ਹਰਿਆਣਾ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਦੁਸ਼ਮਣ ਦੀ ਫੌਜ ਵਰਗਾ ਸਲੂਕ
ਕਿਸਾਨਾਂ ਦੇ ਸਰੀਰ ‘ਤੇ ਪੈਲੇਟ ਗੰਨ ਦੇ ਅਣਗਿਣਤ ਜ਼ਖਮ
*ਫੌਜ ਵਲੋਂ ਕਸ਼ਮੀਰ ਵਿਚ ਵਰਤੀ ਗਈ ਪੈਲੇਟ ਗੰਨ ਦੀ ਵਰਤੋਂ ਕਿਸਾਨਾਂ ਵਿਰੁਧ ਹੋਈ
*ਡਰੋਨ ਹਮਲਿਆਂ ਦੀ ਇਜ਼ਾਜਤ ਕਿਸਨੇ ਦਿੱਤੀ?
ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਮੋਰਚੇ ਨੂੰ ਦਿੱਲੀ ਜਾਣ ਤੋਂ ਰੋਕਣ ਲਈ 7 ਪਰਤਾਂ ਵਾਲੀ ਬੈਕੀਕੇਡਿੰਗ ਕੀਤੀ ਹੋਈ ਹੈ ਅਤੇ ਅਮਨ-ਸ਼ਾਂਤੀ ਨਾਲ ਰੋਸ ਪ੍ਰਗਟਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ 'ਤੇ ਅੰਨ੍ਹੇਵਾਹ ਅੱਥਰੂ ਗੈਸ ਹੀ ਨਹੀਂ, ਸਗੋਂ ਅਜਿਹੇ ਹਥਿਆਰ ਵੀ ਵਰਤੇ ਹਨ ਜੋ ਅਰਧ ਫ਼ੌਜੀ ਬਲ ਹੀ ਵਰਤਦੇ ਹਨ।ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।ਇਥੋਂ ਤਕ ਕਸ਼ਮੀਰ ਵਿਚ ਪਾਬੰਦੀ ਲਗੀ ਪੈਲੇਟ ਗੰਨ ਵਰਤੀ ਗਈ ਜੋ ਫੌਜ ਵਲੋਂ ਵਰਤੀ ਜਾਂਦੀ ਸੀ।ਪੈਲਟ ਗੰਨ ਇੱਕ ਪੰਪਿੰਗ ਬੰਦੂਕ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਕਾਰਤੂਸ ਵਰਤੇ ਜਾਂਦੇ ਹਨ। ਇੱਕ ਵਾਰ ਇਸਨੂੰ ਫਾਇਰ ਕਰਨ ਤੋਂ ਬਾਅਦ, ਸੈਂਕੜੇ ਛਰੇ ਨਿਕਲਦੇ ਹਨ ਜੋ ਪਲਾਸਟਿਕ ਦੇ ਬਣੇ ਹੁੰਦੇ ਹਨ। ਇਹ ਗੋਲੀਆਂ ਬਹੁਤ ਵੱਡੇ ਖੇਤਰ ਨੂੰ ਕਵਰ ਕਰਦੀਆਂ ਹਨ ਅਤੇ ਜਿਸ ਅੰਗ ਉਪਰ ਲਗਦੀਆਂ ਹਨ ਉਸ ਦੇ ਟਿਸ਼ੂਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੰਦੀਆਂ ਹਨ ।ਇਹ ਕਸ਼ਮੀਰ ਦੇ ਸੰਘਰਸ਼ ਨੂੰ ਦਬਾਉਣ ਲਈ ਫੌਜ ਵਲੋਂ ਵਰਤੀਆਂ ਗਈਆਂ ਸਨ।ਹਰਿਆਣਾ ਦੀ ਸਰਕਾਰ ਨੂੰ ਕੀ ਹੱਕ ਹੈ ਕਿ ਸ਼ਾਂਤੀਪੂਰਨ ਰੋਸ ਪ੍ਰਗਟ ਕਰਨ ਜਾ ਰਹੇ ਲੋਕਾਂ ਨੂੰ ਆਪਣੀ ਹੱਦ 'ਤੇ ਦੁਸ਼ਮਣਾਂ ਵਾਂਗ ਰੋਕੇ ਤੇ ਡਰੋਨ ਰਾਹੀਂ ਅਥਰੂ ਤੇ ਮਿਰਚੀ ਗੈਸ ਦੇ ਗੋਲਿਆਂ ਤੇ ਪੈਲੇਟ ਗੰਨ ਨਾਲ ਜਾਨਲੇਵਾ ਹਮਲੇ ਕਰੇ? ਕਿਸਾਨਾਂ ਨਾਲ ਮੋਦੀ ਤੇ ਖੱਟੜ ਸਰਕਾਰ ਵਲੋਂ ਇੱਕ ਵਾਰ ਫਿਰ ਦੁਸ਼ਮਣੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਦਿੱਲੀ ਨਾ ਆਉਣ ਦਿਓ।
ਦਿੱਲੀ ਦਾ ਹਰ ਬਾਰਡਰ ਸੀਲ ਹੈ।ਰਸਤਿਆਂ ਉਪਰ ਮੋਟੇ ਸੀਮਿੰਟ ਬੈਰੀਕੇਡ,ਸੜਕਾਂ 'ਤੇ ਵੱਡੇ ਵੱਡੇ ਮੇਖ ਲਗੇ ਹਨ। ਹਰਿਆਣੇ ਦੇ ਹਰ ਪਿੰਡ ਵਿੱਚ ਮਾਈਕ ਰਾਹੀਂ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਦਿੱਲੀ ਜਾਵੇਗਾ ਉਸ ਦਾ ਟਰੈਕਟਰ ਜ਼ਬਤ ਕਰ ਲਿਆ ਜਾਵੇਗਾ। ਪਾਸਪੋਰਟ ਰੱਦ ਕਰ ਦਿੱਤਾ ਜਾਵੇਗਾ। ਗ੍ਰਿਫਤਾਰੀ ਵੀ ਹੋਵੇਗੀ।
ਇਥੋਂ ਤਕ ਇੰਦਰਾ ਦੇ ਰਾਜ ਕਾਲ ਵੇਲੇ ਐਮਰਜੈਂਸੀ ਦੌਰਾਨ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਅੰਦੋਲਨਾਂ ਨੂੰ ਰੋਕਿਆ ਨਹੀਂ ਗਿਆ ਸੀ, ਜਿਸ ਦਾ ਜ਼ਿਕਰ ਕਰਕੇ ਭਾਜਪਾ ਹਮੇਸ਼ਾ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਅੱਜ ਮੋਦੀ ਸਰਕਾਰ ਤੋਂ ਕੋਈ ਪੁੱਛਣ ਵਾਲਾ ਨਹੀਂ। ਮੀਡੀਆ ਇੱਕ ਵੀ ਸਵਾਲ ਨਹੀਂ ਉਠਾ ਰਿਹਾ। ਉਲਟਾ ਉਸ ਨੇ ਮੁੜ ਕਿਸਾਨਾਂ ਨੂੰ ਬਦਨਾਮ ਕਰਨ ਦੇ ਉਹੀ ਯਤਨ ਸ਼ੁਰੂ ਕਰ ਦਿੱਤੇ ਹਨ ਜੋ ਕਿ ਉਹ ਦੋ ਸਾਲ ਪਹਿਲਾਂ ਕਰ ਰਿਹਾ ਸੀ। ਨਿਆਂਪਾਲਿਕਾ ਇਹ ਭੁੱਲ ਗਈ ਹੈ ਕਿ ਇਹ ਕਦੇ ਖ਼ੁਦ-ਬ-ਖ਼ੁਦ ਕਾਰਵਾਈ ਕਰਦੀ ਸੀ। ਅੱਜ ਕੋਈ ਲੋਕ ਹਿਤ ਵਿਚ ਸਰਕਾਰ ਦੇ ਵਿਰੋਧ ਵਿਚ ਜਾਂਦਾ ਵੀ ਹੈ, ਕੋਈ ਸੁਣਵਾਈ ਨਹੀਂ ਹੁੰਦੀ।
ਕੇਂਦਰ ਦੇ ਨਾਲ ਤੀਜ਼ੇ ਰਾਊਂਡ ਦੀ ਗੱਲਬਾਤ ਦੌਰਾਨ ਕਿਸਾਨ ਆਗੂਆਂ ਅਤੇ ਪੰਜਾਬ ਸਰਕਾਰ ਨੇ ਸਖਤੀ ਦੇ ਨਾਲ ਕਿਸਾਨਾਂ ‘ਤੇ ਪੈਲੇਟ ਗੰਨ ਅਤੇ ਡ੍ਰੋਨ ਦੇ ਨਾਲ ਹੋ ਰਹੇ ਹਮਲਿਆਂ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਹੈ । ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਜਖਮੀ ਹੋਏ 300 ਕਿਸਾਨਾਂ ਦੇ ਗਹਿਰੇ ਜ਼ਖ਼ਮ ਹਨ । ਇਨ੍ਹਾਂ ਨੂੰ ਪਟਿਆਲਾ ਅਤੇ ਬਨੂੜ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ,ਜਿਥੇ ਇਨ੍ਹਾਂ ਦਾ ਹੁਣ ਵੀ ਇਲਾਜ਼ ਚੱਲ ਰਿਹਾ ਹੈ ।
ਪਟਿਆਲਾ ਦੀ ਚੀਫ ਮੈਡੀਕਲ ਅਫਸਰ ਡਾਕਟਰ ਰਮਨਿੰਦਰ ਕੌਰ ਅਨੁਸਾਰ ਉਨ੍ਹਾਂ ਦੇ ਕੋਲ 75 ਜ਼ਖਮੀ ਆ ਚੁੱਕੇ ਹਨ । ਉਨ੍ਹਾਂ ਦੇ ਸਿਰ ‘ਤੇ ਰਬੜ ਬੁਲੇਟ ਲੱਗੀਆਂ ਹਨ ਅਤੇ ਅੱਥਰੂ ਤੇ ਮਿਰਚੀ ਗੈਸ ਦੀਆਂ ਵਜ੍ਹਾ ਕਰਕੇ ਅੱਖਾਂ ਵਿੱਚ ਗੰਭੀਰ ਜ਼ਖਮ ਹੋਏ ਹਨ । ਚਾਰ ਕਿਸਾਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ,8 ਜਖ਼ਮੀਆਂ ਦਾ ਇਲਾਜ ਹੁਣ ਵੀ ਰਾਜਪੁਰਾ ਵਿੱਚ ਚੱਲ ਰਿਹਾ ਹੈ ਅਤੇ 62 ਲੋਕਾਂ ਨੂੰ ਸ਼ੁਰੂਆਤੀ ਜਾਂਚ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।
ਕੋਟਕਪੂਰਾ ਦੇ ਰਹਿਣ ਵਾਲੇ ਜਸਕਰਨ ਸਿੰਘ ਗਰੈਜੁਏਸ਼ਨ ਦੀ ਪੜ੍ਹਾਈ ਕਰ ਰਹੇ ਹਨ । ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਦੀ ਇੱਕ ਗੋਲੀ ਉਨ੍ਹਾਂ ਦੇ ਸੱਜੇ ਹੱਥ ਦੇ ਆਰ-ਪਾਰ ਹੋ ਗਈ । ਜਸਕਰਨ ਸਿੰਘ ਦੇ ਪਰਿਵਾਰ ਦਾ ਪੁਸ਼ਤੈਨੀ ਕੰਮ ਖੇਤੀਬਾੜੀ ਹੈ।
ਮੁਹਾਲੀ ਦੇ ਜਗਮੀਤ ਸਿੰਘ ਵੀ ਰਾਜਪੁਰਾ ਹਸਪਾਲ ਵਿੱਚ ਦਾਖਲ ਹੈ, ਉਹ 14 ਫਰਵਰੀ ਨੂੰ 11 ਨਿਹੰਗਾਂ ਦੇ ਨਾਲ ਹਰਿਆਣਾ ਪੁਲਿਸ ਦੇ ਵੱਲ ਬੈਰੀਗੇਟਿੰਗ ਦੇ ਕੋਲ ਪਹੁੰਚਿਆ । ਉਨ੍ਹਾਂ ‘ਤੇ ਪੁਲੀਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਸਿਰ,ਹੱਥ ਅਤੇ ਪੈਰ ‘ਤੇ ਸੱਟਾਂ ਆਉਣ ਦੇ ਬਾਅਦ ਉਸ ਨੂੰ ਪੰਜਾਬ ਪੁਲਿਸ ਦੀ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਰਾਜਪੁਰਾ ਹਸਪਤਾਲ ਵਿੱਚ ਭਰਤੀ ਗੁਰਦਾਸਪੁਰ ਦੇ ਰਣਜੀਤ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਜਦੋਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਤਾਂ ਹਫੜਾ-ਦਫੜੀ ਮੱਚ ਗਈ । ਕੇਂਦਰ ਸਰਕਾਰ ਨੇ ਮੋਬਾਈਲ ਇੰਟਰਨੈੱਟ ਬੰਦ ਕਰਵਾ ਦਿੱਤਾ ਸੀ ।
ਤਰਨਤਾਰਨ ਦੇ ਵਿਕਰਮਜੀਤ ਸਿੰਘ ਵੀ ਰਾਜਪੁਰਾ ਦੇ ਹਸਪਤਾਲ ਵਿੱਚ ਭਰਤੀ ਹਨ । ਉਨ੍ਹਾਂ ਮੁਤਾਬਿਕ 13 ਫਰਵਰੀ ਦੀ ਦੁਪਹਿਰ 3 ਵਜੇ ਆਲੇ-ਦੁਆਲੇ ਜਦੋਂ ਬੈਰੀਕੇਡਸ ਦੇ ਵੱਲ ਵਧੇ ਤਾਂ ਅਚਾਨਕ ਇੱਕ ਗੋਲੀ ਉਸ ਦੇ ਹੱਥ ਵਿੱਚ ਜਾਕੇ ਲੱਗੀ । ਗੋਲੀ ਨਾਲ ਨਿਕਲੇ ਛਰੇ ਉਸ ਦੇ ਚਿਹਰੇ ,ਸਰੀਰ ਅਤੇ ਪੈਰਾਂ ‘ਤੇ ਸੱਟਾਂ ਤੇ ਜ਼ਖਮ ਹਨ।
ਸ਼ੰਭੂ ਮੋਰਚੇ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਗਏ 22 ਸਾਲਾ ਦਵਿੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਸਰਕਾਰੀ ਨੌਕਰੀ ਹਾਸਲ ਕਰਕੇ ਪੰਜਾਬ ਵਿੱਚ ਹੀ ਰਹੇਗਾ।ਪਰਿਵਾਰ ਮੁਤਾਬਕ 15 ਫਰਵਰੀ ਨੂੰ ਅੰਦੋਲਨ ਦੇ ਦੌਰਾਨ ਹੀ ਉਨ੍ਹਾਂ ਦੀ ਖੱਬੀ ਅੱਖ ਉੱਤੇ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਹੈ।ਦਵਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਿਹਰੇ 'ਤੇ ਪਲਾਸਟਿਕ ਦੀ ਗੋਲੀ ਅਤੇ ਅੱਥਰੂ ਗੈਸ ਦੇ ਗੋਲੇ ਲੱਗਣ ਨਾਲ ਦਵਿੰਦਰ ਕਥਿਤ ਤੌਰ 'ਤੇ ਗੰਭੀਰ ਜ਼ਖਮੀ ਹੋ ਗਿਆ ਸੀ।ਇਸ ਤੋਂ ਬਾਅਦ ਦਵਿੰਦਰ ਨੂੰ ਪਟਿਆਲਾ ਜ਼ਿਲ੍ਹੇ ਦੇ ਸਥਾਨਕ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ।ਫਿਰ ਉਸਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ ਨਾਲ ਸਬੰਧਤ ਮਨਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਦੀ 15 ਫਰਵਰੀ ਨੂੰ ਸਰਜਰੀ ਹੋਈ ਅਤੇ ਉਸ ਦੀ ਖੱਬੀ ਅੱਖ ਕੱਢ ਦਿੱਤੀ ਗਈ ਹੈ ।ਮਨਜੀਤ ਸਿੰਘ ਦਾ ਕਹਿਣਾ ਹੈ, “ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਦਵਿੰਦਰ ਨੂੰ ਸਹਾਇਤਾ ਦਿੱਤੀ ਜਾਵੇ ਕਿਉਂਕਿ ਉਸ ਦਾ ਭਵਿੱਖ ਬਿਲਕੁਲ ਧੁੰਦਲਾ ਹੋ ਗਿਆ ਹੈ।”
ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਦੱਸਿਆ, "ਘੱਟੋ-ਘੱਟ ਤਿੰਨ ਕਿਸਾਨਾਂ ਦੀ ਅੱਖਾਂ ਦੀ ਰੌਸ਼ਨੀ ਗਈ ਹੈ, ਉਨ੍ਹਾਂ ਵਿੱਚੋਂ ਇੱਕ ਚੰਡੀਗੜ੍ਹ ਦੇ 32 ਸੈਕਟਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਹੈ।
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਆਂ ਦਾ ਰਹਿਣ ਵਾਲੇ ਬਲਵਿੰਦਰ ਸਿੰਘ 13 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਜ਼ਖਮੀ ਹੋ ਗਏ ਸਨ।ਉਨ੍ਹਾਂ ਦੇ ਸਰੀਰ ਦੇ ਉਪਰਲੇ ਹਿੱਸੇ 'ਤੇ ਪੇਲੈਟ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।ਉਹ ਹੁਣ ਰਜਿੰਦਰਾ ਹਸਪਤਾਲ ਵਿਚ ਦਾਖਲ ਹਨ।"
ਬਲਵਿੰਦਰ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਰਨੂ ਦਾ ਬਿਕਰਮਜੀਤ ਸਿੰਘ ਵੀ ਧਰਨੇ ਵਿੱਚ ਹਿੱਸਾ ਲੈਣ ਲਈ ਖਨੌਰੀ ਬਾਰਡਰ ਗਏ ਸਨ।ਹਰਿਆਣਾ ਪੁਲਿਸ ਵੱਲੋਂ ਚਲਾਏ ਗਏ ਅੱਥਰੂ ਗੈਸ ਦੇ ਗੋਲੇ ਕਾਰਨ ਉਨ੍ਹਾਂ ਦੀ ਖੱਬੀ ਲੱਤ ਵਿੱਚ ਵੱਡਾ ਫਰੈਕਚਰ ਹੋ ਗਿਆ ਸੀ।ਬਿਕਰਮਜੀਤ ਸਿੰਘ ਦੇ ਜੀਜਾ ਅੰਗਰੇਜ਼ ਸਿੰਘ ਅਨੁਸਾਰ ਬਿਕਰਮਜੀਤ ਕੋਲ 3 ਏਕੜ ਜ਼ਮੀਨ ਸੀ ਅਤੇ 2020 ਦੇ ਕਿਸਾਨ ਪ੍ਰਦਰਸ਼ਨ ਤੋਂ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦਾ ਸਰਗਰਮ ਮੈਂਬਰ ਸੀ।ਅੰਗਰੇਜ਼ ਸਿੰਘ ਨੇ ਦੱਸਿਆ ਕਿ ਬਿਕਰਮ ਖਨੌਰੀ ਵਿਖੇ ਖੜ੍ਹਾ ਸੀ, ਜਿੱਥੇ ਅੱਥਰੂ ਗੈਸ ਦਾ ਗੋਲਾ ਉਸ ਦੀ ਲੱਤ 'ਤੇ ਵੱਜਿਆ, ਜਿਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ 15 ਫਰਵਰੀ ਨੂੰ ਉਸ ਦਾ ਆਪ੍ਰੇਸ਼ਨ ਹੋਇਆ।
ਸੱਚ ਤਾਂ ਇਹ ਹੈ ਕਿ ਇਸ ਵੇਲੇ ਦੁਨੀਆ ਭਰ ਵਿਚ ਕਿਸਾਨਾਂ ਵਿਚ ਰੋਹ ਹੈ ਕਿ ਉਨ੍ਹਾਂ ਨੂੰ ਖੇਤੀ ਵਿਚੋਂ ਘਾਟਾ ਪੈ ਰਿਹਾ ਹੈ। ਉਨ੍ਹਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਕਈ ਯੂਰਪੀਨ ਦੇਸ਼ਾਂ ਦੇ ਕਿਸਾਨ ਵੀ ਆਪਣੇ ਦੇਸ਼ਾਂ ਦੀਆਂ ਰਾਜਧਾਨੀਆਂ ਵੱਲ ਟਰੈਕਟਰ ਮਾਰਚ ਕਰ ਕੇ ਰੋਸ ਪ੍ਰਗਟਾਅ ਰਹੇ ਹਨ। ਪਰ ਕਿਤੋਂ ਅਜਿਹੇ ਸੜਕਾਂ ਰੋਕਣ ਜਾਂ ਫੋਰਸ ਦੇ ਹਮਲਿਆਂ ਦੀਆਂ ਖ਼ਬਰਾਂ ਨਹੀਂ ਆਈਆਂ। ਪਰ ਇਹ ਵਹਿਸ਼ੀ ਕਾਰਵਾਈ ਭਾਰਤ ਵਿਚ ਵਾਪਰ ਰਹੀ ਹੈ।ਭਾਰਤ ਦੀਆਂ ਅਦਾਲਤਾਂ ਵੀ ਕਈ ਵਾਰ ਕਹਿ ਚੁੱਕੀਆਂ ਹਨ ਕਿ ਲੋਕਾਂ ਨੂੰ, ਆਪਣੇ ਹੱਕਾਂ ਲਈ ਸ਼ਾਂਤੀਪੂਰਨ ਵਿਰੋਧ ਕਰਨ ਲਈ ਥਾਵਾਂ ਮੁਹੱਈਆਂ ਕਰਵਾਈਆਂ ਜਾਣ ,ਨਾ ਕਿ ਉਨ੍ਹਾਂ 'ਤੇ ਜ਼ੁਲਮ ਕੀਤਾ ਜਾਵੇ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਬਾਕਾਇਦਾ ਪ੍ਰੈੱਸ ਕਾਨਫ਼ਰੰਸ ਕਰਕੇ ਫ਼ੌਜ ਵਲੋਂ ਵਰਤੇ ਜਾਣ ਵਾਲੇ ਉਹ ਹਥਿਆਰ ਵਿਖਾਏ, ਜੋ ਆਮ ਤੌਰ 'ਤੇ ਪੁਲਿਸ ਕੋਲ ਹੋ ਹੀ ਨਹੀਂ ਸਕਦੇ। ਇਸ ਤਰ੍ਹਾਂ ਦਾ ਵਿਹਾਰ ਆਪਣੇ ਦੇਸ਼ ਦੇ ਸ਼ਾਂਤਮਈ ਵਿਰੋਧ ਕਰਨ ਵਾਲੇ ਲੋਕਾਂ ਨਾਲ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ। ਹਾਲਾਂਕਿ ਜਿਸ ਤਰ੍ਹਾਂ ਦੇ ਹਾਲਾਤ ਹਨ ਤੇ ਜਿਸ ਤਰ੍ਹਾਂ ਦੇ ਸੰਘਰਸ਼ ਦੇ ਰਾਹ ਕਿਸਾਨਾਂ ਦੇ ਬਾਕੀ ਦੋਵੇਂ ਵੱਡੇ ਗੁੱਟਾਂ ਨੇ ਵੀ ਅਪਣਾਏ ਹੋਏ ਹਨ, ਉਸ ਦਾ ਅਗਾਮੀ ਲੋਕ ਸਭਾ ਚੋਣਾਂ 'ਤੇ ਵੀ ਗਹਿਰਾ ਪ੍ਰਭਾਵ ਪੈ ਸਕਦਾ ਹੈ।
Comments (0)