ਇੰਡੀਆਂ ਦੇ ਹੁਕਮਰਾਨਾਂ ਵੱਲੋਂ ਪੰਜਾਬੀਆਂ, ਕਿਸਾਨਾਂ ਨਾਲ ਕੀਤੇ ਜਾ ਰਹੇ ਜ਼ਬਰ-ਜੁਲਮ ਬਰਦਾਸਤਯੋਗ ਨਹੀਂ : ਮਾਨ

ਇੰਡੀਆਂ ਦੇ ਹੁਕਮਰਾਨਾਂ ਵੱਲੋਂ ਪੰਜਾਬੀਆਂ, ਕਿਸਾਨਾਂ ਨਾਲ ਕੀਤੇ ਜਾ ਰਹੇ ਜ਼ਬਰ-ਜੁਲਮ ਬਰਦਾਸਤਯੋਗ ਨਹੀਂ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 4 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਆਂ ਦੇ ਹੁਕਮਰਾਨ ਮੀਡੀਏ, ਬਿਜਲਈ ਮੀਡੀਏ ਅਤੇ ਆਪਣੇ ਸਰਕਾਰੀ ਪ੍ਰਚਾਰ ਸਾਧਨਾਂ ਦੀ ਦੁਰਵਰਤੋ ਕਰਕੇ ਇੰਡੀਆਂ ਦੀ ਅੰਦਰੂਨੀ ਅਤਿ ਵਿਸਫੋਟਕ ਬਣਦੀ ਜਾ ਰਹੀ ਸਥਿਤੀ ਨੂੰ ਨਜ਼ਰਅੰਦਾਜ ਕਰਕੇ ਆਪਣੀਆ ਪ੍ਰਾਪਤੀਆਂ, ਝੂਠੀਆਂ ਤਰੱਕੀਆਂ, ਨਵੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ । ਜਦੋਕਿ ਅਸਲੀਅਤ ਇਹ ਹੈ ਕਿ ਦਿਸ਼ਾਹੀਣ ਅਤੇ ਕੰਮਜੋਰ ਨੀਤੀਆਂ ਦੀ ਬਦੌਲਤ ਇੰਡੀਆਂ ਦੀ ਕਾਨੂੰਨੀ ਵਿਵਸਥਾਂ, ਬੇਰੁਜਗਾਰੀ ਦਾ ਮਸਲਾਂ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਹੋਰ ਮੁੱਦਿਆ ਨੂੰ ਹੱਲ ਕਰਨ ਲਈ ਕੋਈ ਵੀ ਸੰਜ਼ੀਦਾ ਅਮਲ ਨਹੀ ਕੀਤਾ ਜਾ ਰਿਹਾ । ਜਿਸ ਨਾਲ ਸਥਿਤੀ ਪਹਿਲੇ ਨਾਲੋ ਵੀ ਵਿਸਫੋਟਕ ਬਣਦੀ ਜਾ ਰਹੀ ਹੈ । ਜੋ ਜ਼ਬਰ ਜੁਲਮ ਪੰਜਾਬੀਆਂ, ਕਿਸਾਨਾਂ, ਆਮ ਲੋਕਾਂ ਨਾਲ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਵੀ ਬਰਦਾਸਤਯੋਗ ਨਹੀ ਅਤੇ ਨਾ ਹੀ ਇਸਨੂੰ ਅਸੀ ਸਹਿਣ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਹੁਕਮਰਾਨਾਂ ਵੱਲੋ ਆਉਣ ਵਾਲੀਆ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਆਪਣੀ ਜਿੱਤ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਵਿਰੁੱਧ ਸਖਤ ਨੋਟਿਸ ਲੈਦੇ ਹੋਏ, ਪੰਜਾਬੀਆਂ, ਸਿੱਖਾਂ, ਮੁਸਲਮਾਨਾਂ ਆਦਿਵਾਸੀਆਂ ਆਦਿ ਉਤੇ ਵੱਧਦੇ ਜਾ ਰਹੇ ਜ਼ਬਰ ਜੁਲਮ ਨੂੰ ਬਿਲਕੁਲ ਵੀ ਬਰਦਾਸਤ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਕਿਸਾਨਾਂ ਪ੍ਰਤੀ ਰੁੱਖਾ ਵਤੀਰਾ ਅਪਣਾਇਆ ਹੋਇਆ ਹੈ, ਦੂਸਰੇ ਪਾਸੇ ਲਖਮੀਪੁਰ ਖੀਰੀ ਦੇ ਕਾਤਲ ਦੇ ਪਿਤਾ ਸ੍ਰੀ ਅਜੇ ਮਿਸਰਾ ਨੂੰ ਬੀਜੇਪੀ ਵੱਲੋ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਨਾਮ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਸ੍ਰੀ ਮੋਦੀ ਨੇ ਕਤਰ ਵਿਚ 8 ਨੇਵੀ ਦੇ ਫਾਂਸੀ ਦੇ ਸਜਾਯਾਫਤਾ ਅਫਸਰਾਂ ਨੂੰ ਰਿਹਾਅ ਕਰਵਾਇਆ ਹੈ ਕਿਉਂਕਿ ਅਸੀ ਮੌਤ ਦੀ ਸਜ਼ਾ ਦੇ ਵਿਰੁੱਧ ਹਾਂ । ਪਰ ਸ੍ਰੀ ਮੋਦੀ ਪੰਜਾਬੀਆਂ ਅਤੇ ਸਿੱਖਾਂ ਨੂੰ ਇਹ ਦੱਸਣ ਕਿ ਜੋ 32-32 ਸਾਲਾਂ ਤੋ ਗੈਰ ਕਾਨੂੰਨੀ ਢੰਗ ਨਾਲ ਸਿੱਖ ਬੰਦੀਆਂ ਨੂੰ ਜ਼ਬਰੀ ਰੱਖਿਆ ਗਿਆ ਹੈ ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ? ਸ. ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਵਿਚ ਅਮਲ ਕਿਉਂ ਨਹੀ ਹੋ ਰਿਹਾ ? ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ? ਇਥੋ ਤੱਕ ਪੰਜਾਬ ਦੇ ਕਿਸਾਨਾਂ ਦੇ ਜਮਹੂਰੀ ਹੱਕ ਨੂੰ ਕੁੱਚਲਕੇ ਹਰਿਆਣੇ ਦੇ ਬਾਰਡਰਾਂ ਉਤੇ ਜ਼ਬਰੀ ਰੋਕਾਂ ਲਗਾਈਆ ਗਈਆ ਹਨ । ਇੰਡੀਅਨ ਏਜੰਸੀਆਂ ਰਾਅ, ਆਈ.ਬੀ, ਨੈਸ਼ਨਲ ਸਕਿਊਰਟੀ ਅਡਵਾਈਜਰ, ਵਜੀਰ ਏ ਆਜਮ, ਗ੍ਰਹਿ ਵਜੀਰ ਇਕ ਸਾਜਿਸ ਤਹਿਤ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਮਾਰ ਰਹੇ ਹਨ ਜਿਵੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ ਕਤਲ ਕਰਵਾਇਆ ਗਿਆ । ਇਸ ਗੰਭੀਰ ਵਿਸੇ ਉਤੇ ਬਾਹਰਲੇ ਮੁਲਕਾਂ ਦੀਆਂ ਪਾਰਲੀਮੈਟਾਂ ਵਿਚ ਆਵਾਜ ਉੱਠ ਰਹੀ ਹੈ । ਇਸੇ ਤਰ੍ਹਾਂ ਫਿਰ ਤੋ ਝੂਠੇ ਪੁਲਿਸ ਮੁਕਾਬਲੇ ਸੁਰੂ ਕਰਕੇ ਜੰਡਿਆਲਾ ਗੁਰੂ, ਤਰਨਤਾਰਨ, ਜੀਰਾ, ਫਿਰੋਜ਼ਪੁਰ, ਧਨੌਲਾ ਵਿਖੇ ਪੰਜਾਬੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਮਾਰਿਆ ਜਾ ਰਿਹਾ ਹੈ । ਬੀਤੇ 10 ਸਾਲਾਂ ਵਿਚ ਪੰਜਾਬ ਵਿਚ ਸੈਟਰ ਵੱਲੋ ਕੋਈ ਨਿਵੇਸ, ਤਰੱਕੀ ਨਹੀ ਕੀਤੀ ਗਈ, ਜਿਸ ਨਾਲ ਇਥੋ ਦੀ ਬੇਰੁਜਗਾਰੀ ਖਤਮ ਹੋਵੇ । ਇਸ ਤੋ ਇਲਾਵਾ ਅਜੇ ਤੱਕ ਲੰਮੇ ਸਮੇ ਤੋ ਲਟਕਦੇ ਆ ਰਹੇ ਪੰਜਾਬ ਦੇ ਮਸਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੇ । ਐਨ.ਆਈ.ਏ. ਵੱਲੋਂ ਪੰਜਾਬ ਵਿਚ ਦਹਿਸਤ ਪੈਦਾ ਕਰਨ ਹਿੱਤ ਰੋਜਾਨਾ ਰੇਡਾ ਮਾਰੀਆ ਜਾ ਰਹੀਆ ਹਨ । ਬਾਹਰੋ ਆਉਣ ਵਾਲੇ ਸਿੱਖਾਂ ਨੂੰ ਹਵਾਈ ਅੱਡਿਆ ਤੇ ਰੋਕ ਕੇ ਜਲੀਲ ਕੀਤਾ ਜਾ ਰਿਹਾ ਹੈ ।