ਰਾਤ ਦੇ ਹਨੇਰੇ ਵਿਚ ਤੋੜੀ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ

ਰਾਤ ਦੇ ਹਨੇਰੇ ਵਿਚ ਤੋੜੀ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ

ਤਰਨਤਾਰਨ: ਸਿੱਖ ਸੰਗਤ ਦੇ ਸਖਤ ਵਿਰੋਧ ਦੇ ਬਾਵਜੂਦ ਬੀਤੀ ਰਾਤ ਦੇ ਹਨੇਰੇ ਵਿੱਚ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਜਥੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਲੀਭੁਗਤ ਨਾਲ ਗੁਰਦੁਆਰਾ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ ਨੂੰ ਢਾਹ ਦਿੱਤਾ। 

ਜਦੋਂ ਇਸ ਇਮਾਰਤ ਨੂੰ ਢਾਹਿਆ ਜਾ ਰਿਹਾ ਸੀ ਤਾਂ ਮੌਕੇ 'ਤੇ ਮੋਜੂਦ ਕੁਝ ਸਥਾਨਕ ਸਿੱਖਾਂ ਨੇ ਇਸ ਦਾ ਵਿਰੋਧ ਕਰਦਿਆਂ ਅਰਜ਼ ਕੀਤੀ ਕਿ ਇਹ ਦਰਸ਼ਨੀ ਡਿਉੜੀ ਖ਼ਾਲਸਾ ਰਾਜ ਵਿਚ ਉਸਾਰੀ ਗਈ ਸੀ ਤੇ ਇਸ ਨੂੰ ਢਾਹੁਣ ਦੀ ਬਜਾਏ ਇਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਪਰ ਉਹਨਾਂ ਦੀ ਗੱਲ ਨਾ ਸੁਣਦਿਆਂ ਦਰਸ਼ਨੀ ਡਿਉੜੀ ਨੂੰ ਢਾਹ ਦਿੱਤਾ ਗਿਆ। 

ਇਸ ਦੌਰਾਨ ਵਿਰੋਧ ਕਰਨ ਵਾਲਿਆਂ ਅਤੇ ਢਾਹੁਣ ਵਾਲਿਆਂ ਵਿਚ ਕੁਝ ਗਰਮੀ ਵੀ ਹੋਈ। 

ਇਹ ਖ਼ਬਰ ਜਿਵੇਂ ਹੀ ਸਿੱਖ ਜਗਤ ਵਿਚ ਫੈਲੀ ਸੰਗਤਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਰੋਹ ਵੱਧ ਰਿਹਾ ਹੈ ਅਤੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਸੰਗਤਾਂ ਇਸ ਇਮਾਰਤ ਨੂੰ ਢਾਹੁਣ ਦਾ ਵਿਰੋਧ ਕਰ ਰਹੀਆਂ ਹਨ।

ਇਸ ਸਬੰਧੀ ਅੱਜ ਜਦੋਂ ਬਾਬਾ ਜਗਤਾਰ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਿਉੜੀ ਦੀ ਇਮਾਰਤ ਦਾ ਮਹਿਜ਼ ਉਪਰਲਾ ਹਿੱਸਾ ਦੁਬਾਰਾ ਬਣਾਇਆ ਜਾਣਾ ਹੈ ਅਤੇ ਉਹ ਹੀ ਤੋੜਿਆ ਗਿਆ ਹੈ ਤੇ ਬਾਕੀ ਦੇ ਢਾਂਚੇ ਨੂੰ ਨਹੀਂ ਛੇੜਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨਿਰਮਾਣ ਕਾਰਜ ਲਈ ਉਹਨਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਸ ਕੀਤਾ ਹੋਇਆ ਮਤਾ ਵੀ ਹੈ। 

ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਕ ਸਾਲ ਪਹਿਲਾਂ ਜਦੋਂ ਦਿਨ ਵੇਲੇ ਉਹਨਾਂ ਇਸ ਇਤਾਹਸਕ ਇਮਾਰਤ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸੰਗਤਾਂ ਵੱਲੋਂ ਵਿਰੋਧ ਕਰਦਿਆਂ ਰੋਕ ਦਿੱਤਾ ਗਿਆ ਸੀ ਪਰ ਬੀਤੇ ਕੱਲ੍ਹ ਰਾਤ ਦੇ ਹਨੇਰੇ ਵਿਚ ਡਿਉੜੀ ਢਾਹੁਣ ਨਾਲ ਉਹਨਾਂ ਦੇ ਇਰਾਦਿਆਂ 'ਤੇ ਜੋ ਸਵਾਲ ਖੜ੍ਹੇ ਹੋ ਰਹੇ ਹਨ ਉਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ ਤਾਂ ਉਹ ਕੋਈ ਸਪਸ਼ਟ ਜਵਾਬ ਨਾ ਦੇ ਸਕੇ ਤੇ ਫੋਨ ਕੱਟ ਦਿੱਤਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ