ਬਿਜਲਈ ਮੀਡੀਆ ਅਤੇ ਫ਼ਿਰਕਾਪ੍ਰਸਤੀ ਦਾ ਜ਼ਹਿਰ

ਬਿਜਲਈ ਮੀਡੀਆ ਅਤੇ ਫ਼ਿਰਕਾਪ੍ਰਸਤੀ ਦਾ ਜ਼ਹਿਰ

ਬਿਜਲਈ ਮੀਡੀਆ ਦੇ ਇਕ ਵੱਡੇ ਹਿੱਸੇ ਵਲੋਂ ਇਕੋ ਪ੍ਰਕਾਰ ਦੀਆਂ ਦੋ ਘਟਨਾਵਾਂ ਨੂੰ ਵੱਖਰੇ-ਵੱਖਰੇ ਦ੍ਰਿਸ਼ਟੀਕੋਣ ਤੋਂ ਕਿਵੇਂ ਬਿਆਨਣ ਦੀ ਹੋੜ ਲੱਗ ਗਈ। ਇਸ ਵਿਚਾਰ ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਹ ਵੀ ਸਪੱਸ਼ਟ ਕਰਨਾ ਬਣਦਾ ਹੈ ਕਿ ਅਸੀਂ ਤਬਲੀਗੀ ਜਮਾਤ ਵਲੋਂ ਕੀਤੇ ਇਸ ਇਕੱਠ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਹਰਗਿਜ਼ ਹੀ ਨਹੀਂ ਕਰ ਰਹੇ, ਬਲਕਿ ਉਸ ਮਾਨਸਿਕਤਾ ਨੂੰ ਸਿਰਫ ਪੜਚੋਲਣ ਦਾ ਨਿਗੂਣਾ ਜਿਹਾ ਯਤਨ ਕਰ ਰਹੇ ਹਾਂ, ਜਿਹੜੀ ਸੋਚ ਇਕੋ ਤਰ੍ਹਾਂ ਦੀਆਂ ਦੋ ਘਟਨਾਵਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਦਿਖਾਉਣ ਦੀ ਇਜਾਜ਼ਤ ਦਿੰਦੀ ਹੈ। ਨਿਜ਼ਾਮੂਦੀਨ ਮਰਕਜ਼ ਵਿਚ ਹੋਇਆ ਇਕੱਠ ਦਿੱਲੀ ਅਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਉਪਰੰਤ ਹੋਇਆ ਦੱਸਿਆ ਜਾਂਦਾ ਹੈ। ਜੇਕਰ ਇਸ ਤਰ੍ਹਾਂ ਦੀ ਕੋਈ ਇਜਾਜ਼ਤ ਨਹੀਂ ਲਈ ਗਈ ਤਾਂ ਫਿਰ ਤਾਂ ਸੁਰੱਖਿਆ ਏਜੰਸੀਆਂ ਦੀ ਕਾਰਜਸ਼ੈਲੀ 'ਤੇ ਇਕ ਵੱਡਾ ਅਤੇ ਗੰਭੀਰ ਸਵਾਲੀਆ ਚਿੰਨ੍ਹ ਲੱਗਣ ਦਾ ਖਦਸ਼ਾ ਵੀ ਹੈ। ਭਾਵ ਇਸ ਵੱਡੇ ਇਕੱਠ ਦੀ ਸਰਕਾਰ ਨੂੰ ਭਿਣਕ ਤੱਕ ਨਾ ਪਈ ਹੋਵੇ ਇਹ ਸੰਘ ਤੋਂ ਹੇਠਾਂ ਉਤਰਨ ਵਾਲੀ ਗੱਲ ਨਹੀਂ। ਬੇਸ਼ੱਕ ਬਾਅਦ ਵਿਚ ਅਜਿਹੇ ਖੁਲਾਸੇ ਵੀ ਹੋਏ ਜਿਨ੍ਹਾਂ ਵਿਚ ਤਬਲੀਗੀ ਜਮਾਤ ਦੇ ਲੋਕ ਸਥਾਨਕ ਥਾਣਾ ਮੁਖੀ ਨੂੰ ਮਸਜਿਦ ਵਿਚ ਲੋਕਾਂ ਦੀ ਮੌਜੂਦਗੀ ਬਾਰੇ ਦੱਸਦੇ ਰਹੇ ਦਿਸੇ, ਜਿਸ ਵਿਚ ਉਨ੍ਹਾਂ ਨੂੰ ਇਲਾਕਾ ਮੈਜਿਸਟ੍ਰੇਟ ਨੂੰ ਮਿਲਣ ਦੀ ਤਾਕੀਦ ਕਰਦੇ ਹੋਏ ਦਿਖਾਇਆ ਗਿਆ। 15 ਮਾਰਚ ਨੂੰ ਹੀ ਦੇਸ਼ ਦੇ ਦੱਖਣੀ ਹਿੱਸੇ ਵਿਚ ਇਕ ਸੂਬੇ ਦੇ ਮੁੱਖ ਮੰਤਰੀ ਨੂੰ 3000 ਤੋਂ ਵੀ ਵੱਧ ਲੋਕਾਂ ਦੇ ਇਕੱਠ ਵਾਲੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੁੰਦੇ ਲੋਕਾਂ ਨੇ ਵੇਖਿਆ, ਬਾਵਜੂਦ ਇਸ ਦੇ ਕਿ ਸਬੰਧਿਤ ਸੂਬੇ ਵਿਚ ਉਸ ਵਕਤ ਵਿਆਹ ਆਦਿ ਸਮਾਜਿਕ ਕਿਸਮ ਦੇ ਸਮਾਗਮਾਂ ਵਿਚ 100 ਲੋਕਾਂ ਤੋਂ ਵਧੇਰੇ ਇਕੱਠੇ ਹੋਣ ਦੀ ਮਨਾਹੀ ਦੇ ਹੁਕਮ ਲਾਗੂ ਸਨ। ਇਸੇ ਤਰ੍ਹਾਂ 25 ਮਾਰਚ ਤੋਂ 2 ਅਪ੍ਰੈਲ ਤੱਕ ਇਕ ਤਿਉਹਾਰ ਮੌਕੇ ਅਯੁੱਧਿਆ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਇਸ਼ਟ ਦੀ ਪੂਜਾ ਅਰਾਧਨਾ ਕੀਤੀ। ਸਿਹਤ ਵਿਭਾਗ ਦੇ ਸਬੰਧਿਤ ਅਫ਼ਸਰਾਂ ਨੇ ਜਦੋਂ ਆਮ ਜਨਤਾ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦੀ ਦਾ ਤੌਖ਼ਲਾ ਪ੍ਰਗਟਾਇਆ ਤਾਂ ਉਨ੍ਹਾਂ ਨੂੰ ਅੱਗੋਂ ਜਵਾਬ ਇਹ ਮਿਲਿਆ ਕਿ ਅਸੀਂ ਸ਼ਰਧਾਲੂਆਂ ਨੂੰ 'ਸਰੀਰਕ ਦੂਰੀ' ਬਣਾਈ ਰੱਖਣ ਅਤੇ ਮਾਸਕ ਪਹਿਨਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੂਸਰੇ ਸ਼ਬਦਾਂ ਵਿਚ ਇਹ ਨਿਰਦੇਸ਼ ਇਕ ਤਰ੍ਹਾਂ ਨਾਲ ਸ਼ਰਧਾਲੂਆਂ ਨੂੰ ਇਕੱਠੇ ਹੋਣ ਤੋਂ ਰੋਕਣ ਪਿੱਛੇ ਅਸਮਰੱਥਾ ਹੀ ਪ੍ਰਗਟ ਕਰ ਰਹੇ ਸਨ। ਇਸ ਬਿਰਤਾਂਤ ਕੀਤੇ ਘਟਨਾਕ੍ਰਮ ਦਾ ਬੇਸ਼ਕ ਹੀ ਇਹ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਜੇਕਰ ਇਕ ਤਬਕਾ ਕੋਈ ਗ਼ਲਤੀ ਕਰਦਾ ਹੈ ਤਾਂ ਦੂਸਰੇ ਕਿਸੇ ਵਰਗ ਨੂੰ ਵੀ ਉਹੋ ਗ਼ਲਤੀ ਕਰਨ ਦੀ ਇਜ਼ਾਜਤ ਮਿਲਣੀ ਚਾਹੀਦੀ ਹੈ, ਨਹੀਂ ਹਰਗਿਜ਼ ਨਹੀਂ। ਸਰਕਾਰੀ ਨਿਯਮਾਂ ਅਤੇ ਕਾਇਦੇ-ਕਾਨੂੰਨ ਦਾ ਪਾਲਣ ਕਰਨਾ ਸਭ ਲਈ ਇਕੋ ਜਿੰਨਾ ਜ਼ਰੂਰੀ ਹੈ। ਪਰ ਜੇਕਰ ਇਕੋ ਪ੍ਰਕਾਰ ਦੀਆਂ ਦੋ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦਾ ਆਧਾਰ ਵੀ ਵੱਖਰਾ ਹੋਵੇਗਾ ਤਾਂ ਸੁਭਾਵਿਕ ਵੀ ਹੈ ਅਤੇ ਲਾਜ਼ਮੀ ਵੀ ਕਿ ਸੁਆਲ ਉੱਠਣ ਅਤੇ ਅਜਿਹੇ ਸਵਾਲਾਂ ਦਾ ਜਵਾਬ ਦੇਣਾ ਵੀ ਮੁਸ਼ਕਿਲ ਹੁੰਦਾ ਹੈ।

'ਮਰਕਜ਼' ਨਾਲ ਜੁੜੇ ਲੋਕਾਂ ਨੇ ਜੇ ਆਮ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੀ ਕੋਈ ਗ਼ਲਤੀ ਕੀਤੀ ਵੀ ਹੈ ਤਾਂ ਇਸ ਦਾ ਕਾਨੂੰਨੀ ਪੱਖ ਹੈ ਜਿਸ ਦੀ ਜਾਂਚ-ਪੜਤਾਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਪਰ ਜੋ ਨੁਕਤਾ ਵਧੇਰੇ ਅਹਿਮ ਅਤੇ ਮੁਤਾਅਲਾ-ਗ਼ੌਰ ਹੈ ਉਹ ਇਹ ਕਿ ਟੈਲੀਵਿਜ਼ਨ ਦੇ ਚੈਨਲਾਂ 'ਤੇ ਇਕ ਯੋਜਨਾਬੱਧ ਤਰੀਕੇ ਨਾਲ ਕਿਸੇ ਵਰਗ ਵਿਸ਼ੇਸ਼ ਖ਼ਿਲਾਫ਼ ਬਹਿਸਾਂ ਦੀ ਲੜੀ ਦੇ ਰੂਪ ਵਿਚ 'ਮੀਡੀਆ ਟਰਾਇਲ' ਕਰਨ ਦੀ ਕੋਸ਼ਿਸ਼ ਬਿਲਕੁਲ ਸਹੀ ਨਹੀਂ ਸੀ। ਇਹ ਵਕਤ ਅਤੇ ਸਮਾਜ, ਦੋਵਾਂ ਦੀ ਮੰਗ ਹੈ ਕਿ ਅਜਿਹੀਆਂ ਨਫ਼ਰਤਾਂ ਮੁਹਿੰਮਾਂ ਨੂੰ ਰੋਕਿਆ ਜਾਵੇ। ਦਰਸ਼ਕ ਗਿਣਤੀ ਵਧਾਉਣਾ ਵਪਾਰਕ ਹਿਤਾਂ ਲਈ ਅਹਿਮ ਹੋ ਸਕਦਾ ਹੈ ਪਰ ਸਮਾਜ ਦੇ ਵੱਖ-ਵੱਖ ਫ਼ਿਰਕਿਆਂ ਵਿਚ ਆਪਸੀ ਸਾਂਝ ਬਣੀ ਰਹੇ ਇਹ ਸਮਾਜਿਕ ਹਿਤਾਂ ਲਈ ਉਸ ਤੋਂ ਵੀ ਵਧੇਰੇ ਅਹਿਮ ਹੈ। ਕਿਸੇ ਘਟਨਾ ਵਿਸ਼ੇਸ਼ ਦੀ ਜ਼ਿੰਮੇਵਾਰੀ ਸਬੰਧਿਤ ਕੌਮ ਦੇ ਸਿਰ ਮੜ੍ਹ ਦੇਣ ਦੇ ਨਤੀਜੇ ਇਤਿਹਾਸ ਆਪਣੀ ਬੁਕਲ ਵਿਚ ਸਮੋਈ ਬੈਠਾ ਹੈ ਜੋ ਕਦੀ ਨਾ-ਮਿਟਣ ਵਾਲੀ ਨਫ਼ਰਤ ਦੇ ਬੀਜਾਂ ਦੀ ਖੇਤੀ ਦੀ ਕਹਾਣੀ ਪੀੜ੍ਹੀ-ਦਰ-ਪੀੜ੍ਹੀ ਸੁਣਾਉਂਦੇ ਪ੍ਰਤੀਤ ਹੁੰਦੇ ਹਨ। ਕਈ ਦਹਾਕੇ ਬੀਤ ਚੁੱਕੇ ਹਨ ਪਰ ਨਵੰਬਰ ਦਾ ਪਹਿਲਾ ਹਫ਼ਤਾ ਕਿੰਨੇ ਹੀ ਹਿਰਦਿਆਂ ਨੂੰ ਅਕਿਹ 'ਤੇ ਅਸਹਿ ਪੀੜਾ ਦੇ ਕੇ ਗੁਜ਼ਰਦਾ ਹੈ। ਫ਼ਿਰਕਾਪ੍ਰਸਤੀ ਦਾ ਜ਼ਹਿਰ ਅਤੇ ਸਦਭਾਵਨਾ ਦੀ ਲਹਿਰ-ਦੋ ਸੁਜਾਤੀ ਨਹੀਂ ਬਲਕਿ ਵਿਜਾਤੀ ਤਾਸੀਰ ਵਾਲੇ ਮਸਲੇ ਹਨ। ਮਰਕਜ਼ ਨਾਲ ਜੁੜੀਆਂ ਸਰਗਰਮੀਆਂ ਦੀ ਤਰਕਹੀਣ ਹਮਾਇਤ ਤੋਂ ਵੀ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਮੇਂ ਦੇ ਮੌਜੂਦਾ ਕਸ਼ਟਦਾਇਕ ਦੌਰ ਵਿਚੋਂ ਗੁਜ਼ਰਦਿਆਂ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਯਤਨਾਂ ਦੀ ਪਹਿਚਾਣ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਫ਼ਿਰਕਾਪ੍ਰਸਤੀ ਸਮਾਜਿਕ ਆਬੋ-ਹਵਾ ਨੂੰ ਗੰਧਲਾ ਕਰਨ ਦੀ ਤਰ੍ਹਾਂ ਹੈ, ਇਸ ਵਿਰੁੱਧ ਆਵਾਜ਼ ਉਠਾਉਣਾ ਬੇਹੱਦ ਜ਼ਰੂਰੀ ਹੈ।

ਪ੍ਰੋ. ਰਣਜੀਤ ਸਿੰਘ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।