ਅਮਰੀਕਾ ਵਿਚ 6 ਦਿਨਾਂ ਤੋਂ ਲਾਪਤਾ 11 ਸਾਲਾ ਸਕੂਲੀ ਵਿਦਿਆਰਥਣ ਦੀ ਦਰਿਆ ਵਿਚੋਂ ਮਿਲੀ ਲਾਸ਼

ਅਮਰੀਕਾ ਵਿਚ 6 ਦਿਨਾਂ ਤੋਂ ਲਾਪਤਾ 11 ਸਾਲਾ ਸਕੂਲੀ ਵਿਦਿਆਰਥਣ ਦੀ ਦਰਿਆ ਵਿਚੋਂ ਮਿਲੀ ਲਾਸ਼
ਕੈਪਸ਼ਨ ਵਿਦਿਆਰਥਣ ਔਡਰੀ ਕਨਿੰਘਮ

ਪੁਲਿਸ ਨੂੰ ਹੱਤਿਆ ਦਾ ਸ਼ੱਕ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਦੇ ਇਕ ਛੋਟੇ ਜਿਹੇ ਕਸਬੇ ਵਿਚ ਪਿਛਲੇ 6 ਦਿਨਾਂ ਤੋਂ ਲਾਪਤਾ ਇਕ 11 ਸਾਲ ਸਕੂਲੀ ਵਿਦਿਆਰਥਣ ਔਡਰੀ ਕਨਿੰਘਮ ਦੀ ਕਸਬੇ ਨੇੜਿਉਂ ਲੰਘਦੇ ਇਕ ਦਰਿਆ ਵਿਚੋਂ ਲਾਸ਼ ਮਿਲਣ ਦੀ ਖਬਰ ਹੈ। ਪੁਲਿਸ ਨੂੰ ਵਿਦਿਆਰਥਣ ਦੀ ਹੱਤਿਆ ਹੋਣ ਦਾ ਸ਼ੱਕ ਹੈ ਤੇ ਉਹ ਇਸ ਸਬੰਧੀ ਇਕ 42 ਸਾਲਾ ਵਿਅਕਤੀ ਡਾਨ ਸਟੀਵਨ ਮੈਕਡੋਗਲ ਵਿਰੁੱਧ ਦੋਸ਼ ਆਇਦ ਕਰਨ ਦੀ ਤਿਆਰੀ ਵਿਚ ਹੈ ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੋਲਕ ਕਾਊਂਟੀ ਸ਼ੈਰਿਫ ਬਰਾਇਨ ਲਾਇਨਸ ਨੇ ਇਕ ਜਾਰੀ ਪ੍ਰੈਸ ਬਿਆਨ ਵਿਚ ਬੱਚੀ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਅਸੀਂ ਔਡਰੀ ਨੂੰ ਨਿਆਂ ਦਿਵਾਉਣ ਲਈ ਸਬੂਤ ਜੁਟਾ ਰਹੇ ਹਾਂ ਤੇ ਕੁਝ ਸਬੂਤ ਮਿਲ ਵੀ ਗਏ ਹਨ। ਉਨਾਂ ਕਿਹਾ ਕਿ ਹੋਸਟਨ ਦੇ ਉਤਰ ਪੂਰਬ ਵਿਚ ਤਕਰੀਬਨ 70 ਮੀਲ ਦੂਰ ਲਿਵਿੰਗਸਟਨ ਕਸਬੇ ਵਿਚੋਂ ਵਿਦਿਆਰਥਣ ਸਕੂਲ ਜਾਣ ਸਮੇ ਲਾਪਤਾ ਹੋ ਗਈ ਸੀ। ਲਾਇਨਸ ਨੇ ਕਿਹਾ ਕਿ ਮੈਕਡੋਗਲ ਬੱਚੀ ਦੇ ਪਰਿਵਾਰ ਦੀ ਜਗਾ ਵਿਚ ਇਕ ਟਰੇਲਰ ਵਿਚ ਰਹਿੰਦਾ ਹੈ ਤੇ ਉਹ ਬੱਚੀ ਨੂੰ ਕਦੇ ਕਦੇ ਬੱਸ ਅੱਡੇ ਜਾਂ ਬੱਸ ਨਾ ਮਿਲਣ ਦੀ ਸੂਰਤ ਵਿਚ ਸਕੂਲ ਛੱਡਣ ਜਾਂਦਾ ਸੀ। 15 ਫਰਵਰੀ ਨੂੰ ਬੱਚੀ ਸਕੂਲ ਨਹੀਂ ਪਹੁੰਚੀ ਜਿਸ ਉਪਰੰਤ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟੀ ਲਿਖਵਾਈ ਸੀ। ਡਿਸਟ੍ਰਿਕਟ ਅਟਾਰਨੀ ਸ਼ੈਲੀ ਸਿਟਨ ਅਨੁਸਾਰ ਲਾਅ ਇਨਫੋਰਸਮੈਂਟ ਅਧਿਕਾਰੀ ਮੈਕਡੋਗਲ ਦੇ ਗ੍ਰਿਫਤਾਰੀ ਵਾਰੰਟ ਲੈ ਰਹੇ ਹਨ ਜਿਸ ਨੇ ਲਾਪਤਾ ਹੋਣ ਵਾਲੇ ਦਿਨ ਬੱਚੀ ਨੂੰ ਸਕੂਲ ਛੱਡਣ ਜਾਣਾ ਸੀ। ਸਕੂਲ ਅਧਿਕਾਰੀਆਂ ਨੇ ਜਾਂਚਕਾਰਾਂ ਨੂੰ ਕਿਹਾ ਕਿ ਬੱਚੀ ਬੱਸ ਫੜਨ ਵਿਚ ਅਸਫਲ ਰਹੀ ਸੀ ਤੇ ਉਹ ਸਕੂਲ ਨਹੀਂ ਪਹੁੰਚੀ।