ਬਿੱਟੂ ਦੀ ਲਾਸ਼ ਦਾ ਸੰਸਕਾਰ ਤਾਂ ਕਰਾਂਗੇ ਪਹਿਲਾਂ ਬੇਅਦਬੀ ਦੇ ਪਰਚੇ ਰੱਦ ਕਰੋ: ਡੇਰਾ ਸਿਰਸਾ

ਬਿੱਟੂ ਦੀ ਲਾਸ਼ ਦਾ ਸੰਸਕਾਰ ਤਾਂ ਕਰਾਂਗੇ ਪਹਿਲਾਂ ਬੇਅਦਬੀ ਦੇ ਪਰਚੇ ਰੱਦ ਕਰੋ: ਡੇਰਾ ਸਿਰਸਾ
ਮੋਹਿੰਦਰਪਾਲ ਬਿੱਟੂ ਦੀ ਲਾਸ਼ ਰੱਖ ਕੇ ਬੈਠੇ ਡੇਰਾ ਸਿਰਸਾ ਪ੍ਰੇਮੀ

ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਵਿੱਚੋਂ ਚੋਰੀ ਕਰਕੇ ਬੇਅਦਬੀ ਕਰਨ ਦੇ ਮਾਮਲੇ ਦੇ ਦੋਸ਼ੀ ਡੇਰਾ ਸਿਰਸਾ ਦੀ 45 ਮੈਂਬਰੀ ਉੱਚ ਕਮੇਟੀ ਦੇ ਆਗੂ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਦੋ ਸਿੱਖ ਨੌਜਵਾਨਾਂ ਵੱਲੋਂ ਕਤਲ ਕੀਤੇ ਜਾਣ ਮਗਰੋਂ ਕੋਟਕਪੂਰਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਡੇਰਾ ਸਿਰਸਾ ਪ੍ਰੇਮੀ ਬਿੱਟੂ ਦੀ ਲਾਸ਼ ਨੂੰ ਕੋਟਕਪੂਰਾ ਸਥਿਤ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਵਿੱਚ ਲੈ ਆਏ ਹਨ ਤੇ ਉਹਨਾਂ ਉਸ ਸਮੇਂ ਤੱਕ ਸੰਸਕਾਰ ਕਰਨ ਤੋਂ ਨਾਹ ਕਰ ਦਿੱਤੀ ਹੈ ਜਦੋਂ ਤੱਕ ਡੇਰਾ ਸਿਰਸਾ ਪ੍ਰੇਮੀਆਂ ਖਿਲਾਫ ਦਰਜ ਬੇਅਦਬੀ ਦੇ ਮਾਮਲੇ ਰੱਦ ਨਹੀਂ ਕੀਤੇ ਜਾਂਦੇ। 

ਜ਼ਿਕਰਯੋਗ ਹੈ ਕਿ ਬਿੱਟੂ ਬੇਅਦਬੀ ਨਾਲ ਸਬੰਧਿਤ ਤਿੰਨ ਮਾਮਲਿਆਂ ਵਿੱਚ ਨਾਮਜ਼ਦ ਸੀ। ਇਹ ਤਿੰਨ ਮਾਮਲੇ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਕਰਨਾ, ਫੇਰ 25 ਸਤੰਬਰ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਦੀਆਂ ਕੰਧਾਂ 'ਤੇ ਸਿੱਖ ਨੂੰ ਵੰਗਾਰ ਪਾਉਂਦੇ ਪੋਸਟਰ ਲਾਉਣੇ ਜਿਹਨਾਂ 'ਤੇ ਲਿਖਿਆ ਸੀ ਕਿ ਜੇ ਸਿੱਖ ਆਪਣੇ ਗੁਰੂ ਦੀ ਬੇਅਦਬੀ ਨੂੰ ਰੋਕ ਸਕਦੇ ਹਨ ਤਾਂ ਰੋਕ ਕੇ ਵਖਾਉਣ ਤੇ ਫੇਰ 22 ਅਕਤੂਬਰ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗਾਂ ਨੂੰ ਪਾੜ੍ਹ ਕੇ ਖਿਲਾਰਨਾ ਸ਼ਾਮਿਲ ਹਨ।

ਬੀਤੇ ਕੱਲ੍ਹ ਕੋਟਕਪੂਰਾ ਦੇ ਪ੍ਰੇਮੀਆਂ ਦੇ ਅੱਡੇ 'ਤੇ ਬਿੱਟੂ ਦੀ ਲਾਸ਼ ਕੋਲ ਪ੍ਰੇਮੀਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਜਿਸ ਦੇ ਚਲਦਿਆਂ ਪ੍ਰਸ਼ਾਸਨ ਮੁਸਤੈਦੀ ਵਰਤ ਰਿਹਾ ਹੈ ਤੇ ਪ੍ਰਸ਼ਾਸਨਿਕ ਸੂਤਰਾਂ ਦਾ ਕਹਿਣਾ ਹੈ ਕਿ ਜੇ ਪ੍ਰੇਮੀਆਂ ਦਾ ਇਕੱਠ ਵੱਡਾ ਹੁੰਦਾ ਨਜ਼ਰ ਆਇਆ ਤਾਂ ਇੱਥੇ ਕਰਫਿਊ ਵੀ ਲਾਇਆ ਜਾ ਸਕਦਾ ਹੈ। 

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਿੱਟੂ ਨੂੰ ਵੱਖਰੀ ਕੋਠੜੀ ਵਿੱਚ ਰੱਖਿਆ ਗਿਆ ਸੀ ਪਰ ਸਭ ਪ੍ਰਬੰਧਾਂ ਦੇ ਬਾਵਜੂਦ ਬਿੱਟੂ 'ਤੇ ਹਮਲਾ ਹੋਇਆ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ