ਸਿੱਖ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਸਿੱਖ ਵਿਦਿਆਰਥੀ ਕਕਾਰਾਂ ਸਮੇਤ ਬੈਠ ਸਕਣਗੇ ਇਮਤਿਹਾਨ ਵਿੱਚ

ਸਿੱਖ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਸਿੱਖ ਵਿਦਿਆਰਥੀ ਕਕਾਰਾਂ ਸਮੇਤ ਬੈਠ ਸਕਣਗੇ ਇਮਤਿਹਾਨ ਵਿੱਚ
ਹਾਈ ਕੋਰਟ ਬਾਹਰ ਖੜ੍ਹੇ ਵਕੀਲ ਅਤੇ ਸਿੱਖ ਵਿਦਿਆਰਥੀ

ਚੰਡੀਗੜ੍ਹ: ਹਰਿਆਣਾ ਸਰਕਾਰ ਦੇ ਸਿਵਲ ਸੇਵਾਵਾਂ ਇਮਤਿਹਾਨ ਵਿੱਚ ਵਿਦਿਆਰਥੀਆਂ ਦੇ ਧਾਰਮਿਕ ਚਿੰਨ੍ਹ (ਸਿੱਖ ਕਕਾਰ)  ਪਾਉਣ 'ਤੇ ਲਗਾਈ ਗਈ ਪਾਬੰਦੀ ਨੂੰ ਅੱਜ ਸਿੱਖ ਕੌਮ ਦੇ ਵਿਰੋਧ ਮਗਰੋਂ ਵਾਪਸ ਲੈ ਲਿਆ ਗਿਆ। ਜਿਕਰਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ  31 ਮਾਰਚ ਨੂੰ ਹੋਣ ਵਾਲੇ ਇਮਤਿਹਾਨ ਸਬੰੰਧੀ ਇਕ ਹੁੁੁਕਮ ਜਾਰੀ ਕੀਤਾ ਗਿਆ ਸੀ ਕਿ ਕਿਸੇ ਵੀ ਵਿਦਿਆਰਥੀ ਨੂੰ ਧਾਰਮਿਕ ਚਿੰਨ੍ਹ ਪਾ ਕੇ  ਇਮਤਿਹਾਨ ਵਿੱਚ ਬੈਠਣ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ। 

ਇਸ ਹੁਕਮ ਖਿਲਾਫ ਅੱਜ ਸਿੱਖ ਵਿਦਿਆਰਥੀ ਜਥੇਬੰਦੀਆਂ ਸੱਥ ਅਤੇ ਅਕਾਦਮਿਕ ਫੋਰਮ ਆਫ ਸਿੱਖ ਸਟੂਡੈਂਟਸ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਵੱਲੋਂ ਵੀ ਹਰਿਆਣਾ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਇਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। 

ਨਵਾਂ ਨੋੋੋੋਟੀਫਿਕੇਸ਼ਨ 

ਇਸ ਵਿਰੋਧ ਦੇ ਚਲਦਿਆਂ ਹਰਿਆਣਾ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਧਰਮ ਨਾਲ ਸਬੰਧਿਤ ਵਸਤਾਂ ਸਮੇਤ ਇਮਤਿਹਾਨ ਦੇਣ ਤੋਂ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਵੇਗਾ। 

ਹਾਈ ਕੋਰਟ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਸਵੇਰੇ 08.30 ਵਜੇ ਇਮਤਿਹਾਨ ਕੇਂਦਰ 'ਤੇ ਪਹੁੰਚਣ ਲਈ ਕਿਹਾ 

ਹਰਿਆਣਾ ਸਰਕਾਰ ਦੇ ਪੁਰਾਣੇ ਹੁਕਮ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਚਰਨਪਾਲ ਸਿੰਘ ਬਾਗੜੀ ਵੱਲੋਂ ਲੋਕ ਹਿੱਤ ਅਪੀਲ ਪਾਈ ਗਈ ਸੀ ਜਿਸ 'ਤੇ ਸ਼ਾਮ ਨੂੰ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਹਰਿਆਣਾ ਸਰਕਾਰ ਦੇ ਪੁਰਾਣੇ ਹੁਕਮ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਖ ਵਿਦਿਆਰਥੀ ਕਕਾਰਾਂ ਸਮੇਤ ਇਮਤਿਹਾਨ ਵਿੱਚ ਬੈਠ ਸਕਦੇ ਹਨ ਅਤੇ  ਨਾਲ ਹੀ ਹੁਕਮ ਜਾਰੀ ਕੀਤੇ ਕਿ ਸਿੱਖ ਵਿਦਿਆਰਥੀਆਂ ਨੂੰ ਸਵੇਰੇ 08.30 ਵਜੇ ਇਮਤਿਹਾਨ ਕੇਂਦਰ ਵਿਖੇ ਪਹੁੰਚਣਾ ਪਵੇਗਾ ਤਾਂ ਕਿ ਇਮਤਿਹਾਨ ਕੇਂਦਰ ਬਾਹਰ ਪ੍ਰਸ਼ਾਸਨ ਵਿਦਿਆਰਥੀਆਂ ਦੀ ਸਹੀ ਢੰਗ ਨਾਲ ਜਾਂਚ ਕਰ ਸਕੇ। 

ਅਦਾਲਤ ਨੇ ਹਰਿਆਣਾ ਸਰਕਾਰ ਨੂੰ ਇਸ ਸਬੰਧੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਪਾਉਣ ਲਈ ਕਿਹਾ ਹੈ। ਅਪੀਲ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਇਕ ਕਾਨੂੰਨ ਬਣਾ ਕੇ ਸਿੱਖ ਕਕਾਰਾਂ 'ਤੇ ਲਾਈਆਂ ਜਾਂਦੀਆਂ ਅਜਿਹੀਆਂ ਰੋੋੋੋਕਾਂ ਨੂੰ ਬੰਦ ਕੀਤਾ ਜਾਵੇ। ਇਸ ਅਪੀਲ ਦੀ ਅਗਲੀ ਤਰੀਕ 30 ਅਪਰੈਲ ਨਿਯਤ ਕੀਤੀ ਗਈ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ