ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਮਗਰੋਂ ਹੀ ਸਰਕਾਰ ਨਾਲ ਗੱਲ ਕਰਨਗੇ ਕਿਸਾਨ

ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਮਗਰੋਂ ਹੀ ਸਰਕਾਰ ਨਾਲ ਗੱਲ ਕਰਨਗੇ ਕਿਸਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਸਰਕਾਰ ਨੂੰ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਦਿੱਲੀ ਹਿੰਸਾ ਲਈ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਜਦੋਂ ਤੱਕ ਦਿੱਲੀ ਪੁਲੀਸ ਕਿਸਾਨਾਂ ਨੂੰ ਵੱਖ ਵੱਖ ਢੰਗ ਤਰੀਕਿਆਂ ਨਾਲ ‘ਤੰਗ ਪ੍ਰੇਸ਼ਾਨ’ ਕਰਨਾ ਬੰਦ ਨਹੀਂ ਕਰਦੀ, ਉਦੋਂ ਤੱਕ ਸਰਕਾਰ ਨਾਲ ਕੋਈ ਵੀ ‘ਰਸਮੀ’ ਗੱਲਬਾਤ ਨਹੀਂ ਕੀਤੀ ਜਾਵੇਗੀ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ਦਿੱਲੀ ਪੁਲੀਸ ਧਰਨੇ ਵਾਲੀਆਂ ਥਾਵਾਂ ਨੇੜੇ ਡੂੰਘੀਆਂ ਖੱਡਾਂ ਪੁੱਟ ਕੇ ਸੜਕਾਂ ’ਤੇ ਮੇਖਾਂ ਗੱਡ ਰਹੀ ਹੈ। ਕਿਤੇ ਕੰਡਿਆਲੀ ਤਾਰ ਦੀ ਵਾੜ ਲਈ ਜਾ ਰਹੀ ਹੈ, ਕਿਤੇ ਅੰਦਰੂਨੀ ਰਾਹ ਤੇ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਮੋਰਚੇ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਵਰਕਰਾਂ ਰਾਹੀਂ ਕਿਸਾਨ ਵਿਰੋਧੀ ਪ੍ਰਦਰਸ਼ਨ, ਅਸਲ ਵਿੱਚ ਸਰਕਾਰ ਵੱਲੋਂ ਆਪਣੀ ਪੁਲੀਸ ਤੇ ਪ੍ਰਸ਼ਾਸਨ ਜ਼ਰੀਏ ਕਿਸਾਨਾਂ ਖ਼ਿਲਾਫ਼ ਵਿਉਂਤੇ ‘ਹਮਲਿਆਂ’ ਦਾ ਹਿੱਸਾ ਹੈ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਸ਼ਾਮ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਣਾਈ ਲੀਗਲ ਟੀਮ ਨੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਲੋਕਾਂ ਨਾਲ ਪੁਲੀਸ ਨੇ ਕੁੱਟਮਾਰ ਕੀਤੀ ਹੈ, ਇਕ ਮੈਡੀਕਲ ਬੋਰਡ ਬਣਾ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਜੇਲ੍ਹਾਂ ਕੇਜਰੀਵਾਲ ਸਰਕਾਰ ਅਧੀਨ ਆਉਂਦੀਆਂ ਹਨ ਤੇ ਸੂਬਾ ਸਰਕਾਰ ਜੇਲ੍ਹੀਂ ਬੰਦ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਏ। ਜੇਲ੍ਹਾਂ ਵਿੱਚ ਬੰਦ ਬਹੁਤੇ ਲੋਕਾਂ ਉਪਰ ਧਾਰਾ 307 ਲਾਈ ਗਈ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ.ਦਰਸ਼ਨ ਪਾਲ ਨੇ ਕਿਹਾ ਕਿ ਧਰਨੇ ਵਾਲੀਆਂ ਥਾਵਾਂ ’ਤੇ ‘ਵਾਰ ਵਾਰ ਇੰਟਰਨੈੱਟ ਬੰਦ ਕਰਨਾ’, ਸੜਕਾਂ ’ਤੇ ਮੇਖਾਂ ਗੱਡਣੀਆਂ, ਵਾੜ ਲਾਉਣੀ ਤੇ ਖੇਤੀ ਅੰਦੋਲਨ ਨਾਲ ਜੁੜੇ ਕਈ ਟਵਿੱਟਰ ਖਾਤਿਆਂ ਨੂੰ ਬਲਾਕ ਕਰਨਾ ‘ਜਮਹੂਰੀਅਤ ’ਤੇ ਸਿੱਧਾ ਹਮਲਾ’ ਹੈ। ਉਨ੍ਹਾਂ ਕਿਹਾ, ‘ਅਜਿਹਾ ਲਗਦਾ ਹੈ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਵੱਖ ਵੱਖ ਰਾਜਾਂ ਤੋਂ ਮਿਲ ਰਹੀ ਵੱਡੀ ਹਮਾਇਤ ਤੋਂ ਬੁਰੀ ਤਰ੍ਹਾਂ ਸਹਿਮ ਗਈ ਹੈ।’ ਉਨ੍ਹਾਂ ਕਿਹਾ, ‘ਸਰਕਾਰ ਵੱਲੋਂ ਭਾਵੇਂ ਅਜੇ ਤੱਕ ਗੱਲਬਾਤ ਲਈ ਕੋਈ ਰਸਮੀ ਸੱਦਾ ਨਹੀਂ ਮਿਲਿਆ, ਪਰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਗੈਰਕਾਨੂੰਨੀ ਪੁਲੀਸ ਹਿਰਾਸਤ ’ਚ ਰੱਖੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਮਗਰੋਂ ਹੀ ਗੱਲਬਾਤ ਹੋ ਸਕਦੀ ਹੈ।’ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਨੇ ਸੋਮਵਾਰ ਨੂੰ ਹੀ ਫੈਸਲਾ ਲੈ ਲਿਆ ਸੀ ਕਿ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਤੇ ਕਿਸਾਨ ਆਗੂਆਂ ਨੂੰ ਵੱਖ ਵੱਖ ਢੰਗ ਤਰੀਕਿਆਂ ਨਾਲ ਖੱਜਲ ਖੁਆਰ ਕੀਤੇ ਜਾਣ ਦੀ ਕਾਰਵਾਈ ਜਾਰੀ ਰਹਿਣ ਤੱਕ ਸਰਕਾਰ ਨਾਲ ਕੋਈ ਰਸਮੀ ਸੰਵਾਦ ਨਹੀਂ ਕੀਤਾ ਜਾਵੇਗਾ। ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਵਿੱਚ ਕੱਢੀ ਟਰੈਕਟਰ ਪਰੇਡ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਾਲ ਕਿਲੇ ਤੇ ਦਿੱਲੀ ਦੇ ਵੱਖ ਵੱਖ ਹਿੱਸਿਆਂ ’ਚ ਕੀਤੀ ਹਿੰਸਾ ਮਗਰੋਂ ਪੁਲੀਸ ਹੁਣ ਤਕ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ। ਮੋਰਚੇ ਨੇ ਕਿਹਾ ਉਹ ਦਿੱਲੀ ਦੇ ਵੱਖ ਵੱਖ ਪੁਲੀਸ ਸਟੇਸ਼ਨਾਂ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਿਫ਼ਤਾਰ ਤੇ ਹਿਰਾਸਤ ਵਿੱਚ ਲੈਣ ਅਤੇ ਵਾਹਨ (ਟਰੈਕਟਰ ਤੇ ਹੋਰ) ਕਬਜ਼ੇ ਵਿੱਚ ਲੈਣ ਅਤੇ ਪੱਤਰਕਾਰਾਂ ’ਤੇ ਹਮਲਿਆਂ ਤੇ ਗ੍ਰਿਫ਼ਤਾਰੀ ਦੀ ਨਿਖੇਧੀ ਕਰਦੀ ਹੈ। ਮੋਰਚੇ ਨੇ ਕਿਹਾ ਕਿ ਉਨ੍ਹਾਂ ਇਕ ਲੀਗਲ ਟੀਮ ਤਿਆਰ ਕੀਤੀ ਹੈ, ਜੋ ਲਾਪਤਾ ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਤੇ ਕਬਜ਼ੇ ’ਚ ਲਏ ਵਾਹਨਾਂ ਦੇ ਕੇਸਾਂ ਨੂੰ ਵੇਖੇਗੀ।

ਮੀਡੀਆ ਦੀ ਸਿੰਘੂ ਬੈਰੀਅਰ ਤੱਕ ਪਹੁੰਚ ਮੁਸ਼ਕਲ ਹੋਈ
ਪ੍ਰਾਈਵੇਟ ਟੀਵੀ ਚੈਨਲਾਂ ਦੀਆਂ ਸਿੱਧਾ ਪ੍ਰਸਾਰਨ ਕਰਨ ਵਾਲੀਆਂ ‘ਓਬੀ’ ਵੈਨਾਂ ਨੂੰ ਵੀ ਹੁਣ ਦਿੱਲੀ ਪੁਲੀਸ ਨੇ ਕੌਮੀ ਮਾਰਗ-1 ਦੇ ਐਮਸੀਡੀ ਟੌਲ ਬੈਰੀਅਰ ਨੇੜੇ ਖੜ੍ਹੇ ਹੋਣ ਤੋਂ ਰੋਕ ਦਿੱਤਾ ਹੈ ਜਿਸ ਕਰਕੇ ਮੀਡੀਆ ਦੀਆਂ ਓਬੀ ਵੈਨਾਂ ਹੁਣ ਸਿੰਘੂ ਤੋਂ ਕਰੀਬ ਕਿਲੋਮੀਟਰ ਦੂਰ ਖੜ੍ਹੀਆਂ ਕਰਨੀਆਂ ਪਈਆਂ ਹਨ। ਪੱਤਰਕਾਰਾਂ ਨੂੰ ਨਰੇਲਾ ਮਾਰਗ ਕੋਲੋਂ ਖੇਤਾਂ ਵਿੱਚੋਂ ਲੰਘਦੇ ਬਦਬੂਦਾਰ, ਗੰਦੇ ਨਾਲੇ ਦੇ ਕਿਨਾਰੇ ਤੋਂ ਮੋਰਚੇ ਤੱਕ ਪੈਦਲ ਜਾਣਾ ਪਿਆ ਜੋ ਪੈਟਰੋਲ ਪੰਪਾਂ ਦੇ ਪਿੱਛੋਂ ਦੀ ਵਗਦਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪੱਤਰਕਾਰਾਂ ਨੂੰ ਮੋਰਚੇ ਤੱਕ ਪੁੱਜਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਕਿਸਾਨਾਂ ਦੀ ਆਵਾਜ਼ ਬੰਦ ਕਰਨ ਦੀ ਇਕ ਹੋਰ ਚਾਲ ਦੱਸਿਆ ਗਿਆ ਹੈ। ਸੋਮਵਾਰ ਰਾਤ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਵੀ ਕਿਸਾਨ ਆਗੂਆਂ ਨੇ ਕੇਂਦਰ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ।