ਕਿਸਾਨਾਂ ਉਪਰ ਸਰਕਾਰ ਵਲੋਂ ਵਰਤੇ ਹਥਕੰਡੇ ਕਿਸੇ ਵੀ ਤਰ੍ਹਾਂ ਜੱਲ੍ਹਿਆਂਵਾਲੇ ਬਾਗ ‘ਚ ਅੰਗਰੇਜ਼ ਹਕੂਮਤ ਵਲੋਂ ਭਾਰਤੀਆਂ ਨਾਲ ਕੀਤੇ ਜ਼ੁਲਮ ਤੋਂ ਘੱਟ ਨਹੀਂ: ਗਿਆਨੀ ਰਘਬੀਰ ਸਿੰਘ

ਕਿਸਾਨਾਂ ਉਪਰ ਸਰਕਾਰ ਵਲੋਂ ਵਰਤੇ ਹਥਕੰਡੇ ਕਿਸੇ ਵੀ ਤਰ੍ਹਾਂ ਜੱਲ੍ਹਿਆਂਵਾਲੇ ਬਾਗ ‘ਚ ਅੰਗਰੇਜ਼ ਹਕੂਮਤ ਵਲੋਂ ਭਾਰਤੀਆਂ ਨਾਲ ਕੀਤੇ ਜ਼ੁਲਮ ਤੋਂ ਘੱਟ ਨਹੀਂ: ਗਿਆਨੀ ਰਘਬੀਰ ਸਿੰਘ

ਖਨੌਰੀ ਬਾਰਡਰ 'ਤੇ ਵਾਪਰੀ ਘਟਨਾ ਸਬੰਧੀ ਸਿੰਘ ਸਾਹਿਬ ਦਾ ਪ੍ਰਤੀਕਰਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 22 ਫ਼ਰਵਰੀ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਖਨੌਰੀ ਕੋਲ ਕਿਸਾਨਾਂ ਉੱਤੇ ਪੁਲਿਸ ਦੁਆਰਾ ਚਲਾਈਆਂ ਗਈਆਂ ਸਿੱਧੀਆਂ ਗੋਲੀਆਂ ਕਾਰਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਕਿਸਾਨ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਹਨ, ਨਾ ਕਿ ਕਿਸੇ ਦੁਸ਼ਮਣ ਦੇਸ਼ ਦੇ ਘੁਸਪੈਠੀਏ, ਜਿਨ੍ਹਾਂ ਵੱਲ ਸਰਕਾਰ ਸਿੱਧੀਆਂ ਗੋਲੀਆਂ ਚਲਾ ਕੇ ਉਨ੍ਹਾਂ ਦੀਆਂ ਛਾਤੀਆਂ ਅਤੇ ਸਿਰ ਵਿੰਨ੍ਹ ਰਹੀ ਹੈ। ਉਨ੍ਹਾਂ ਨੂੰ ਆਪਣੇ ਜਮਹੂਰੀ ਅਧਿਕਾਰ ਤਹਿਤ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਤੋਂ ਰੋਕਣ ਵਾਸਤੇ ਸਰਕਾਰ ਵਲੋਂ ਵਰਤੇ ਹਥਕੰਡੇ ਕਿਸੇ ਵੀ ਤਰ੍ਹਾਂ ਜੱਲ੍ਹਿਆਂਵਾਲੇ ਬਾਗ ‘ਚ ਅੰਗਰੇਜ਼ ਹਕੂਮਤ ਵਲੋਂ ਭਾਰਤੀਆਂ ਨਾਲ ਕੀਤੇ ਜ਼ੁਲਮ ਤੋਂ ਘੱਟ ਨਹੀਂ ਹਨ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਕੋਲੋਂ ਆਪਣੀਆਂ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਹੱਕ ਮੰਗ ਕਰ ਰਹੇ ਹਨ ਪਰ ਸਰਕਾਰ ਆਪਣੇ ਕੰਨ੍ਹ ਤੇ ਅੱਖਾਂ ਬੰਦ ਕਰੀ ਬੈਠੀ ਹੈ। ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹੁੰਦੀ। ਉਸ ਦੀ ਨੀਅਤ ਖਰਾਬ ਹੈ। ਜੇਕਰ ਸਰਕਾਰ ਸੰਜੀਦਾ ਹੁੰਦੀ ਤਾਂ ਮਸਲੇ ਦੇ ਹੱਲ ਲਈ ਗੱਲਬਾਤ ਹੁੰਦੀ, ਗੋਲੀਬਾਰੀ ਨਾ ਕੀਤੀ ਜਾਂਦੀ। ਕਿਸੇ ਵੀ ਮਸਲੇ ਦੇ ਹੱਲ ਲਈ ਪਹਿਲਾਂ ਸਾਜਗਾਰ ਮਾਹੌਲ ਬਣਾਇਆ ਜਾਂਦਾ ਹੈ। ਮਾਹੌਲ ਤਦ ਬਣ ਸਕਦਾ ਜੇਕਰ ਪੰਜਾਬ-ਹਰਿਆਣਾ ਦੀ ਹੱਦ ਤੋਂ ਬੈਰੀਕੇਡ ਹਟਾਏ ਜਾਂਦੇ। ਕਿਸਾਨਾਂ ਵੱਲ ਨੂੰ ਮੂੰਹ ਕਰਕੇ ਸ਼ਾਰਪ ਸੂਟਰ ਨਾ ਤਾਇਨਾਤ ਕੀਤੇ ਜਾਂਦੇ। ਕਿਸਾਨਾਂ ‘ਤੇ ਡਾਂਗਾਂ, ਗੋਲੀਆਂ, ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੋਪਾਂ ਨਾ ਛੱਡੀਆਂ ਜਾਂਦੀਆਂ। ਉਨ੍ਹਾਂ ਅੱਗੇ ਆਖਿਆ ਕਿ ਸਾਡੇ ਦੇਸ਼ ਦੇ ਲੋਕਾਂ ਦਾ ਨਾਅਰਾ ਰਿਹਾ ਹੈ, ‘ਜੈ ਜਵਾਨ, ਜੈ ਕਿਸਾਨ’, ਕਿਉਂਕਿ ਜਵਾਨ ਦੇਸ਼ ਦੀਆਂ ਸਰਹੱਦਾਂ ‘ਤੇ ਰਾਖ਼ੀ ਕਰਦਾ ਹੈ ਅਤੇ ਕਿਸਾਨ ਖੇਤਾਂ ਵਿਚ ਅੰਨ ਉਗਾ ਕੇ ਦੇਸ਼ ਦਾ ਢਿੱਡ ਭਰਦਾ ਹੈ। ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਅੱਜ ਸਾਡਾ ਜਵਾਨ ਸਰਹੱਦਾਂ ‘ਤੇ ਰਾਖ਼ੀ ਕਰਦਾ ਹੋਇਆ ਦੁਸ਼ਮਣ ਦੀਆਂ ਗੋਲੀਆਂ ਖਾ ਰਿਹਾ ਹੈ ਅਤੇ ਕਿਸਾਨ ਨੂੰ ਆਪਣੀ ਹੀ ਸਰਕਾਰ ਹੱਕ ਮੰਗਣ ‘ਤੇ ਆਪਣੇ ਦੇਸ਼ ਦੀ ਪੁਲਿਸ ਤੋਂ ਗੋਲੀਆਂ ਮਰਵਾ ਰਹੀ ਹੈ, ਜੋ ਇਕ ਲੋਕਤੰਤਰੀ ਦੇਸ਼ ਲਈ ਬੇਹੱਦ ਮੰਦਭਾਗਾ ਵਰਤਾਰਾ ਹੈ। ਅਜਿਹਾ ਗੈਰ-ਜਮਹੂਰੀ ਵਤੀਰਾ ਦੇਸ਼ ਦੇ ਭਵਿੱਖ ਲਈ ਚੰਗਾ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਖਿਆ ਕਿ ਸਰਕਾਰ ਨੂੰ ਅਜੇ ਵੀ ਆਪਣਾ ਹਠੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਅੰਨਦਾਤਾ ਕਿਸਾਨ ਸੰਘਰਸ਼ ਛੱਡ ਕੇ ਵਾਪਸ ਮੁੜ ਕੇ ਆਪਣੀ ਕਿਰਤ ਵਿਚ ਜੁਟ ਸਕਣ।”