ਭਾਰਤੀ ਚੋਣ ਦੰਗਲ ‘ਚ ਵਾਅਦਿਆਂ ਤੇ ਦਾਅਵਿਆਂ ਦੀਆਂ ਝੜੀਆਂ

ਭਾਰਤੀ ਚੋਣ ਦੰਗਲ ‘ਚ ਵਾਅਦਿਆਂ ਤੇ ਦਾਅਵਿਆਂ ਦੀਆਂ ਝੜੀਆਂ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮੈਨੀਫ਼ੈਸਟੋ ਰਾਹੀਂ ਵੋਟਰਾਂ ਦਾ ਧਰਮ ਦੇ ਅਧਾਰ ਉਤੇ ਧਰੁੱਵੀਕਰਨ ਕਰਨ ਦਾ ਪੱਤਾ ਖੇਡਿਆ ਹੈ। ਇਹ ਮੈਨੀਫ਼ੈਸਟੋ ਹਰ ਮੁੱਦੇ ਉਤੇ ਸਿੱਧੇ-ਅਸਿੱਧੇ ਢੰਗ ਨਾਲ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦਾ ਹੈ। ਮੈਨੀਫ਼ੈਸਟੋ ਅਨੁਸਾਰ ਫ਼ੌਜ ਨੂੰ ‘ਅਤਿਵਾਦ‘ ਵਿਰੁੱਧ ਖੁੱਲ੍ਹੀ ਛੁੱਟੀ ਦੇ ਦਿੱਤੀ ਜਾਵੇਗੀ ਯਾਨੀ ਕਿ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਵਿਚ ਗੱਲਬਾਤ ਨਹੀਂ ਬਲਕਿ ਗੋਲੀਆਂ ਦੀ ਵਾਛੜ ਹੋਵੇਗੀ। ਅਫ਼ਸਪਾ ਨੂੰ ਹਟਾਇਆ ਨਹੀਂ ਜਾਵੇਗਾ ਅਤੇ ਐਨ.ਆਰ.ਸੀ. ਨੂੰ ਹੋਰ ਸਖ਼ਤ ਬਣਾਇਆ ਜਾਵੇਗਾ। ਇਹ ਚੋਣ ਵਾਅਦੇ ਹਨ ਜੋ ਕਿ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਜੰਮੂ-ਕਸ਼ਮੀਰ ‘ਚੋਂ ਧਾਰਾ 370 ਅਤੇ 35-ਏ ਨੂੰ ਹਟਾਉਣ ਦੇ ਵਾਅਦੇ ਨਾਲ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਇਸ ਸੂਬੇ ਨੂੰ ਚੋਣਾਂ ਜਿੱਤਣ ਲਈ ਕੁਰਬਾਨ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਉਣ ਦੀ ਸੋਚ ਤੇਜ਼ ਹੋਈ ਸੀ। ਇਸ ਮੈਨੀਫ਼ੈਸਟੋ ਵਿਚ ਉਸ ਦਾ ਇਸਤੇਮਾਲ ਰੱਜ ਕੇ ਕੀਤਾ ਗਿਆ ਹੈ।

ਇਕ ਪਾਸੇ ਨਫ਼ਰਤ ਭਰੀ ਵੰਡਪਾਊ ਰਾਜਨੀਤੀ ਅਤੇ ਦੂਜੇ ਪਾਸੇ ‘ਹਿੰਦੂਤਵੀ’ ਰਾਸ਼ਟਰਵਾਦ ਦੇ ਕਦਮ ਮੈਨੀਫ਼ੈਸਟੋ ਵਿਚ ਨਜ਼ਰ ਆ ਰਹੇ ਹਨ। ਸੰਕਲਪ ਪੱਤਰ ਯਾਨੀ ਕਿ ਮੈਨੀਫੈਸਟੋ ਵਿਚ ਰਾਮ ਮੰਦਰ ਬਣਾਉਣ ਦੀ ਰਣਨੀਤੀ, ਸਬਰੀਮਾਲਾ ਦੇ ਮੁੱਦੇ ਨੂੰ ਫਿਰ ਤੋਂ ਚੁੱਕਣ ਦੀ ਰਣਨੀਤੀ, ਬਹੁਗਿਣਤੀ ਵਿਚ ਪੈਦਾ ਕੀਤੇ ਜਾ ਰਹੇ ਉਸ ਡਰ ਨੂੰ ਪੱਠੇ ਪਾਉਂਦੀ ਹੈ ਜਿਸ ਦਾ ਆਧਾਰ ਹੀ ਕੋਈ ਨਹੀਂ ਬਣਦਾ।

ਕਮਾਲ ਦੀ ਗੱਲ ਇਹ ਹੈ ਕਿ ਭਾਜਪਾ ਨੇ ਪੰਜ ਸਾਲ ਪਹਿਲਾਂ ਕੀਤੇ ਕਈ ਵਾਅਦੇ ਇੰਝ ਭੁਲਾ ਦਿੱਤੇ ਹਨ, ਜਿਵੇਂ ਉਹ ਕਦੇ ਕੀਤੇ ਹੀ ਨਹੀਂ ਸਨ। ਪੰਜ ਸਾਲ ਲੰਮਾ ਸਮਾਂ ਨਹੀਂ ਹੁੰਦੇ, ਇਸ ਲਈ ਅਜੇ ਤੱਕ ਭਾਰਤ ਦੇ ਲੋਕਾਂ ਨੂੰ ਇਹ ਗੱਲ ਨਹੀਂ ਭੁੱਲ ਸਕੀ ਕਿ ਉਸ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਪਦਵੀ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਪੰਜ ਜੀਆਂ ਦੇ ਹਰ ਪਰਿਵਾਰ ਦੇ ਬੈਂਕ ਖਾਤੇ ਵਿੱਚ ਸਿੱਧੇ ਪੰਦਰਾਂ ਲੱਖ ਰੁਪਏ ਜਮ੍ਹਾਂ ਕਰਾਉਣ ਦਾ ਵਾਅਦਾ ਕੀਤਾ ਸੀ। ਇਹ ਵੀ ਕਿਹਾ ਸੀ ਕਿ ਸਿਰਫ ਸੌ ਦਿਨਾਂ ਦੇ ਅੰਦਰ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆ ਕੇ ਇਹ ਵਾਅਦਾ ਪੂਰਾ ਕੀਤਾ ਜਾਵੇਗਾ। ਫਿਰ ਇੱਕ ਸਾਲ ਲੰਘ ਜਾਣ ਦੇ ਬਾਅਦ ਉਸ ਦੇ ਜੋੜੀਦਾਰ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਹਿ ਦਿੱਤਾ ਕਿ ਇਹੋ ਜਿਹੀਆਂ ਗੱਲਾਂ ਬਾਰੇ ਪੁੱਛਣ ਦਾ ਕੋਈ ਲਾਭ ਨਹੀਂ ਹੁੰਦਾ, ਇਹ ਤਾਂ ਇੱਕ ‘‘ਚੋਣ ਜੁਮਲਾ” ਸੀ। ਭਾਜਪਾ ਨੇ ਪੰਜ ਸਾਲ ਪਹਿਲਾਂ ਮਹਿੰਗਾਈ ਨਾਲ ਨਿਪਟਣ ਵਾਸਤੇ ‘ਪ੍ਰਾਈਸ ਸਟੈਬਲਾਈਜ਼ੇਸ਼ਨ ਫੰਡ’ ਬਣਾਏ ਜਾਣ ਦਾ ਵਾਅਦਾ, ਸਾਰੇ ਦੇਸ਼ ਦੇ ਲੋਕਾਂ ਨੂੰ ਬਿਜਲੀ ਪਹੁੰਚਾਉਣ ਦਾ ਵਾਅਦਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ, ਹਰ ਸਾਲ ਦੋ ਕਰੋੜ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਦਾ ਵਾਅਦਾ, ਇੱਕ ਸੌ ਨਵੇਂ ਸ਼ਹਿਰ ਸਿਰਜਣ ਦਾ ਵਾਅਦਾ ਆਦਿ ਸਭ  ਫਲਾਪ ਹੋ ਗਏ ਹਨ।  

ਕੁੱਲ ਮਿਲਾ ਕੇ ਭਾਜਪਾ ਦਾ ਮੈਨੀਫ਼ੈਸਟੋ ਧਰਮ ਨਿਰਪੱਖਤਾ ਅਤੇ ਸਭ ਦੇ ਵਿਕਾਸ ਵਾਲੀ ਸੋਚ ਵਾਸਤੇ ਕੁਝ ਵੀ ਨਹੀਂ ਲੈ ਕੇ ਆਇਆ। ਇਹ ਨਫ਼ਰਤ ਦੀ ਸਿਆਸਤ ਦਾ ਕਾਲਾ ਦਸਤਾਵੇਜ਼ ਹੀ ਹੈ।

ਉਧਰ ਦੂਜੀ ਵੱਡੀ ਰਾਸ਼ਟਰੀ ਪਾਰਟੀ ਕਾਂਗਰਸ ਨੇ ਵੀ ਚੋਣਾਂ ਵਿਚ ਲੋਕ-ਲੁਭਾਊ ਨਾਅਰਿਆਂ ਤੇ ਵਾਅਦਿਆਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜ ਸਾਲ ਪਹਿਲਾਂ ਨਰਿੰਦਰ ਮੋਦੀ ਦੀ ਹਰ ਘਰ ਨੂੰ ਪੰਦਰਾਂ ਲੱਖ ਰੁਪਏ ਦੇਣ ਦੀ ‘‘ਜੁਮਲੇਬਾਜ਼ੀ’ ਵਾਂਗ ਹੀ ਹਰ ਘਰ ਨੂੰ 72 ਹਜ਼ਾਰ ਰੁਪਏ ਦੇਣ ਦਾ ਸ਼ੋਸ਼ਾ ਛੱਡਿਆ ਹੈ। ਕਾਂਗਰਸ ਨੇ ਭਾਜਪਾ ਦੇ ਹਿੰਦੂਵਾਦੀ ਪੱਤੇ ਦੀ ਕਾਟ ਲਈ ਘੱਟ ਗਿਣਤੀਆਂ ਤੇ ਦਲਿਤ ਵਰਗ ਨੂੰ ਰਿਝਾਉਣ ਦੇ ਮੁੱਦੇ ਮੂਹਰੇ ਕੀਤੇ ਹੋਏ ਹਨ, ਜਦਕਿ ਅਮਲ ਵਿਚ ਕਾਂਗਰਸ ਦਾ ਰਿਕਾਰਡ ਵੀ ਘੱਟ ਗਿਣਤੀਆਂ ਤੇ ਦਲਿਤਾਂ ਲਈ ਹਮੇਸ਼ਾ ਮਾਰੂ ਹੀ ਸਿੱਧ ਹੁੰਦਾ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ