ਭਾਰਤ ਸਰਕਾਰ ਕਨੈਡਾ ਵਿਖੇ ਖਾਲਿਸਤਾਨ ਰਾਏਸ਼ੁਮਾਰੀ ਤੋਂ ਔਖੀ
ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਇਜਾਜ਼ਤ ਕਿਵੇਂ ਦੇ ਸਕਦੈ ਕੈਨੇਡਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਓਟਾਵਾ : ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੋਂ ਸੀਟੀਵੀ ਦੀ ਇੰਟਰਵਿਊ ਦੌਰਾਨ ਕੈਨੇਡਾ ’ਚ ਹਾਲੀਆ ਰਾਏਸ਼ੁਮਾਰੀ ਬਾਰੇ ਸਵਾਲ ਪੁੱਛੇ ਗਏ। ਉਨ੍ਹਾਂ ਨੂੰ ਕਿਹਾ ਗਿਆ ਕਿ ਖ਼ਾਲਿਸਤਾਨ ਹਮਾਇਤੀਆਂ ਵੱਲੋਂ ਕੈਨੇਡਾ ਵਿਚ ਰਾਏਸ਼ੁਮਾਰੀ ਕਰਵਾਉਣਾ ਨਫ਼ਰਤੀ ਭਾਸ਼ਣ ਨਹੀਂ ਹੈ। ਵਰਮਾ ਨੇ ਕਿਹਾ ਕਿ ਜੇਕਰ ਰਾਏਸ਼ੁਮਾਰੀ ਘਰੇਲੂ ਪੱਧਰ ’ਤੇ ਕੈਨੇਡਾ ਲਈ ਕਰਵਾਉਂਦੇ ਹੋ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਆਖ਼ਰ ਤੁਸੀਂ ਆਪਣੇ ਨਾਗਰਿਕਾਂ ਨੂੰ ਭਾਰਤ ਨੂੰ ਵੰਡਣ ਲਈ ਰਾਏਸ਼ੁਮਾਰੀ ਕਰਨ ਦੀ ਇਜਾਜ਼ਤ ਕਿਵੇਂ ਦੇ ਰਹੇ ਹੋ।
ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਕੈਨੇਡਾ ਨਾਲ ਸਬੰਧਾਂ ਵਿਚ ਮੁੱਖ ਚਿੰਤਾ ਇਹ ਹੈ ਕਿ ਕੁਝ ਕੈਨੇਡੀਅਨ ਨਾਗਰਿਕ ਭਾਰਤ ਦੀ ਖ਼ੁਦਮੁਖਤਾਰੀ ਤੇ ਖੇਤਰੀ ਅਖੰਡਤਾ ’ਤੇ ਹਮਲਾ ਕਰਨ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰ ਰਹੇ ਹਨ। ਕੈਨੇਡਾ ’ਚ ਮੌਜੂਦ ਜ਼ਿਆਦਾਤਰ ਅਪਰਾਧੀ ਤੇ ਖਾੜਕੂ ਖ਼ਾਲਿਸਤਾਨੀ ਮਾਨਸਿਕਤਾ ਦੇ ਹਨ। ਉਨ੍ਹਾਂ ਵਿਚੋਂ ਕਈ ਭਾਰਤ ’ਚ ਆਪਣੇ ਜਥੇ ਚਲਾ ਰਹੇ ਹਨ। ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਹਨ। ਉਹ ਹਥਿਆਰਾਂ ਤੇ ਮਨੁੱਖੀ ਤਸਕਰੀ ਦੀਆਂ ਸਰਗਰਮੀਆਂ ਚਲਾ ਰਹੇ ਹਨ। ਇਸ ਲਈ ਭਾਵੇਂ ਉਨ੍ਹਾਂ ਦੀਆਂ ਸਰਗਰਮੀਆਂ ਇੱਥੇ ਹਨ ਪਰ ਉਹ ਹੱਦ ਪਾਰ ਕਰ ਚੁੱਕੀਆਂ ਹਨ। ਜਦੋਂ ਤੱਕ ਇਹ ਕੈਨੇਡਾ ’ਚ ਘਰੇਲੂ ਮੁੱਦਾ ਹੈ, ਸਾਨੂੰ ਦਿੱਕਤ ਨਹੀਂ। ਬਦਕਿਸਮਤੀ ਨਾਲ ਇਹ ਹੱਦ ਪਾਰ ਕਰ ਕੇ ਭਾਰਤ ਤੱਕ ਪੁੱਜ ਗਿਆ ਹੈ।
ਵਰਮਾ ਨੇ ਕੈਨੇਡਾ ’ਚ ਕੰਮ ਕਰਨ ਵਾਲੇ ਭਾਰਤੀ ਡਿਪਲੋਮੈਟਾਂ ਤੇ ਅਧਿਕਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ।
Comments (0)