ਦਿੱਲੀ ਪੁਲਿਸ ਵੱਲੋਂ ਸਿੱਖਾਂ ਦੀ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਦਿੱਤੀ
ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ ਵਿਖੇ ਪੁਲਿਸ ਵੱਲੋਂ ਸਿੱਖ ਡਰਾਈਵਰ ਨਾਲ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।
ਮੁਖਰਜੀ ਨਗਰ ਵਿੱਚ ਗ੍ਰਾਮੀਣ ਆਟੋ ਚਾਲਕ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਦਿੱਲੀ ਪੁਲੀਸ ਨੇ ਆਟੋ ਚਾਲਕ ਅਤੇ ਦਿੱਲੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਮਾਨਾਂਤਰ ਮਾਮਲੇ ਦਰਜ ਕੀਤੇ ਹਨ।
ਇਸੇ ਦੌਰਾਨ ਦੇਰ ਰਾਤ ਦਿੱਲੀ ਦੇ ਸੈਂਕੜੇ ਸਿੱਖਾਂ ਨੇ ਮੁਖਰਜੀ ਨਗਰ ਥਾਣੇ ਦਾ ਘਿਰਾਓ ਕਰ ਦਿੱਤਾ। ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਸ਼ਖਸੀਅਤਾਂ ਵੀ ਮੌਕੇ ’ਤੇ ਪੁੱਜ ਗਈਆਂ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਿਨ ਵੇਲੇ ਹੀ ਇਲਾਕੇ ਵਿੱਚ ਨੀਮ ਫੌਜੀ ਬਲ ਤਾਇਨਾਤ ਕਰ ਦਿੱਤੇ ਗਏ ਸਨ।
ਦਿੱਲੀ ਪੁਲੀਸ ਦੇ ਡੀਸੀਪੀ ਮਧੁਰ ਵਰਮਾ ਨੇ ਦੱਸਿਆ ਕਿ ਪਹਿਲੀ ਐਫਆਈਆਰ ਆਟੋ ਚਾਲਕ ਸਰਬਜੀਤ ਸਿੰਘ ਖ਼ਿਲਾਫ਼ ਦਰਜ ਕੀਤੀ ਗਈ ਹੈ। ਵਰਮਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਟੋ ਚਾਲਕ ਤੇ ਜ਼ਖ਼ਮੀ ਪੁਲੀਸ ਵਾਲਿਆਂ ਦੀਆਂ ਡਾਕਟਰੀ ਰਿਪਰੋਟਾਂ ਆਉਣ ’ਤੇ ਕੇਸਾਂ ਵਿੱਚ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਆਟੋ ਚਾਲਕ ਦੇ ਨਾਬਾਲਗ ਪੁੱਤਰ ਖ਼ਿਲਾਫ਼ ਵੀ ਕੇਸ ਦਰਜ ਹੋ ਸਕਦਾ ਹੈ। ਸਰਬਜੀਤ ਸਿੰਘ ਨੇ ਜਾਨੋਂ ਮਾਰਨ ਦੀ ਧਮਕੀ, ਸੱਟਾਂ ਮਾਰਨ ਤੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਕੀਤੀ ਹੈ। ਆਟੋ ਚਾਲਕ ਦੇ ਨਾਬਾਲਗ ਪੁੱਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਪੁਲੀਸ ਦਾ ਘੇਰਾ ਤੋੜਨ ਲਈ ਆਟੋ ਪੁਲੀਸ ਵਾਲਿਆਂ ਵਿੱਚ ਮਾਰਿਆ, ਜਿਸ ਤੋਂ ਘੇਰਾ ਟੁੱਟਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵਾਲੇ ਨੇ ਪਹਿਲਾਂ ਉਸ ਨੂੰ ਅਸ਼ਬਦ ਬੋਲੇ, ਜਿਸ ਤੋਂ ਬਾਅਦ ਉਸ ਨੇ ਆਪਣੇ ਬਚਾਓ ਦੀ ਕੋਸ਼ਿਸ਼ ਕੀਤੀ।
Comments (0)