ਕੇਂਦਰ ਤਰਨਤਾਰਨ, ਪੱਟੀ ਅਤੇ ਝਬਾਲ ਵਿਖੇ ਚੱਲ ਰਹੇ ਹਨ।

ਕਿਸ ਓਟ ਕੇਂਦਰ ਵਿਚ ਕਿੰਨੇ ਮਰੀਜ਼ ਹਨ ਰਜਿਸਟਰਡ

ਵਿਭਾਗ ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਇਸ ਵੇਲੇ 24 ਹਜ਼ਾਰ 981 ਨਸ਼ਾ ਛੱਡਣ ਵਾਲੇ ਮਰੀਜ਼ ਰਜਿਸਟਰਡ ਹਨ ਅਤੇ 11 ਹਜ਼ਾਰ ਤੋਂ ਵੱਧ ਮਰੀਜ਼ ਹਰ ਰੋਜ਼ ਨਸ਼ਾ ਛੱਡਣ ਦੀ ਦਵਾਈ ਲੈਣ ਵਾਸਤੇ ਕੇਂਦਰਾਂ ਤੱਕ ਪਹੁੰਚ ਕਰਦੇ ਹਨ। ਜ਼ਿਲ੍ਹੇ ਵਿਚ ਨਸ਼ਾ ਛੁਡਾਉਣ ਲਈ 6 ਨਿੱਜੀ ਨਸ਼ਾ ਛੁਡਾਊ ਕੇਂਦਰ ਵੀ ਯਤਨਸ਼ੀਲ ਹਨ।ਤਰਨਤਾਰਨ 976,ਭੱਗੂਪੁਰ 2955,ਕਸੇਲ 1109

,ਭਿੱਖੀਵਿੰਡ 2087, ਰਾਜੋਕੇ 362,ਘਰਿਆਲਾ 2641,ਗੋਇੰਦਵਾਲ ਸਾਹਿਬ 790,ਸੁਰਸਿੰਘ 1755, ਮੀਆਂਵਿੰਡ 735 , ਹਰੀਕੇ 993, ਸਰਹਾਲੀ 2310,ਨੌਸ਼ਹਿਰਾ ਪਨੂੰਆਂ 180,ਕਿਰਤੋਵਾਲ 400,ਖੇਮਕਰਨ 1947, ਬ੍ਰਹਮਪੁਰਾ 7,ਖਡੂਰ ਸਾਹਿਬ 2531,ਪੱਟੀ 740,ਠਰੂ 1307,ਗੋਇੰਦਵਾਲ ਜੇਲ੍ਹ 31 ਇਲਾਜ਼ ਕਰਵਾ ਰਹੇ ਹਨ।

ਤਰਨਤਾਰਨ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਸਿੰਘ ਕਾਲੜਾ ਨੇ ਦੱਸਿਆ ਕਿ ਨਸ਼ਾ ਛੱਡਣ ਦੀ ਇੱਛਾ ਸ਼ਕਤੀ ਨਾਲ ਜੋ ਮਰੀਜ਼ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਰਿਹਾਇਸ਼, ਖਾਣਾ ਅਤੇ ਦਵਾਈ ਬਿਲਕੁੱਲ ਮੁਫ਼ਤ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਹੈਰੋਇਨ ਤੋਂ ਨਸ਼ਾ ਮੁਕਤ ਹੋਣ ਲਈ ਇਸ ਦੇ ਆਦੀ ਵਿਅਕਤੀ ਨੂੰ ਲੰਮੀ ਲੜਾਈ ਲੜਨੀ ਪੈਂਦੀ ਹੈ। ਘੱਟ ਨਸ਼ੇ ਵਾਲੀ ਦਵਾਈ ਲੰਮੇ ਸਮੇਂ ਲਈ ਲੈਣ ਦੇ ਨਾਲ ਨਾਲ ਉਸ ਨੂੰ ਪਰਿਵਾਰਕ ਤੇ ਸਮਾਜਿਕ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। 

 ਕਈ ਮਾਹਿਰ ਇਹ ਰਾਏ ਦਿੰਦੇ ਹਨ ਕਿ ਕੁਝ ਦਹਾਕੇ ਪਹਿਲਾਂ ਦੁਨੀਆ ਭਰ ਦੀਆਂ ਸਰਕਾਰਾਂ ਨੇ ਉਨ੍ਹਾਂ ਨਸ਼ਿਆਂ ਜਿਹੜੇ ਲੋਕ ਸਦੀਆਂ ਤੋਂ ਕਰਦੇ ਆ ਰਹੇ ਸਨ, ’ਤੇ ਸਖ਼ਤ ਪਾਬੰਦੀਆਂ ਲਗਾਈਆਂ, ਜਿਸ ਕਾਰਨ ਹੈਰੋਇਨ ਜਿਹੇ ਨਸ਼ੇ ਵਧੇ ਅਤੇ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਗਏ। ਇਸ ਸਮੱਸਿਆ ’ਤੇ ਕਾਬੂ ਪਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਦੂਰ ਦ੍ਰਿਸ਼ਟੀ ਵਾਲੀਆਂ ਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਦੀ ਲੋੜ ਹੈ।