ਗੁਰਮਤੇ ਦੀ ਵਾਪਸੀ

ਗੁਰਮਤੇ ਦੀ ਵਾਪਸੀ

ਸ੍ਰੀ ਅਨੰਦਪੁਰ ਸਾਹਿਬ ਵਿਖੇ ਮੀਰੀ ਪੀਰੀ ਨੂੰ ਸਮਰਪਿਤ ਵਿਸ਼ਵ ਸਿੱਖ ਇਕੱਤਰਤਾ ਹੋਈ ਜਿੱਥੇ ਸਿੱਖਾਂ ਦੇ ਫੈਸਲੇ ਲੈਣ ਦੇ ਤਰੀਕਾਕਾਰ ‘ਗੁਰਮਤਾ’ ਵਿਧੀ ਰਾਹੀਂ ਫੈਸਲਾ ਲਿਆ ਗਿਆ।

ਜਿਕਰਯੋਗ ਹੈ ਕਿ ਇਸ ਇਕੱਤਰਤਾ ਵਿੱਚ ਵਿਸ਼ਵ ਭਰ ਵਿੱਚੋਂ ਸਿੱਖ ਨੁਮਾਇੰਦਿਆਂ ਨੇ ਹਾਜਰੀ ਭਰੀ ਅਤੇ ਸਬੰਧਿਤ ਵਿਸ਼ੇ ’ਤੇ ਆਪਣੇ ਵਿਚਾਰ ਰੱਖੇ। ਇਸ ਇਕੱਤਰਤਾ ਦੀ ਵਿਲੱਖਣਤਾ ਇਹ ਰਹੀ ਕਿ ਇਹ ਕਾਨਫਰੰਸ ਜਾਂ ਰੈਲੀ ਜਾਂ ਮੌਜੂਦਾ ਪ੍ਰਚਲਤ ਇਕੱਠਾਂ ਦੀ ਤਰ੍ਹਾਂ ਨਹੀਂ ਸੀ, ਬਲਕਿ ਇਸਦੀ ਸਾਰੀ ਕਾਰਵਾਈ ਸਿੱਖਾਂ ਦੇ ਫੈਸਲੇ ਕਰਨ ਦੀ ਪੁਰਾਤਨ ਰਵਾਇਤ ਗੁਰਮਤਾ ਵਿਧੀ ਦੇ ਬਹੁਤ ਨੇੜੇ ਦੀ ਸੀ। ਇਸ ਨੁਮਾਇੰਦਾ ਇਕੱਤਰਤਾ ਵਿਚ ਗੁਰਮਤਿ ਪ੍ਰਥਾਏ ਸੇਵਾ, ਸੰਗਰਾਮ ਅਤੇ ਪਰਚਾਰ ਕਰ ਰਹੇ ਜਥਿਆਂ ਦੇ ਜਥੇਦਾਰਾਂ, ਰਾਜਸੀ ਸਰਦਾਰਾਂ (ਆਗੂ) ਅਤੇ ਕੁਛ ਅਹਿਮ ਸਖਸ਼ੀਅਤਾਂ ਨੂੰ ਸੱਦਿਆ ਗਿਆ। ਸ਼ੁਰੂ ਵਿੱਚ ਹੀ ਸੰਗਤ ਦੀ ਸਹਿਮਤੀ ਨਾਲ ਪੰਜ ਸਿੰਘ ਚੁਣੇ ਗਏ। ਹਰ ਸਿੰਘ ਦਾ ਨਾਮ ਲੈਣ ਵਕਤ ਸੰਗਤ ਤੋਂ ਇਤਰਾਜਾਂ ਦੀ ਮੰਗ ਕੀਤੀ ਗਈ। ਇਹ ਗੱਲ ਆਪਣੇ ਆਪ ਵਿੱਚ ਬਹੁਤ ਵੱਡੀ ਸੀ। ਇਕੱਤਰਤਾ ਦੀ ਕਾਰਵਾਈ ਅਤੇ ਬੁਲਾਰਿਆਂ ਵੱਲੋਂ ਸਾਂਝੇ ਕੀਤੇ ਗਏ ਨੁਕਤੇ ਲਿਖਤੀ ਵੀ ਦਰਜ ਕੀਤੇ ਗਏ। ਸਭ ਦੇ ਸੁਝਾਅ ਆਉਣ ਤੋਂ ਬਾਅਦ ਪੰਜ ਸਿੰਘਾਂ ਨੇ ਗੁਰਮਤਾ ਸੋਧਿਆ ਜਿਸ ਵਿੱਚ ਕਿਹਾ ਗਿਆ ਕਿ ਖਾਲਸਾ ਪੰਥ ਮੌਜੂਦਾ ਪ੍ਰਬੰਧ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਤੰਤਰ ਸਰਵਉੱਚ ਅਤੇ ਸਮੁੱਚੇ ਖਾਲਸਾ ਪੰਥ ਦੀ ਸ਼ਮੂਲੀਅਤ ਸਹਿਤ ਅਮਲ ਕਰਨ ਤੋਂ ਅਸਮਰੱਥ ਵੇਖਦਿਆਂ ਮੌਜੂਦਾ ਪ੍ਰਬੰਧ ਨੂੰ ਰੱਦ ਕਰਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਇੱਕ ਨਿਸ਼ਕਾਮ ਅਤੇ ਖੁਦ ਮੁਖਤਿਆਰ ਜਥਾ ਸਿਰਜਿਆ ਜਾਵੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਾ ਸੰਸਥਾ ਮੁਤਾਬਕ ਕਰੇ। ਇਸ ਦੇ ਨਾਲ ਉਸ ਨਿਸ਼ਕਾਮ ਜਥੇ ਵਿੱਚ ਕਿਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਹਨ ਉਹ ਵੀ ਵਿਸਥਾਰ ਵਿੱਚ ਦੱਸਿਆ ਗਿਆ।

ਬਿਜਲ ਸੱਥ ’ਤੇ ਜਿੱਥੇ ਵੱਡੀ ਤਦਾਦ ਵਿੱਚ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉਥੇ ਕੁਝ ਕੁ ਸਖਸ਼ੀਅਤਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਕਿਸੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਔਹ ਮੁੱਦੇ ’ਤੇ ਕਿਉਂ ਨਹੀਂ ਕੋਈ ਗੁਰਮਤਾ ਹੋਇਆ, ਆਹ ਮੁੱਦੇ ’ਤੇ ਕਿਉਂ ਨਹੀਂ ਹੋਇਆ। ਇਸੇ ਤਰ੍ਹਾਂ ਕੋਈ ਸ਼ਬਦੀ ਗਲਤੀਆਂ ਕੱਢ ਰਿਹਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਤਖ਼ਤ ਅਜਾਦ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲਾਂ ਸਾਡੇ ਕੋਲ ਆਪਣਾ ਮੁਲਕ ਹੋਵੇ। ਗੁਰਮਤੇ ਤੋਂ ਸਿੱਖਾਂ ਦਾ ਕਰੀਬ ਇੱਕ ਸਦੀ ਦਾ ਪਾੜਾ ਬਣ ਗਿਆ ਹੈ ਜਿਸ ਕਰਕੇ ਇਸ ਦੀ ਅਹਿਮੀਅਤ ਸਮਝਣ ਪੱਖੋਂ ਦਿੱਕਤ ਆ ਰਹੀ ਹੈ ਅਤੇ ਇਸੇ ਦਿੱਕਤ ਕਰਕੇ ਅਜਿਹੇ ਸਵਾਲ ਜਨਮ ਲੈ ਰਹੇ ਹਨ।  

ਇਕੱਤਰਤਾ ਸੱਦਣ ਵਾਲੀਆਂ ਸਖਸ਼ੀਅਤਾਂ ਨੇ ਮਾਰਚ ੨੦੨੨ ਵਿਚ ਅੰਦਰੂਨੀ ਵਿਚਾਰ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਜਿਸ ਵਿਚ ਪੜਾਅਵਾਰ ਜੁਝਾਰੂ, ਸੰਘਰਸ਼ ਦੇ ਸਹਿਯੋਗੀ ਤੇ ਹਮਦਰਦ ਹਿੱਸਿਆਂ ਵਿਚੋਂ ਅਜੇ ਵੀ ਸਰਗਰਮ ਜੀਅ ਸ਼ਾਮਿਲ ਹੋਏ। ਇਸ ਦੌਰਾਨ ਦੋ ਵਾਰ ਈਸੜੂ ਵਿਖੇ ਵਿਆਪਕ ਸ਼ਮੂਲੀਅਤ ਵਾਲੀਆਂ ਇਕੱਤਰਤਾਵਾਂ ਹੋਈਆਂ। ਇਹ ਸਰਗਰਮੀ ਖਬਰਾਂ ਤੋਂ ਦੂਰ ਰਹਿ ਕੇ ਹੋਈ ਤੇ ਸਭ ਦੀ ਰਾਏ ਜਾਣੀ ਗਈ। ਫਿਰ ਸਤੰਬਰ ੨੦੨੨ ਵਿਚ ੧੧ ਪੰਥ ਸੇਵਕ ਸਖਸ਼ੀਅਤਾਂ ਨੇ ਸਿੱਖ ਸਫਾ ਵਿਚ ਆਪਸੀ ਸੰਵਾਦ ਦਾ ਸਿਲਸਿਲਾ ਸ਼ੁਰੂ ਕਰਨ ਦਾ ਉਪਰਾਲਾ ਜਨਤਕ ਤੌਰ ਉੱਤੇ ਐਲਾਨਿਆ। ਵਿਚਾਰ ਗੋਸ਼ਟੀਆਂ ਲਈ ਸਭ ਤੱਕ ਪਹੁੰਚ ਕੀਤੀ ਅਤੇ ਸਭ ਨੂੰ ਸੱਦਾ ਦਿੱਤਾ ਗਿਆ। ਜਿਹਨਾ ਕਿਹਾ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਤੇ ਤੁਹਾਡੇ ਵਿਰੁਧ ਬੋਲਾਂਗੇ ਉਹਨਾ ਨੂੰ ਵੀ ਕਿਹਾ ਕਿ ਤੁਸੀਂ ਆਪਣੀ ਰਾਏ ਆ ਕੇ ਸਾਂਝੀ ਕਰੋ, ਭਾਵੇਂ ਤੁਹਾਡੀ ਰਾਏ ਵੱਖਰੀ ਹੀ ਕਿਉਂ ਨਾ ਹੋਵੇ। ਅਜਿਹੇ ਦੋ ਵਿਚਾਰਵਾਨ ਆਏ ਵੀ। ਅਕਤੂਬਰ ੨੦੨੨ ਤੋਂ ਮਾਰਚ ੨੦੨੩ ਤੱਕ ਵਿਚਾਰ ਗੋਸ਼ਟੀਆਂ ਤੇ ਰਾਏ ਜਾਨਣ ਤੋਂ ਬਾਅਦ ਸਾਂਝੇ ਨੁਕਤੇ ਅਕਾਲ ਤਖਤ ਸਾਹਿਬ ਬਾਰੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਗਈ। ੧੧ ਮਾਰਚ ੨੦੨੩ ਨੂੰ ਪੱਤਰਕਾਰ ਵਾਰਤਾ ਵਿਚ ਇਕੱਤਰਤਾ ਦਾ ਐਲਾਨ ਕੀਤਾ ਅਤੇ ਬਕਾਇਦਾ ਵਿਸ਼ਾ ਦੱਸਿਆ ਗਿਆ। ਮਾਰਚ ਤੋਂ ਜੂਨ ਤੱਕ ਹਰ ਵਾਰ ਵਿਸ਼ਾ ਦੱਸਿਆ ਗਿਆ ਕਿ ਇਹ ਵਿਸ਼ਾ ਹੈ ਜਿਸ ’ਤੇ ਵਿਚਾਰ ਕਰਨੀ ਹੈ। ਹਰ ਖਬਰ, ਹਰ ਵਖਿਆਨ, ਹਰ ਪਰਚੇ, ਹਰ ਕਿਸੇ ਨੂੰ ਭੇਜੇ ਸੱਦਾ ਪੱਤਰ, ਭਾਵ ਨਿੱਜੀ ਤੇ ਜਨਤਕ ਦੋਵੇਂ ਤਰ੍ਹਾਂ ਦੱਸਿਆ ਜਾ ਰਿਹਾ ਸੀ ਕਿ ਵਿਸ਼ਾ ਇੱਕੋ ਹੈ ਅਤੇ ਕੀ ਹੈ। ਫਿਰ ਇੰਨੀ ਕੁ ਸਮਝ ਤਾਂ ਸ਼ਾਇਦ ਸਵਾਲ ਕਰਨ ਵਾਲਿਆਂ ਨੂੰ ਹੋਣੀ ਚਾਹੀਦੀ ਹੈ ਕਿ ਜੋ ਵਿਸ਼ਾ ਹੈ ਉਸੇ ਬਾਰੇ ਹੀ ਵਿਚਾਰ ਹੋਵੇਗੀ ਤੇ ਉਸੇ ਬਾਰੇ ਹੀ ਗੁਰਮਤਾ ਹੋਵੇਗਾ। 

ਕੁਝ ਵਿਚਾਰਵਾਨ ਹਿੱਸਿਆਂ ਨੇ ਇਹ ਦਲੀਲ ਲਿਆਂਦੀ ਹੈ ਕਿ “ਜਦੋਂ ਕੌਮ ਗੁਲਾਮ ਹੈ ਤਾਂ ਅਕਾਲ ਤਖਤ ਅਜ਼ਾਦ ਕਿਵੇਂ ਹੋ ਸਕਦਾ ਹੈ”? ਇਹ ਗੱਲ ਸਮਝਣੀ ਬਹੁਤ ਅਹਿਮ ਹੈ ਕਿ ਪੰਥ ਰਾਜਸੱਤਾ ਦਾ ਮੁਹਤਾਜ ਨਹੀਂ ਕਿ ਸਿੱਖਾਂ ਕੋਲ ਰਾਜਸੱਤਾ ਆਏ ਬਿਨਾ ਪੰਥ ਆਪਣੇ ਨਜ਼ਾਮ ਨਹੀਂ ਖੜ੍ਹੇ ਕਰ ਸਕਦਾ। ਬਲਕਿ ਗੱਲ ਇਸ ਤੋਂ ਦੂਜੀ ਤਰ੍ਹਾਂ ਹੈ ਕਿ ਪੰਥ ਆਪਣੇ ਨਿਜ਼ਾਮ ਸਿਰਜੇਗਾ ਤਾਂ ਸਿੱਖਾਂ ਨੂੰ ਰਾਜਸੱਤਾ ਵੀ ਮਿਲ ਜਾਣੀ ਹੈ। ਜੇ ਰਾਜਸੱਤਾ ਤੋਂ ਪਹਿਲਾਂ ਕੋਈ ਗੁਰੂ ਆਸ਼ੇ ਤੇ ਪੰਥਕ ਰਿਵਾਇਤ ਤੋਂ ਸੇਧ ਲੈਣ ਦਾ ਯਤਨ ਕਰਦਾ ਹੈ ਤਾਂ ਇਹ ਸਿਧਾਂਤਕ ਕੁਰਾਹਾ ਕਿਵੇਂ ਹੋ ਗਿਆ? ਕੀ ਰਾਜਸੱਤਾ ਗੁਰੂ ਆਸ਼ੇ ਤੇ ਪੰਥਕ ਰਿਵਾਇਤ ਤੋਂ ਉੱਤਮ ਹੋ ਗਈ ਹੈ? ਜੇ “ਕੌਮ ਗੁਲਾਮੀ ਵਿਚ ਹੈ” ਤਾਂ ਕੀ ਸਿੱਖ ਸਾਂਝਾ ਫੈਸਲਾ ਲੈਣ ਦਾ ਯਤਨ ਨਾ ਕਰਨ? ਸਮਝ ਤੋਂ ਬਾਹਰ ਹੈ ਕਿ ਵਿਚਾਰਵਾਨ ਇਹ ਕਿਹੋ ਜਿਹੀ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਨ? ਸਾਨੂੰ ਹਰ ਗੱਲ ਨੂੰ ਆਪਣੀ ਨਿੱਜੀ ਪੂਰਵ ਧਾਰਨਾਂ ਤੋਂ ਨਹੀਂ ਵੇਖਣਾ ਚਾਹੀਦਾ। ਗੁਰੂ ਨੇ ਜੇ ਪੇਸ਼ਕਾਰੀ ਤੇ ਦਲੀਲਸਾਜੀ ਦਾ ਹੁਨਰ ਬਖਸ਼ਿਆਂ ਹੈ ਤਾਂ ਇਸ ਨੂੰ ਜਿੰਮੇਵਾਰੀ ਨਾਲ ਵਰਤਣਾ ਚਾਹੀਦਾ ਹੈ।

ਗੁਰਮਤਾ ਸੋਧਣ ਦੀ ਰਵਾਇਤ ਨੂੰ ਮੁੜ 100 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਸੁਰਜੀਤ ਕਰਨ ਦਾ ਇਹ ਨੇਕ ਉਪਰਾਲਾ ਹੈ। ਸਾਡੀ ਰਵਾਇਤ ਅਨੁਸਾਰ ਕੀਤੇ ਅਮਲਾਂ ਵਿੱਚ ਹੀ ਬਰਕਤ ਹੋਵੇਗੀ, ਇਹ ਉੱਦਮ ਅਜਾਈਂ ਨਹੀਂ ਜਾਵੇਗਾ। ਇਸ ਵਿੱਚ ਬਹੁਤ ਊਣਤਾਈਆਂ ਰਹਿ ਗਈਆਂ ਹੋਣਗੀਆਂ, ਸਿੱਖਾਂ ਨੂੰ ਇਸ ਨੂੰ ਹਾਂ ਪੱਖੀ ਲੈਂਦਿਆਂ ਊਣਤਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਗੁਰੂ ਪਾਤਿਸਾਹ ਮਿਹਰ ਕਰਨ।  

 

ਸੰਪਾਦਕ