ਵਿਸ਼ਵ ਸਿੱਖ ਇਕੱਤਰਤਾ: ਇੱਕ ਸਦੀ ਬਾਅਦ ਪ੍ਰੰਪਰਾ ਅਨੁਸਾਰ ਗੁਰਮਤਾ ਕਰਨ ਦਾ ਅਮਲ

ਵਿਸ਼ਵ ਸਿੱਖ ਇਕੱਤਰਤਾ: ਇੱਕ ਸਦੀ ਬਾਅਦ ਪ੍ਰੰਪਰਾ ਅਨੁਸਾਰ ਗੁਰਮਤਾ ਕਰਨ ਦਾ ਅਮਲ

ਪੰਥਕ ਸਖਸ਼ੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਜਿੰਦਰ ਸਿੰਘ ਮੁਗਲਵਾਲ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਵਲੋਂ 28 ਜੂਨ ਨੂੰ ਮੀਰੀ ਪੀਰੀ ਦਿਵਸ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤ੍ਰਤਾ ਸੱਦੀ ਗਈ ਹੈ।

ਇਹਨਾਂ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਵਲੋਂ ਪਿਛਲੇ ਸਮੇਂ ਤੋਂ ਪੰਥ ਅੰਦਰਲੇ ਵੱਖ-ਵੱਖ ਹਿੱਸਿਆਂ ਨਾਲ ਗੋਸ਼ਟੀਆਂ ਰਚਾਈਆਂ ਗਈਆ ਅਤੇ ਵੀਚਾਰ ਵਟਾਂਦਰੇ ਕੀਤੇ ਗਏ ਸਨ। ਅਗਲੇ ਪੜਾਅ ਦੇ ਤੌਰ 'ਤੇ ਇਹਨਾਂ ਸਖਸ਼ੀਅਤਾਂ ਵਲੋਂ ਵਿਸ਼ਵ ਸਿੱਖ ਇਕੱਤ੍ਰਤਾ ਸਬੰਧੀ ਕੁਝ ਦਸਤਾਵੇਜ਼ ਵੀ ਜਾਰੀ ਕੀਤੇ ਗਏ ਹਨ। ਇਹਨਾਂ ਦਸਤਾਵੇਜ਼ਾਂ ਦੇ ਮੁਤਾਬਕ ਕਾਨਫਰੰਸ ਜਾਂ ਰੈਲੀ ਜਾਂ ਮੌਜੂਦਾ ਇਕੱਠਾਂ ਦੀ ਤਰ੍ਹਾਂ ਇਹ ਇਕੱਤ੍ਰਤਾ ਨਹੀਂ ਬੁਲਾਈ ਜਾ ਰਹੀ, ਬਲਕਿ ਇਸਦੀ ਸਾਰੀ ਕਾਰਵਾਈ ਸਿੱਖਾਂ ਦੀ ਪੁਰਾਤਨ ਰਵਾਇਤ ਗੁਰਮਤੇ ਮੁਤਾਬਿਕ ਹੋਵੇਗੀ। 

ਹਾਲ ਹੀ ਵਿੱਚ ਜਾਰੀ ਕੀਤੇ ਦਸਤਾਵੇਜ ਵਿੱਚ ਦੱਸਿਆ ਗਿਆ ਹੈ ਕਿ ਵਰਤਮਾਨ ਸਮੇਂ ਦੀ ਅਹਿਮ ਚਣੌਤੀ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰੋਮਣੀ (ਭਾਵ ਕੇਂਦਰੀ ਧੁਰੇ ਨਿਆਈ) ਅਤੇ ਸੁਤੰਤਰ ਹੋਂਦ ਹਸਤੀ ਬੁਲੰਦ ਨਹੀਂ ਰਹੀ, ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਿਸ ਪ੍ਰਕਾਰ ਨਵਿਆਇਆ ਜਾਏ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਇੰਡੀਅਨ ਵੋਟ ਤੰਤਰ ਵਿੱਚ ਵਿਚਰ ਰਹੇ ਕਿਸੇ ਇਕ ਸਿਆਸੀ ਧੜੇ ਦੀ ਨਿਜੀ ਸੰਸਥਾ ਦੀ ਬਜਾਏ ਵਿਸ਼ਵ ਭਰ ਵਿੱਚ ਵਿਚਰ ਰਹੇ ਗੁਰੂ ਖ਼ਾਲਸਾ ਪੰਥ ਦੇ ਜਥਿਆਂ ਦੀ ਸ਼ਮੂਲੀਅਤ ਵਾਲਾ ਕੇਂਦਰੀ ਧੁਰਾ ਬਣ ਸਕੇ। ਇਸ ਵਿਸ਼ੇ 'ਤੇ ਸੱਦੇ ਗਏ ਜਥਿਆਂ ਦੇ ਨੁਮਾਇੰਦਿਆਂ ਦੀ ਰਾਇ ਲਈ ਜਾਵੇਗੀ ਅਤੇ ਸੰਗਤ ਦੀ ਸਹਿਮਤੀ ਨਾਲ ਚੁਣੇ ਗਏ ਪੰਜ ਸਿੰਘ ਸਭ ਦੀ ਰਾਇ ਤੋਂ ਬਾਅਦ ਫੈਸਲਾ ਕਰਨਗੇ। 

ਇਸ ਇਕੱਤਰਤਾ ਵਿੱਚ ਸੱਦੇ ਗਏ ਹਰੇਕ ਜਥੇ ਵਿਚੋਂ ਵਿਚਾਰ ਵਟਾਂਦਰੇ ਲਈ ਕੇਵਲ ਦੋ ਸਿੰਘਾਂ (ਜਥੇ ਦਾ ਜਥੇਦਾਰ ਅਤੇ ਮੀਤ ਜਥੇਦਾਰ) ਨੂੰ ਮੰਚ ਉਤੇ ਜਾਣ ਦੀ ਇਜਾਜਤ ਹੋਵੇਗੀ। ਇਸ ਇਕੱਤਰਤਾ ਵਿਚ ਗੁਰਮਤਿ ਪ੍ਰਥਾਏ ਸੇਵਾ, ਸੰਗਰਾਮ ਅਤੇ ਪਰਚਾਰ ਕਰ ਰਹੇ ਜਥਿਆਂ ਦੇ ਜਥੇਦਾਰਾਂ, ਰਾਜਸੀ ਸਰਦਾਰਾਂ (ਆਗੂ) ਅਤੇ ਕੁਛ ਅਹਿਮ ਸਖਸ਼ੀਅਤਾਂ ਨੂੰ ਸੱਦਿਆ ਗਿਆ ਹੈ। ਜਾਰੀ ਦਸਤਾਵੇਜ ਵਿੱਚ ਬਕਾਇਦਾ ਇਹ ਗੱਲ ਵੀ ਕਹੀ ਗਈ ਹੈ ਕਿ ਗੁਰਮਤੇ ਲਈ ਹਾਜਰ ਹੋਣ ਵਾਲੀਆਂ ਸਖਸ਼ੀਅਤਾਂ ਲਈ ਜਰੂਰੀ ਹੈ ਕਿ ਉਹ ਇਕੱਤਰਤਾ ਸੱਦਣ ਵਾਲੇ ਸਾਖੀ ਸਿੰਘਾਂ ਦੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਪ੍ਰਤੀ ਕੀਤੀ ਬੇਗਰਜ ਸੇਵਾ ਅਤੇ ਗੁਰਮਤਾ ਸੋਧਣ ਦੇ ਅਮਲ ਸਮੇ ਕਿਸੇ ਵੀ ਪਰਕਾਰ ਦੇ ਪੱਖਪਾਤ ਤੋ ਨਿਰਲੇਪ ਹੋ ਕੇ ਵਿਚਰਣ ਉਤੇ ਵਿਸ਼ਵਾਸ ਰੱਖਦੇ ਹੋਣ। ਇਹਨਾਂ ਸਖਸ਼ੀਅਤਾਂ ਦਾ ਕਹਿਣਾ ਹੈ ਕਿ ਅਜਿਹੇ ਪੜਾਅ ਪਾਰ ਕਰਕੇ ਹੀ ਸਹੀ ਰੂਪ ਵਿੱਚ ਸਰਬੱਤ ਖਾਲਸਾ ਬੁਲਾਉਣ ਤੇ ਕੀਤੇ ਗੁਰਮਤੇ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੇ ਯੋਗ ਹੋ ਸਕਾਂਗੇ। ਪੁਰਾਤਨ ਵੇਲਿਆਂ ਵਿਚ ਵੀ ਸਿੱਖ ਆਪਣੇ ਫੈਸਲੇ ਗੁਰਮਤੇ ਰਾਹੀਂ ਕਰਦੇ ਰਹੇ ਹਨ ਅਤੇ ਗੁਰਮਤਿ ਅਨੁਸਾਰ ਵੀ ਇਹੀ ਪ੍ਰਵਾਨ ਹੈ। ਜਿਥੋਂ ਅਸੀਂ ਰਾਹ ਭਟਕੇ ਓਥੋਂ ਹੀ ਮੁੜ ਸਹੀ ਰਾਹ ਫੜ ਹੋਣਾ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਫੈਸਲੇ ਲੈਣ ਦਾ ਕੇਂਦਰੀ ਸਥਾਨ ਹੈ, ਇਥੋਂ ਦੀ ਸੇਵਾ ਸੰਭਾਲ ਅਕਾਲੀ ਸਿੰਘਾਂ ਕੋਲ ਹੁੰਦੀ ਸੀ, ਜੋ ਸਭ ਦੁਨਿਆਵੀ ਅਹੁਦਿਆਂ ਤੋਂ ਉੱਪਰ ਵਿਚਰਦੇ ਸਨ। ਅਕਾਲੀ ਸਿੰਘ ਜਥਿਆਂ ਦੀ ਨੁਮਾਇੰਦਾ ਇਕੱਤਰਤਾ ਕਰ ਪੰਥ ਨੂੰ ਦਰਪੇਸ਼ ਔਕੜ ਦੇ ਹੱਲ ਲਈ ਗੁਰਮਤਾ ਕੀਤਾ ਜਾਂਦਾ। ਪਰ ਪਿਛਲੇ ਸਮਿਆਂ ਤੋਂ ਸਿੱਖਾਂ ਨੇ ਗੁਰਮਤੇ ਕਰਨੇ ਛੱਡ ਦਿੱਤੇ ਸਨ। ਫ਼ੈਸਲੇ ਲੈਣ ਅਤੇ ਆਗੂ ਚੁਨਣ ਲਈ ਵੋਟਾਂ ਵਾਲਾ ਤਰੀਕਾ ਅਪਣਾਈ ਰੱਖਿਆ ਸੀ। ਜਿਸ ਵਜ੍ਹਾ ਕਰਕੇ ਹਰ ਮੁਹਿੰਮ ਵਿਚ ਸਿੱਖਾਂ ਨੂੰ ਹਾਰਾਂ ਹੋਈਆਂ ਹਨ ਅਤੇ ਆਪਸੀ ਫੁੱਟ ਵੀ ਵੋਟਾਂ ਵਾਲੇ ਤਰੀਕੇ ਵੱਧ ਗਈ ਹੈ। ਸਿੱਖਾਂ ਵਿੱਚ ਆਪਣੀ ਰਵਾਇਤ ਨੂੰ ਛੱਡਣ ਕਰਕੇ ਖਿਲਾਰਾ ਵੱਧ ਰਿਹਾ ਹੈ ਅਤੇ ਦਿੱਲੀ ਤਖਤ ਦੀ ਬਿਪਰ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਸਿੱਖਾਂ ਵਿੱਚ ਆਪਸੀ ਖਿਲਾਰਾ ਵਧੇ ਅਤੇ ਜਿਨ੍ਹਾਂ ਦੀ ਵੀ ਭਰੋਸੇਯੋਗਤਾ ਬੱਚੀ ਹੈ ਉਸ ਨੂੰ ਸ਼ੱਕੀ ਕਰ ਦਿੱਤਾ ਜਾਵੇ। ਮੌਜੂਦਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ ਕਨੂੰਨ, ਵੋਟਾਂ ਵਾਲਾ ਧੜਾ ਅਤੇ ਇਸ ਤੋਂ ਵੀ ਅੱਗੇ ਇੱਕ ਪਰਿਵਾਰ ਦੇ ਦਖਲ ਕਾਰਨ ਸੁਤੰਤਰ ਨਹੀਂ ਰਹਿ ਗਿਆ ਹੈ। ਜਿਸ ਥਾਂ ਤੋਂ ਗੁਰਮਤੇ ਰਾਹੀਂ ਸਰਬੱਤ ਦੇ ਭਲੇ ਦੇ ਫੈਸਲੇ ਹੋਣੇ ਸਨ ਉਸ ਪਵਿੱਤਰ ਸਥਾਨ ਨੂੰ ਨਿੱਜੀ ਮੁਫਾਦਾਂ ਲਈ ਵਰਤਿਆ ਜਾ ਰਿਹਾ ਹੈ। ਆਪਣੇ ਰਵਾਇਤੀ ਤਰੀਕੇ ਤੋਂ ਬਿਨਾਂ ਹੋਰ ਤਰੀਕਿਆਂ ਦੇ ਪ੍ਰਬੰਧਾਂ ਦਾ ਕੌੜਾ ਤਜਰਬਾ ਅਤੇ ਇਸ ਦੇ ਨਤੀਜੇ ਸਿੱਖਾਂ ਨੇ ਵੇਖ ਲਏ ਹਨ। ਅੱਜ ਸਿੱਖਾਂ ਦਾ ਵੱਡਾ ਹਿੱਸਾ ਵਕਤੀ ਕਾਰਵਾਈਆਂ ਦੀ ਵਕਤੀ ਤਸੱਲੀ ਵਿੱਚ ਮਸ਼ਰੂਫ ਹੋ ਕੇ ਆਪਣੇ ਅਮਲ ਕਰ ਰਿਹਾ ਹੈ, ਇਸ ਤਰ੍ਹਾਂ ਆਪਣੀ ਜਿੰਮੇਵਾਰੀਆਂ ਤੋਂ ਸੁਰਖੁਰੂ ਨਹੀਂ ਹੋਇਆ ਜਾ ਸਕਦਾ ਸਗੋਂ ਸਿੱਖ ਸੰਘਰਸ਼ ਦੇ ਅਗਲੇ ਪੜਾਅ ਵੱਲ ਤੇਜ਼ੀ ਨਾਲ ਵੱਧਦਿਆਂ ਸਮੇਂ ਦੀ ਨਾਜ਼ੁਕਤਾ ਨੂੰ ਸੰਜੀਦਗੀ ਨਾਲ ਸਮਝਣਾ ਚਾਹੀਦਾ ਹੈ। ਰਾਤੋ ਰਾਤ ਪ੍ਰਾਪਤੀ ਕਰਨ ਦੇ ਸੁਪਨਿਆਂ ਦੀ ਦੌੜ ਛੱਡ ਕੇ ਪੰਥ ਦੇ ਸਾਂਝੇ ਹਿਤ ਲਈ ਲੰਬੇ ਸਮੇਂ ਲਈ ਹੱਡ ਤੋੜ ਮਸ਼ੱਕਤ ਕਰਨ ਵਿੱਚੋਂ ਹੀ ਕੁਝ ਨਿਕਲ ਸਕੇਗਾ। ਸਾਡੀ ਰਵਾਇਤ ਅਨੁਸਾਰ ਕੀਤੇ ਅਮਲਾਂ ਵਿੱਚ ਹੀ ਬਰਕਤ ਹੋਵੇਗੀ। ਇਸ ਤਰ੍ਹਾਂ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਲੰਬੇ ਸਮੇਂ ਲਈ ਲੋੜੀਂਦੀਆਂ ਸੰਸਥਾਵਾਂ ਅਤੇ ਢਾਂਚਿਆਂ ਦੀ ਉਸਾਰੀ ਕਰਨ ਲਈ ਸਖਤ ਮਿਹਨਤ ਕਰਨੀ ਪੈਣੀ ਹੈ। 

ਗੁਰਦੁਆਰੇ, ਤਖ਼ਤ ਸਾਹਿਬਾਨ ਅਤੇ ਖਾਲਸਾ ਜੀ ਦੇ ਫੈਸਲੇ ਕਿਸੇ ਦੁਨਿਆਵੀ ਤਖ਼ਤ, ਤਾਕਤ ਜਾਂ ਕਨੂੰਨ ਦੇ ਅਧੀਨ ਨਹੀਂ ਹੋ ਸਕਦੇ। ਗੁਰੂ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਮੌਜੂਦਾ ਇੰਡੀਅਨ ਵੋਟਤੰਤਰ ਵਾਲੀਆਂ ਸਿਆਸੀ ਤਾਕਤਾਂ ਤੋਂ ਮੁਕਤ ਕਰਵਾਉਣਾ ਚਾਹੀਦਾ ਹੈ। ਔਖੇ ਸਮਿਆਂ ਨੂੰ ਮਹਿਸੂਸ ਕਰਦਿਆਂ ਇਹਨਾਂ ਸਖਸ਼ੀਅਤਾਂ ਨੇ ਗੁਰਮਤਾ ਸੋਧਣ ਦੀ ਰਵਾਇਤ ਨੂੰ ਮੁੜ 100 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਹੈ। ਪਵਿੱਤਰ ਅਤੇ ਗੁਰੂ ਦੇ ਨੇੜੇ ਲਿਜਾਣ ਵਾਲਾ ਪੰਥਕ ਸਖ਼ਸੀਅਤਾਂ ਦਾ ਇਹ ਕਾਰਜ ਆਪਣੇ ਆਪ ਵਿੱਚ ਵਡਮੁੱਲਾ ਹੈ। ਪਾਤਿਸਾਹ ਮਿਹਰ ਕਰਨ ਗੁਰੂ ਖਾਲਸਾ ਪੰਥ ਆਪਣੇ ਫੈਸਲੇ ਲੈਣ ਦੇ ਤਰੀਕਾਕਾਰ ਨੂੰ ਮੁੜ ਸੁਰਜੀਤ ਕਰੇ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਭਵਿੱਖ ਦੀ ਤਸਵੀਰ ਬਿਲਕੁਲ ਹੋਰ ਹੋਵੇਗੀ, ਇਹ ਉੱਦਮ ਅਜਾਈਂ ਨਹੀਂ ਜਾਵੇਗਾ। 

 

ਸੰਪਾਦਕ