ਭਾਈ ਖੰਡਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਇੰਗਲੈਂਡ ਵਿਚ ਮੁਦਾ ਉਠਿਆ
ਇੰਗਲੈਂਡ ਦੇ ਸਿਖ ਸੁਨਕ ਤੋਂ ਨਰਾਜ਼,ਜੱਗੀ ਜੌਹਲ ਦਾ ਮੁਦਾ ਉਠਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ-ਭਾਈ ਅਵਤਾਰ ਸਿੰਘ ਖੰਡਾ ਦੀ 15 ਜੂਨ ਨੂੰ ਹੋਈ ਮੌਤ ਨੂੰ ਲੈ ਕੇ ਸਿੱਖ ਹਲਕਿਆਂ 'ਚ ਸ਼ੰਕੇ ਪਾਏ ਜਾ ਰਹੇ ਹਨ । ਭਾਵੇਂ ਕਿ ਪੁਲਿਸ ਅਤੇ ਡਾਕਟਰਾਂ ਵਲੋਂ ਮੌਤ ਦਾ ਕਾਰਨ ਬਲੱਡ ਕੈਂਸਰ ਦੱਸਿਆ ਗਿਆ ਹੈ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਂਸਰ ਕਾਰਨ ਕੁਝ ਦਿਨਾਂ ਵਿਚ ਕਿਸੇ ਦੀ ਮੌਤ ਨਹੀਂ ਹੋ ਸਕਦੀ । ਸਿੱਖ ਜੱਥੇਬੰਦੀਆਂ ਵਲੋਂ ਇਹ ਵੀ ਸ਼ੰਕਾ ਕੀਤਾ ਜਾ ਰਿਹਾ ਹੈ ਕਿ ਕਿਤੇ ਲਾਹੌਰ ਵਿੱਚ ਖਾਲਿਸਤਾਨੀ ਖਾੜਕੂੂ ਪਰਮਜੀਤ ਸਿੰਘ ਪੰਜਵੜ ਅਤੇ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕੜੀ ਭਾਈ ਖੰਡਾ ਨਾਲ ਵੀ ਤਾਂ ਨਹੀਂ ਜੁੜ ਰਹੀ ।
ਹਾਲਾਂਕਿ, ਵੈਸਟ ਮਿਡਲੈਂਡਜ਼ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ ਹੈ ਅਤੇ ਕੋਈ ਵੀ ਸ਼ੱਕੀ ਹਾਲਾਤ ਸਾਹਮਣੇ ਨਹੀਂ ਆਏ। ਇਸ ਲਈ ਦੁਬਾਰਾ ਜਾਂਚ ਕਰਨ ਦੀ ਕੋਈ ਲੋੜ ਨਹੀਂ ਹੈ।
ਪਰ ਬ੍ਰਿਟਿਸ਼ ਸਿੱਖ ਲੰਬੇ ਸਮੇਂ ਤੋਂ ਗੈਰ-ਜ਼ਰੂਰੀ ਦਬਾਅ ਮਹਿਸੂਸ ਕਰਨ ਦੀ ਗੱਲ ਕਰਦੇ ਰਹੇ ਹਨ, ਕਿਉਂਕਿ ਭਾਰਤ ਸਰਕਾਰ ਨੇ ਖੁੱਲ੍ਹੇਆਮ ਮੰਗ ਕੀਤੀ ਹੈ ਕਿ ਯੂਕੇ ਦੇ ਅਧਿਕਾਰੀ, ਭਾਈਚਾਰੇ ਅੰਦਰ "ਕੱਟੜਵਾਦ" ਨੂੰ ਠੱਲ੍ਹ ਪਾਉਣ ਲਈ ਹੋਰ ਕੁਝ ਕਰਨ।ਸਿੱਖ ਫੈਡਰੇਸ਼ਨ ਯੂ. ਕੇ. ਦੇ ਬੁਲਾਰੇ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਯੂ. ਕੇ. ਵਿਚ ਸਿੱਖ ਭਾਈਚਾਰਾ ਸਿੱਖ ਕਾਰਕੁੰਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਅਤੇ ਯੂ. ਕੇ. ਸਰਕਾਰ ਤੋਂ ਸਿੱਖ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਬਾਰੇ ਪੁੱਛਿਆ ਜਾ ਰਿਹਾ ਹੈ । ਭਾਈ ਖੰਡਾ ਦੀ ਮੌਤ ਬਾਰੇ ਹੁਣ ਲੰਡਨ ਮੁਜ਼ਾਹਰੇ ਤੋਂ ਪਹਿਲਾਂ ਬਰੈਸਟਰ ਮਾਈਕਲ ਪੁਲਕ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਭਾਈ ਖੰਡਾ ਦੀ ਮੌਤ ਦੀ ਜਾਂਚ ਲਈ ਚੀਫ ਕੋਰੋਨਰ ਕੋਲ ਦਾਇਰ ਕੀਤੀ ਅਰਜ਼ੀ ਬਾਰੇ ਜਾਣਕਾਰੀ ਦੇਣਗੇ |
ਸਿਖ ਯੂਕੇ ਸਰਕਾਰ ਤੋਂ ਨਰਾਜ਼
ਬ੍ਰਿਟੇਨ ਵਿੱਚ ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਜੌਹਲ ਕਹਿੰਦੇ ਹਨ ਕਿ ਜਸਟਿਨ ਟਰੂਡੋ ਨੇ ਭਾਈ ਹਰਦੀਪ ਸਿੰਘ ਨਿਝਰ ਬਾਰੇ ਸਹੀ ਸਟੈਂਡ ਲਿਆ। ਕੈਨੇਡੀਅਨ ਪ੍ਰਧਾਨ ਮੰਤਰੀ ਆਪਣੇ ਨਾਗਰਿਕਾਂ ਲਈ ਖੜ੍ਹੇ ਹੋਏ ਹਨ, ਜਦਕਿ ਯੂਕੇ ਸਰਕਾਰ ਅਜਿਹਾ ਕਰਨ ਵਿੱਚ ਅਸਫ਼ਲ ਰਹੀ ਹੈ
ਮਨੁੱਖੀ ਅਧਿਕਾਰ ਸਮੂਹ ਰਿਪ੍ਰੀਵ ਦਾ ਕਹਿਣਾ ਹੈ ਕਿ ਉਸ ਕੋਲ ਇਸ ਗੱਲ ਦੇ ਠੋਸ ਸਬੂਤ ਹਨ ਕਿ ਜੌਹਲ ਦੀ ਭਾਰਤ ਵਿੱਚ ਗ੍ਰਿਫਤਾਰੀ, ਬ੍ਰਿਟਿਸ਼ ਸੁਰੱਖਿਆ ਏਜੰਸੀਆਂ ਤੋਂ ਮਿਲੀ ਸੂਚਨਾ ਤੋਂ ਬਾਅਦ ਹੋਈ ਸੀ।
ਬਰਤਾਨਵੀ ਸਿੱਖ ਜਥੇਬੰਦੀਆਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਇਸ ਤੱਥ ਦੇ ਬਾਵਜੂਦ ਕਿ ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਸਮੂਹ ਨੇ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਨਜ਼ਰਬੰਦੀ ਮਨਮਾਏ ਅਤੇ ਵਿਤਕਰੇ ਦੇ ਅਧਾਰ 'ਤੇ ਕੀਤੀ ਗਈ ਸੀ, ਯੂਕੇ ਸਰਕਾਰ ਅਜਿਹਾ ਕਰਨ ਵਿੱਚ ਅਸਫ਼ਲ ਰਹੀ ਹੈ।
ਗੁਰਪ੍ਰੀਤ ਜੌਹਲ ਡੰਬਰਟਨ ਤੋਂ ਲੇਬਰ ਕੌਂਸਲਰ ਅਤੇ ਵਕੀਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨਾਲ ਜੋ ਕੁਝ ਹੋਇਆ, ਉਸ ਕਾਰਨ ਉਨ੍ਹਾਂ ਨੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ।
ਦਰਅਸਲ ਛੇ ਸਾਲ ਪਹਿਲਾਂ, ਗੁਰਪ੍ਰੀਤ ਦੇ ਭਰਾ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਵਿਆਹ ਕਰਵਾਉਣ ਲਈ ਭਾਰਤ ਆਏ ਸਨ।ਜੱਗੀ ਜੌਹਲ ਇੱਕ ਜਾਣਿਆ-ਪਛਾਣਿਆ ਚਿਹਰਾ ਹਨ, ਜੋ ਖਾਲਿਸਤਾਨ ਸਮਰਥਕ ਹਨ ਅਤੇ ਸਿੱਖ ਅਧਿਕਾਰ ਕਾਰਕੁਨ ਵੀ ਹਨ।ਜੌਹਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਰਾਮਾ ਮੰਡੀ ਕਸਬੇ ਵਿੱਚ ਜੱਗੀ ਨੂੰ ਇੱਕ ਬਿਨਾਂ ਨੰਬਰ ਵਾਲੀ ਕਾਰ ਵਿੱਚ ਜ਼ਬਰੀ ਬਿਠਾ ਲਿਆ ਗਿਆ। ਉਸ ਤੋਂ ਬਾਅਦ ਉਹ ਕੱਟੜਪੰਥੀ ਗਤੀਵਿਧੀਆਂ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਹਨ।
ਜਗਤਾਰ ਸਿੰਘ ਜੱਗੀ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਇਕਬਾਲੀਆ ਬਿਆਨਾਂ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ 'ਤੇ ਇਲਜ਼ਾਮ ਲੱਗਣ 'ਚ ਕਈ ਸਾਲ ਲੱਗ ਗਏ ਅਤੇ ਉਨ੍ਹਾਂ 'ਤੇ ਕਦੇ ਮੁਕੱਦਮਾ ਵੀ ਨਹੀਂ ਚਲਾਇਆ ਗਿਆ।ਗੁਰਪ੍ਰੀਤ ਸਿੰਘ ਜੌਹਲ ਕਹਿੰਦੇ ਹਨ, "ਅਜਿਹਾ ਜਾਪਦਾ ਹੈ ਕਿ ਯੂਕੇ ਸਰਕਾਰ ਨੂੰ ਆਪਣੇ ਨਾਗਰਿਕਾਂ ਨਾਲੋਂ ਭਾਰਤ ਨਾਲ ਵਪਾਰਕ ਸੌਦੇ ਦੀ ਜ਼ਿਆਦਾ ਪ੍ਰਵਾਹ ਹੈ।''
ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਜੱਗੀ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਸਰਕਾਰ ਅੱਗੇ ਚੁੱਕਣ ਨਾਲ ਇਹ ਮਾਮਲਾ ਸੁਲਝਣ ਦੀ ਬਜਾਏ ਹੋਰ ਪੇਚੀਦਾ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕੇ ਕਿਹਾ ਹੈ ਕਿ ਉਹ ''ਜੌਹਲ ਦੇ ਕੇਸ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਲਈ ਵਚਨਬੱਧ ਹਨ''।
ਭਾਰਤ ਵਿਚ 1980 ਦੇ ਦਹਾਕੇ ਵਿੱਚ ਖਾਲਿਸਤਾਨ ਦੀ ਮੰਗ ਜ਼ੋਰਾਂ 'ਤੇ ਸੀ ਪਰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਇਸ ਵਿਚਾਰ ਦਾ ਸਖ਼ਤ ਵਿਰੋਧ ਕੀਤਾ ਸੀ। ਇਸ ਮਗਰੋਂ ਖਾਲਿਸਤਾਨ ਦੀ ਮੰਗ ਵਧਰੇ ਜ਼ੋਰਦਾਰ ਢੰਗ ਨਾਲ ਨਹੀਂ ਹੋਈ।ਪਰ ਹਾਲ ਹੀ ਦੇ ਸਾਲਾਂ ਵਿੱਚ, ਖਾਸ ਤੌਰ 'ਤੇ ਸਿੱਖ ਡਾਇਸਪੋਰਾ ਵਿੱਚ ਇਸ ਦਾ ਪੁਨਰ-ਉਭਾਰ ਦੇਖਿਆ ਗਿਆ ਹੈ।
ਖ਼ਾਸ ਕਰਕੇ, ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਸਮਰਥਨ ਨੇ ਸ਼ਾਂਤਮਈ ਸਰਗਰਮੀ ਦਾ ਰੂਪ ਧਾਰ ਲਿਆ ਹੈ। ਜਦ ਕਿ ਭਾਰਤ ਸਰਕਾਰ ਇਸ ਵਖਵਾਦ ਨੂੰ ਅੱਤਵਾਦ ਸਮਝ ਰਹੀ ਹੈ।
ਹਾਲਾਂਕਿ ਦਿੱਲੀ ਅਤੇ ਲੰਡਨ ਵਿਚਕਾਰ ਕਦੇ-ਕਦਾਈਂ ਇਸ ਗੱਲ ਨੂੰ ਲੈ ਕੇ ਤਣਾਅ ਹੋ ਸਕਦਾ ਹੈ ਕਿ "ਕੱਟੜਵਾਦ" ਕੀ ਹੈ ਅਤੇ ਸਿਆਸੀ ਪ੍ਰਗਟਾਵੇ ਦੀ ਆਜ਼ਾਦੀ ਕੀ ਹੈ। ਮਾਹਿਰਾਂ ਅਨੁਸਾਰ ਆਖਿਰ ਇੰਗਲੈਂਡ ਜਮਹੂਰੀਅਤ ਅਜ਼ਾਦੀ ਤੋਂ ਬਾਹਰ ਜਾਕੇ ਭਾਰਤ ਦੀ ਮਦਦ ਨਹੀਂ ਕਰ ਸਕਦਾ।
Comments (0)