ਹਿੰਦੂ ਭੀੜ ਵੱਲੋਂ 24 ਸਾਲਾ ਮੁਸਲਮਾਨ ਨੌਜਵਾਨ ਦਾ ਕਤਲ
ਨਵੀਂ ਦਿੱਲੀ: ਭਾਰਤ ਵਿੱਚ ਘੱਟਗਿਣਤੀ ਧਰਮਾਂ ਖਿਲਾਫ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹਿੰਦੀ ਖੇਤਰ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਵਿੱਚ 24 ਸਾਲਾ ਮੁਸਲਿਮ ਨੌਜਵਾਨ ਤਬਰੇਜ਼ ਅੰਸਾਰੀ ਨੂੰ ਹਿੰਦੂ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ।
ਦਰਅਸਲ 18 ਜੂਨ ਨੂੰ ਤਬਰੇਜ਼ ਅੰਸਾਰੀ ਨੂੰ ਚੋਰੀ ਦਾ ਦੋਸ਼ ਲਾ ਕੇ ਭੀੜ ਨੇ ਦਰਖਤ ਨਾਲ ਬੰਨ੍ਹ ਕੁੱਟਿਆ ਤੇ ਇਸ ਕੁੱਟਮਾਰ ਕਾਰਨ ਉਸਦੀ 22 ਜੂਨ ਨੂੰ ਮੌਤ ਹੋ ਗਈ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ ਸੀ। ਜਦੋਂ ਭੀੜ ਤਬਰੇਜ਼ ਨੂੰ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟ ਰਹੀ ਸੀ ਤਾਂ ਤਬਰੇਜ਼ ਉੁਹਨਾਂ ਅੱਗੇ ਤਰਸ ਕਰਨ ਲਈ ਮਿੰਨਤਾਂ ਤਰਲੇ ਕਰ ਰਿਹਾ ਸੀ। ਵੀਡੀਓ ਵਿੱਚ ਤਬਰੇਜ਼ ਨੂੰ ਕੁੱਟਣ ਦੇ ਨਾਲ-ਨਾਲ ਉਸ ਨੂੰ ਜ਼ਬਦਸਤੀ "ਜੈ ਸ੍ਰੀ ਰਾਮ" ਅਤੇ "ਜੈ ਹਨੂਮਾਨ" ਕਹਿਣ ਲਈ ਕਿਹਾ ਜਾ ਰਿਹਾ ਹੈ।
ਆਪਣੇ ਸ਼ੌਹਰ ਦੀ ਮੌਤ ਮਗਰੋਂ ਤਬਰੇਜ਼ ਦੀ ਬੇਗਮ ਸ਼ਾਇਸਤਾ ਪਰਵੀਨ ਨੇ ਰੋਂਦਿਆਂ ਕਿਹਾ, "ਉਹ 17 ਜੂਨ ਦੀ ਰਾਤ ਸੀ। ਮੇਰੇ ਸ਼ੌਹਰ ਜਮਸ਼ੇਦਪੁਰ ਪਿੰਡ ਤੋਂ ਵਾਪਸ ਆ ਰਹੇ ਸਨ, ਤੇ ਉਸੇ ਵੇਲੇ ਧਾਤਕੀਡੀਹ ਪਿੰਡ 'ਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਚੋਰੀ ਦਾ ਇਲਜ਼ਾਮ ਲਗਾ ਕੇ ਸਾਰੀ ਰਾਤ ਬਿਜਲੀ ਦੇ ਖੰਭੇ ਨਾਲ ਬੰਨੀ ਰੱਖਿਆ। ਨਾ ਬੋਲਣ 'ਤੇ ਮੇਰੇ ਸ਼ੌਹਰ ਨੂੰ ਬਹੁਤ ਕੁੱਟਿਆ।"
"ਸਵੇਰ ਹੋਣ 'ਤੇ ਉਨ੍ਹਾਂ ਨੂੰ ਸਰਾਏਕੇਲਾ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ 'ਤੇ ਕਾਰਵਾਈ ਦੀ ਥਾਂ ਮੇਰੇ ਸ਼ੌਹਰ ਨੂੰ ਹੀ ਚੋਰੀ ਦੇ ਇਲਜ਼ਾਮ ਤਹਿਤ ਜੇਲ੍ਹ 'ਚ ਭੇਜ ਦਿੱਤਾ। ਉਨ੍ਹਾਂ ਨੂੰ ਕਈ ਗੁੱਝੀਆਂ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਦਾ ਇੰਤਕਾਲ ਹੋ ਗਿਆ।"
ਸ਼ਾਇਸਤਾ ਨੇ ਅੱਗੇ ਦੱਸਿਆ, "ਮੈਂ ਪੁਲਿਸ ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੂੰ ਮੇਰੀ ਰਿਪੋਰਟ ਦਰਜ ਕਰ ਕੇ ਮੈਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਤਬਰੇਜ਼ ਸਿਰਫ਼ 24 ਸਾਲ ਦੇ ਸਨ। ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ 'ਚ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਲਾਪਰਵਾਹੀ ਵਰਤੀ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।"
ਇਸ ਘਟਨਾ ਨਾਲ ਜਿੱਥੇ ਭਾਰਤ ਵਿੱਚ ਘੱਟਗਿਣਤੀ ਨਾਲ ਸਬੰਧਿਤ ਲੋਕਾਂ 'ਤੇ ਹੁੰਦੇ ਵਹਿਸ਼ੀ ਹਮਲਿਆਂ ਦੀ ਇੱਕ ਹੋਰ ਕੜੀ ਜੁੜੀ ਹੈ ਉੱਥੇ ਭਾਰਤੀ ਪੁਲਿਸ ਪ੍ਰਬੰਧ ਦਾ ਵਤੀਰਾ ਵੀ ਜੱਗ ਜਾਹਿਰ ਹੋਇਆ ਹੈ। ਤਬਰੇਜ਼ ਦੀ ਮੌਤ ਮਗਰੋਂ ਭੀੜ ਵਿੱਚੋਂ ਇੱਕ ਸਖਸ਼ ਪੰਪੂ ਮੰਡਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਭੀੜਾਂ ਵੱਲੋਂ ਕੀਤੇ ਜਾਂਦੇ ਕਤਲਾਂ ਨੂੰ ਲੈ ਕੇ ਝਾਰਖੰਡ ਹਮੇਸ਼ਾ ਸੁਰਖ਼ੀਆਂ 'ਚ ਰਿਹਾ ਹੈ। ਝਾਰਖੰਡ ਜਨਾਧਿਕਾਰ ਮੋਰਚਾ ਦੀ ਇੱਕ ਰਿਪੋਰਟ ਮੁਤਾਬਕ ਮੌਜੂਦਾ ਭਾਜਪਾ ਸ਼ਾਸਨ 'ਚ ਘੱਟੋ-ਘੱਟ 12 ਲੋਕ ਇੱਥੇ ਭੀੜ ਹੱਥੋਂ ਮਾਰੇ ਗਏ।
ਇਨ੍ਹਾਂ ਵਿਚੋਂ 10 ਮੁਸਲਮਾਨ ਹਨ ਅਤੇ 2 ਆਦਿਵਾਸੀ। ਵਧੇਰੇ ਮਾਮਲਿਆਂ 'ਚ ਧਾਰਮਿਕ ਅਸੰਤੁਸ਼ਟੀ ਦੀਆਂ ਗੱਲਾਂ ਸਾਹਮਣੇ ਆਈਆਂ ਅਤੇ ਮੁਲਜ਼ਮਾਂ ਦਾ ਸਬੰਧ ਭਾਜਪਾ ਜਾਂ ਵਿਸ਼ਵ ਹਿੰਦੂ ਪਰੀਸ਼ਦ ਤੇ ਉਸ ਦੇ ਸਹਾਇਕ ਸੰਗਠਨਾਂ ਨਾਲ ਨਿਕਲਿਆ।
ਰਾਮਗੜ੍ਹ 'ਚ ਹੋਈ ਅਲਾਮੁਦੀਨ ਅੰਸਾਰੀ ਦੇ ਭੀੜ ਹੱਥੋਂ ਕਤਲ ਦੇ ਦੋਸ਼ੀਆਂ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ 'ਤੇ ਉਨ੍ਹਾਂ ਦਾ ਮਾਲਾ ਪਾ ਕੇ ਸਵਾਗਤ ਕੀਤੇ ਜਾਣ 'ਤੇ ਨਰਿੰਦਰ ਮੋਦੀ ਸਰਕਾਰ ਦੇ ਤਤਕਾਲੀ ਮੰਤਰੀ ਜਯੰਤ ਸਿਨਹਾ ਦੀ ਕਾਫੀ ਆਲੋਚਨਾ ਵੀ ਹੋਈ ਸੀ।
ਇਸ ਦੇ ਬਾਵਜੂਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਕੇਸ ਲੜ੍ਹਣ ਲਈ ਆਰਥਿਕ ਮਦਦ ਵੀ ਭੇਜੀ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)