ਮੰਤਰੀ ਚੰਨੀ ਨੂੰ ਮੁੱਖ ਸਕੱਤਰ ਨਾਲ ਸਮਝੌਤਾ ਨਾ ਕਰਨ 'ਤੇ ਪਰਚਾ ਦਰਜ ਕਰਨ ਦੀ ਧਮਕੀ ਮਿਲੀ

ਮੰਤਰੀ ਚੰਨੀ ਨੂੰ ਮੁੱਖ ਸਕੱਤਰ ਨਾਲ ਸਮਝੌਤਾ ਨਾ ਕਰਨ 'ਤੇ ਪਰਚਾ ਦਰਜ ਕਰਨ ਦੀ ਧਮਕੀ ਮਿਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਪੰਜਾਬ ਦੇ ਮੰਤਰੀਆਂ ਦਰਮਿਆਨ ਇਕ ਬੈਠਕ ਵਿਚ ਤਲਖੀ ਤੋਂ ਬਣਿਆ ਮਾਹੌਲ ਪੰਜਾਬ ਵਿਚ ਵੱਡੇ ਸਿਆਸੀ ਸੰਕਟ ਵੱਲ ਵਧ ਰਿਹਾ ਹੈ। ਕਨਸੋਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਬਚਾਉਣ ਲਈ ਪੰਜਾਬ ਦੇ ਮੰਤਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਨੇ ਮੁੱਖ ਸਕੱਤਰ ਨੂੰ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਲਾਨ ਕਰ ਦਿੱਤਾ ਸੀ ਕਿ ਅਜਿਹੀ ਕਿਸੇ ਵੀ ਬੈਠਕ ਵਿਚ ਕੋਈ ਵੀ ਮੰਤਰੀ ਸ਼ਾਮਲ ਨਹੀਂ ਹੋਵੇਗਾ ਜਿਸ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਕਰਾਉਣਗੇ। 

ਇਹ ਮਤਾ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿਚ ਪਾਸ ਕੀਤਾ ਗਿਆ ਸੀ। ਅੱਜ 13 ਮਈ ਦੇ ਅਜੀਤ ਅਖਬਾਰ ਵਿਚ ਚੰਡੀਗੜ੍ਹ ਸਥਿਤ ਸੀਨੀਅਰ ਪੱਤਰਕਾਰ ਸ:ਹਰਕਵਲਜੀਤ ਸਿੰਘ ਦੇ ਹਵਾਲੇ ਨਾਲ ਖ਼ਬਰ ਛਪੀ ਹੈ ਕਿ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਜਾ ਕੇ ਕਿਹਾ ਕਿ ਉਹ ਮੁੱਖ ਸਕੱਤਰ ਨਾਲ ਪੈਦਾ ਹੋਏ ਵਿਵਾਦ ਨੂੰ ਨਿਪਟਾ ਲੈਣ ਨਹੀਂ ਤਾਂ ਮੁੱਖ ਮੰਤਰੀ ਇਕ ਔਰਤ ਆਈ.ਏ.ਐਸ.ਅਧਿਕਾਰੀ ਦੀ ਪੁਰਾਣੀ ਸ਼ਿਕਾਇਤ ਦਾ ਮਾਮਲਾ ਦੁਬਾਰਾ ਖੋਲ੍ਹ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ: ਸ਼ਰਾਬ ਵਿਚ ਉਲਝੀ ਪੰਜਾਬ ਸਰਕਾਰ; ਮੰਤਰੀ ਨੇ 600 ਕਰੋੜ ਰੁਪਏ ਦੇ ਘਾਟੇ ਦੀ ਜਾਂਚ ਮੰਗੀ

ਦੱਸ ਦਈਏ ਕਿ ਮੁੱਖ ਸਕੱਤਰ ਖਿਲਾਫ ਮਤਾ ਪਾਉਣ ਵਾਲੇ ਮੰਤਰੀਆਂ ਵਿਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਸਨ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਮੰਤਰੀ ਮੰਡਲ ਵਿਚ ਬਣੀਆਂ ਧੜੇਬੰਦੀਆਂ ਅੰਦਰ ਮੰਤਰੀ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਚੋਂ ਸਮਝੇ ਜਾਂਦੇ ਹਨ। ਤ੍ਰਿਪਤ ਬਾਜਵਾ ਵੱਲੋਂ ਚੰਨੀ ਦੇ ਘਰ ਜਾ ਕੇ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਸਾਫ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਮੁੱਖ ਸਕੱਤਰ ਨੂੰ ਅਹੁਦੇ 'ਤੇ ਰੱਖਣ ਲਈ ਹਰ ਚਾਰਾਜ਼ੋਈ ਕਰ ਰਹੇ ਹਨ। 


ਮੁੱਖ ਸਕੱਤਰ ਕਰਨ ਅਵਤਾਰ ਸਿੰਘ

ਪਰ ਤ੍ਰਿਪਤ ਰਜਿੰਦਰ ਬਾਜਵਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਮੰਤਰੀ ਚੰਨੀ ਦੇ ਘਰ ਜ਼ਰੂਰ ਗਏ ਸਨ ਪਰ ਉਹਨਾਂ ਅਜਿਹੀ ਕੋਈ ਗੱਲ ਨਹੀਂ ਕੀਤੀ।

ਜਾਣਕਾਰੀ ਅਨੁਸਾਰ ਮੰਤਰੀ ਚੰਨੀ ਨੇ ਇਸ ਸਬੰਧੀ ਆਪਣੇ ਕਈ ਸਾਥੀ ਮੰਤਰੀਆਂ ਨਾਲ ਗਲਬਾਤ ਕਰਕੇ ਮੰਤਰੀ ਬਾਜਵਾ ਨੂੰ ਸਪਸ਼ਟ ਕੀਤਾ ਕਿ ਮੁੱਖ ਸਕੱਤਰ ਖਿਲਾਫ਼ ਮਤਾ ਸਰਬਸੰਮਤੀ ਨਾਲ ਕੈਬਨਿਟ ਵੱਲੋਂ ਕੀਤਾ ਗਿਆ ਹੈ ਅਤੇ ਇਹ ਮਾਮਲਾ ਮੁੱਖ ਮੰਤਰੀ ’ਤੇ ਛੱਡ ਦਿੱਤਾ ਗਿਆ ਹੈ। ਖਬਰਾਂ ਅਨੁਸਾਰ ਮੰਤਰੀ ਚੰਨੀ ਨੇ ਬਾਜਵਾ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਸਰਕਾਰ ਨੇ ਉਹਨਾਂ ਖਿਲਾਫ ਜੋ ਕਾਰਵਾਈ ਕਰਨੀ ਹੈ ਕਰ ਲਵੇ।

ਖ਼ਬਰ ਮੁਤਾਬਕ ਮੰਤਰੀ ਬਾਜਵਾ ਵੱਲੋਂ ਚੰਨੀ ਨੂੰ ਮਨਾਉਣ ਦੀ ਕੋਸ਼ਿਸ਼ ਅਸਫ਼ਲ ਰਹਿਣ ਤੋਂ ਬਾਅਦ ਮੁੱਖ ਮੰਤਰੀ ਨੇ ਖ਼ੁਦ ਵੀ ਸੂਚਨਾ ਅਨੁਸਾਰ ਮੰਤਰੀ ਚੰਨੀ ਨੂੰ ਟੈਲੀਫ਼ੋਨ ਕੀਤਾ, ਪਰ ਇਤਲਾਹ ਅਨੁਸਾਰ ਚੰਨੀ ਨੇ ਮੁੱਖ ਮੰਤਰੀ ਨੂੰ ਸਪਸ਼ਟ ਕੀਤਾ ਕਿ ਪਹਿਲਾਂ ਉਸ ਵਿਰੁੱਧ ਐਫ.ਆਈ. ਆਰ ਦਰਜ ਕੀਤੀ ਜਾਵੇ, ਜਿਸ ਸੰਬੰਧੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਨ੍ਹਾਂ ਨੂੰ ਧਮਕੀ ਦੇ ਕੇ ਗਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਮੰਤਰੀ ਮੰਡਲ ਦੇ ਮੈਂਬਰਾਂ ਨੇ ਮੁੱਖ ਸਕੱਤਰ ਦੇ ਮਾਮਲੇ ’ਚ ਸਾਰਾ ਫ਼ੈਸਲਾ ਉਨ੍ਹਾਂ ’ਤੇ ਛੱਡ ਦਿੱਤਾ ਹੈ, ਹੁਣ ਉਹ ਦੇਖ਼ਣ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਮੁੱਖ ਸਕੱਤਰ ਚਾਹੀਦੇ ਹਨ ਜਾਂ ਫ਼ਿਰ ਮੰਤਰੀ ਮੰਡਲ ਦੇ ਮੈਂਬਰ।

ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਵਿਚਲਾ ਰਾਹ ਕੱਢਦਿਆਂ ਗੱਲ ਨੂੰ ਕੁਝ ਠੰਢੀ ਪਾਉੈਣ ਦੇ ਮਕਸਦ ਨਾਲ ਮੁੱਖ ਮੰਤਰੀ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮਾ ਵਾਪਸ ਲੈ ਲਿਆ ਗਿਆ ਸੀ ਪਰ ਇਸ ਦੇ ਸੰਕੇਤ ਇਹ ਵੀ ਮੰਨੇ ਜਾ ਰਹੇ ਹਨ ਕਿ ਮੁੱਖ ਮੰਤਰੀ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਰੌਂਅ ਵਿਚ ਨਹੀਂ ਹਨ।

ਮੁੱਖ ਮੰਤਰੀ ਕੈਂਪ ਸਿਰਫ਼ ਮੁੱਖ ਸਕੱਤਰ ਦੇ ਖਿਲਾਫ਼ ਕੈਬਨਿਟ ਵੱਲੋਂ ਲਏ ਗਏ ਸਟੈਂਡ ਤੋਂ ਹੀ ਔਖ਼ਾ ਨਹੀਂ ਹੈ ਸਗੋਂ ਇਸ ਗੱਲ ਤੋਂ ਵੀ ਔਖ਼ਾ ਹੈ ਕਿ ਕੈਬਨਿਟ ਨੇ ਐਕਸਾਈਜ਼ ਪਾਲਿਸੀ ਸੰਬੰਧੀ ਅਧਿਕਾਰ ਮੁੱਖ ਮੰਤਰੀ ਨੂੰ ਸੌਂਪਦਿਆਂ ਇਹ ਵੀ ਕਿਹਾ ਸੀ ਕਿ ਸ਼ਰਾਬ ਦੇ ਮਾਮਲੇ ਵਿਚ ਹੋਣ ਵਾਲਾ ਨਫ਼ਾ ਨੁਕਸਾਨ ਵੀ ਹੁਣ ਮੁੱਖ ਮੰਤਰੀ ਆਪ ਹੀ ਵੇਖਣ। ਕੈਬਨਿਟ ਦੀ ਇਹ ਗੱਲ ਸ:ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਇਨ੍ਹਾਂ ਹੀ ਸ਼ਬਦਾਂ ਵਿਚ ਮੀਡੀਆ ਬਰੀਫ਼ਿੰਗ ਦੌਰਾਨ ਆਖ਼ੀ ਸੀ ਅਤੇ ਇਸਨੂੰ ਮੁੱਖ ਮੰਤਰੀ ’ਤੇ ਵਾਰ ਸਮਝਿਆ ਜਾ ਰਿਹਾ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।