ਹਜ਼ੂਰ ਸਾਹਿਬ ਤੋਂ ਸੰਗਤ ਲਿਆਉਣ ਵਾਲੇ ਡਰਾਈਵਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਝੂਠੀ ਖਬਰ ਫੈਲਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਵਿਚ ਕੋਰੋਨਾਵਾਇਰਸ ਕਾਰਨ ਲਗਾਏ ਲਾਕਡਾਊਨ ਦੇ ਚਲਦਿਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਵਿਚ ਰਹਿ ਗਈ ਪੰਜਾਬ ਦੀ ਸੰਗਤ ਨੂੰ ਕਈ ਦਿਨਾਂ ਬਾਅਦ ਸਰਕਾਰ ਦੀ ਪ੍ਰਵਾਨਗੀ ਮਿਲਣ ਮਗਰੋਂ ਪੰਜਾਬ ਛੱਡਣ ਆਏ ਇਕ ਡਰਾਈਵਰ ਬਾਰੇ ਝੂਠੀ ਅਫਵਾਹ ਫੈਲਾ ਦਿੱਤੀ ਗਈ ਹੈ ਕਿ ਉਸਦਾ ਕੋਰੋਨਾਵਾਇਰਸ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਇਸ ਦੇ ਚਲਦਿਆਂ ਉਸ ਵੱਲੋਂ ਲਿਆਂਦੀ ਗਈ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਖੇਤਰ ਦੀ ਸੰਗਤ ਨੂੰ ਇਕਾਂਤਵਾਸ ਕੇਂਦਰ ਵਿਚ ਰੱਖਿਆ ਗਿਆ ਹੈ। ਪਰ ਇਸ ਅਫਵਾਹ ਦਾ ਸ਼ਿਕਾਰ ਬਣੇ ਡਰਾਈਵਰ ਮਨਜੀਤ ਸਿੰਘ ਵਾਸੀ ਨਾਂਦੇੜ ਨੇ ਫੇਸਬੁੱਕ 'ਤੇ ਵੀਡੀਓ ਸਾਂਝੀ ਕਰਕੇ ਸਪਸ਼ਟ ਕੀਤਾ ਹੈ ਕਿ ਉਸਦਾ ਹੁਣ ਤਕ ਕੋਈ ਕੋਰੋਨਾਵਾਇਰਸ ਟੈਸਟ ਹੀ ਨਹੀਂ ਹੋਇਆ ਹੈ। 

ਡਰਾਈਵਰ ਮਨਜੀਤ ਸਿੰਘ ਵੱਲੋਂ ਬਣਾਈ ਵੀਡੀਓ ਤੁਸੀਂ ਉਪਰ ਵੇਖ ਸਕਦੇ ਹੋ। 

ਜ਼ਿਕਰਯੋਗ ਹੈ ਕਿ ਇਸ ਅਫਵਾਹ ਨੂੰ ਪੰਜਾਬ ਦੇ ਜਗ ਬਾਣੀ ਅਖਬਾਰ ਨੇ ਬਰੇਕਿੰਗ ਨਿਊਜ਼ ਬਣਾ ਕੇ ਪੇਸ਼ ਕੀਤਾ। ਮਨਜੀਤ ਸਿੰਘ ਨੇ ਵੀਡੀਓ ਵਿਚ ਬੇਨਤੀ ਕੀਤੀ ਹੈ ਕਿ ਉਸ ਬਾਰੇ ਇਹਨਾਂ ਝੂਠੀਆਂ ਖਬਰਾਂ ਨੂੰ ਨਾ ਫੈਲਾਇਆ ਜਾਵੇ। 

ਜਗ ਬਾਣੀ ਅਖਬਾਰ ਵੱਲੋਂ ਆਪਣੀ ਵੈਬਸਾਈਟ 'ਤੇ ਛਾਪੀ ਖਬਰ ਵਿਚ ਲਿਖਿਆ ਗਿਆ ਸੀ ਕਿ, "ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ 11 ਵਿਅਕਤੀ ਜਿਸ ਟੈਂਪੂ ਟਰੈਵਲ ਰਾਹੀਂ ਤਰਨਤਾਰਨ ਪੁੱਜੇ ਹਨ ਉਸ ਡਰਾਈਵਰ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜੋ ਮਹਾਰਾਸ਼ਟਰ ਨਾਂਦੇੜ ਸ਼ਹਿਰ ਦਾ ਰਹਿਣ ਵਾਲਾ ਹੈ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ। 

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ, ਪਰ ਮਨਜੀਤ ਸਿੰਘ ਨੇ ਉਸ ਬਾਰੇ ਝੂਠੀਆਂ ਖਬਰਾਂ ਫੈਲਾਉਣ 'ਤੇ ਇਤਰਾਜ਼ ਪ੍ਰਗਟ ਕੀਤਾ ਹੈ।