ਸ਼ਰਾਬ ਵਿਚ ਉਲਝੀ ਪੰਜਾਬ ਸਰਕਾਰ; ਮੰਤਰੀ ਨੇ 600 ਕਰੋੜ ਰੁਪਏ ਦੇ ਘਾਟੇ ਦੀ ਜਾਂਚ ਮੰਗੀ

ਸ਼ਰਾਬ ਵਿਚ ਉਲਝੀ ਪੰਜਾਬ ਸਰਕਾਰ; ਮੰਤਰੀ ਨੇ 600 ਕਰੋੜ ਰੁਪਏ ਦੇ ਘਾਟੇ ਦੀ ਜਾਂਚ ਮੰਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੱਜ ਪੰਜਾਬ ਦੇ ਮੁੱਖ ਮੰਤਰੀ ਨੇ 2020-21 ਦੀ ਐਕਸਾਈਜ਼ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਸੋਮਵਾਰ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਖਿਲਾਫ ਮਤਾ ਪਾਉਣ ਮੌਕੇ ਮੰਤਰੀ ਮੰਡਲ ਨੇ ਐਕਸਾਈਜ਼ ਨੀਤੀ ਬਣਾਉਣ ਦੇ ਸਾਰੇ ਹੱਕ ਮੁੱਖ ਮੰਤਰੀ ਨੂੰ ਦੇ ਦਿੱਤੇ ਸਨ। ਓਧਰ ਦੂਜੇ ਪਾਸੇ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਕਸਾਈਜ਼ ਮਹਿਕਮੇ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਪਏ ਘਾਟੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। 

ਬੀਤੇ ਕੁੱਝ ਦਿਨਾਂ ਤੋਂ ਪੰਜਾਬ ਵਜ਼ਾਰਤ ਦਾ ਧਿਆਨ ਕੋਰੋਨਾ ਤੋਂ ਹੱਟ ਕੇ ਸ਼ਰਾਬ 'ਤੇ ਟਿਕਿਆ ਹੋਇਆ ਹੈ। ਪੰਜਾਬ ਦੇ ਮੰਤਰੀਆਂ ਅਤੇ ਮੁੱਖ ਸਕੱਤਰ ਦਰਮਿਆਨ ਖੜਕਣ ਤੋਂ ਬਾਅਦ ਪੰਜਾਬ ਵਿਚ ਅਫਸਰਸ਼ਾਹੀ ਅਤੇ ਵਿਧਾਇਕਾਂ ਦੇ ਆਪਸੀ ਟਕਰਾਅ ਦੇ ਭੇਦ ਖੁੱਲ੍ਹ ਗਏ ਹਨ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮਾ ਤਾਂ ਵਾਪਸ ਲੈ ਲਿਆ ਸੀ, ਪਰ ਉਹਨਾਂ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਸਬੰਧੀ ਕੋਈ ਫੈਂਸਲਾ ਨਹੀਂ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ: ਮੰਤਰੀ ਚੰਨੀ ਨੂੰ ਮੁੱਖ ਸਕੱਤਰ ਨਾਲ ਸਮਝੌਤਾ ਨਾ ਕਰਨ 'ਤੇ ਪਰਚਾ ਦਰਜ ਕਰਨ ਦੀ ਧਮਕੀ ਮਿਲੀ

ਇਹ ਵੀ ਜਾਣਕਾਰੀ ਮਿਲੀ ਹੈ ਕਿ ਐਕਸਾਈਜ਼ ਨੀਤੀ ਨੂੰ ਇਹ ਮਨਜ਼ੂਰੀ ਬੀਤੀ ਸ਼ਾਮ ਕਰਨ ਅਵਤਾਰ ਸਿੰਘ ਤੋਂ ਮਹਿਕਮਾ ਵਾਪਸ ਲੈਣ ਦੇ ਕੁੱਝ ਸਮਾਂ ਪਹਿਲਾਂ ਹੀ ਦੇ ਦਿੱਤੀ ਗਈ ਸੀ। 

ਇਸ ਨੀਤੀ ਤਹਿਤ ਲਾਕਡਾਊਨ ਕਾਰਨ 1 ਅਪ੍ਰੈਲ ਤੋਂ 6 ਮਈ ਦਰਮਿਆਨ 36 ਦਿਨ ਬੰਦ ਰਹੇ ਠੇਕਿਆਂ ਦੇ ਦਿਨ ਅੱਗੇ ਪੂਰੇ ਕਰਨ ਦੇ ਨਾਲ 22 ਮਾਰਚ ਤੋਂ 31 ਮਾਰਚ ਤਕ 9 ਦਿਨ ਬੰਦ ਰਹੇ ਠੇਕਿਆਂ ਨਾਲ ਠੇਕੇਦਾਰਾਂ ਨੂੰ ਪਏ ਘਾਟੇ ਨੂੰ ਵੀ ਪੂਰਾ ਕਰਨ ਦੀ ਗੱਲ ਕਹੀ ਗਈ ਹੈ। 

ਦੱਸ ਦਈਏ ਕਿ ਬੀਤੇ ਕਲ੍ਹ ਗਿੱਦੜਬਾਹਾ ਹਲਕੇ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਖਿਲਾਫ ਐਕਸਾਈਜ਼ ਮਹਿਕਮੇ ਨੂੰ ਹੋਏ 600 ਕਰੋੜ ਰੁਪਏ ਦੇ ਘਾਟੇ ਸਬੰਧੀ ਜਾਂਚ ਦੀ ਮੰਗ ਕੀਤੀ ਸੀ। 

Dear @capt_amarinder ji,

It is my humble request sir, to kindly also initiate enquiry against Chief Secretary Shri Karan Avtar Singh on revenue loss of over ₹600Cr

I request you to kindly remove him from his post of Chief Secretary so that he is unable to influence the enquiry

— Amarinder Singh Raja (@RajaBrar_INC) May 13, 2020

ਇਸ ਸਬੰਧੀ ਰਾਜਾ ਵੜਿੰਗ ਵੱਲੋਂ ਕੀਤੇ ਟਵੀਟ ਨੂੰ ਅੱਗੇ ਸਾਂਝਾ ਕਰਦਿਆਂ ਅੱਜ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖਿਆ ਕਿ ਉਹ ਰਾਜਾ ਵੜਿੰਗ ਨਾਲ ਸਹਿਮਤ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਘਾਟੇ ਦੀ ਜਾਂਚ ਕਰਾਈ ਜਾਵੇ। 

I agree with @RajaBrar_INC and appeal honourable Chief Minister Punjab @capt_amarinder to initiate enquiry So that someone has to be held responsible for the revenue loss for last 3 yrs of Excise department https://t.co/NhHMum7laO

— Sukhjinder Singh Randhawa (@Sukhjinder_INC) May 13, 2020

ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਐਕਸਾਈਜ਼ ਮਹਿਕਮੇ ਵਿਚ ਵੱਡੇ ਘਪਲੇ ਦਾ ਦੋਸ਼ ਲਾਉਂਦਿਆਂ ਜਾਂਚ ਦੀ ਮੰਗ ਕੀਤੀ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।