ਕੌਮਾਂਤਰੀ ਮਨੁੱਖ ਹੱਕ ਦਿਹਾੜਾ

ਕੌਮਾਂਤਰੀ ਮਨੁੱਖ ਹੱਕ ਦਿਹਾੜਾ

ਯੁਨਾਇਟਡ ਨੇਸ਼ਨਜ਼ ਵੱਲੋਂ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ।

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ 75ਵੇਂ ਸਾਲ ਮੌਕੇ ਯੂਨਾਈਟਡ ਨੇਸਨਜ਼ ਵਲੋਂ ਇਸ ਦਿਨ ਦਾ ਮਨੋਰਥ ਸਭਨਾਂ ਲਈ ਅਜ਼ਾਦੀ, ਬਰਾਬਰੀ ਅਤੇ ਨਿਆਂ ਮਿਥਿਆ ਗਿਆ। ਇਸਦੇ ਲਈ ਯੂਨਾਈਟਡ ਨੇਸ਼ਨ ਵੱਲੋਂ ਦੁਨੀਆਂ ਭਰ ਵਿੱਚ ਵਸਦੇ ਨਿਆ ਪਸੰਦ ਲੋਕਾਂ ਨੂੰ ਸਭ ਲਈ ਆਜ਼ਾਦੀ ਬਰਾਬਰੀ ਅਤੇ ਨਿਆ ਦਵਾਉਣ ਦੇ ਲਈ ਉਪਰਾਲੇ ਕਰਨ ਦਾ ਸਦਾ ਦਿੱਤਾ ਗਿਆ। ਬਹੁਤ ਸਾਰੀਆਂ ਕੌਮਾਂ ਹਾਲੇ ਵੀ ਆਜ਼ਾਦੀ ਦੇ ਲਈ ਸੰਘਰਸ਼ ਕਰ ਰਹੀਆਂ ਹਨ ਘੱਟ ਗਿਣਤੀ ਕੌਮਾਂ ਨੂੰ ਵੱਧ ਗਿਣਤੀ ਹੱਥੋਂ, ਕਮਜ਼ੋਰ ਅਤੇ ਨਿਹਤੇ ਭਾਈਚਾਰਿਆਂ ਨੂੰ ਦੂਜਿਆਂ ਦੇ ਰਹਿਮੋ ਕਰਮ ਦੇ ਉਪਰ ਜਿਉਣਾ ਪੈ ਰਿਹਾ ਹੈ। ਭਾਵੇਂ ਕਿ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਲੋਕਤੰਤਰ ਸਰਕਾਰਾਂ ਵੱਲੋਂ ਸਭ ਨੂੰ ਨਿਆ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਘਟਨਾਕ੍ਰਮ ਵਾਪਰਦੇ ਹਨ ਜਦੋਂ ਅਜਿਹੇ ਲੋਕਤੰਤਰਾਂ ਦੇ ਇਹ ਦਾਅਵੇ ਵੀ ਝੂਠੇ ਗਲਤ ਹੋ ਜਾਂਦੇ ਹਨ।

ਦੁਨੀਆ ਭਰ ਵਿਚ ਵੱਸਦਾ ਸਿੱਖ ਭਾਈਚਾਰਾ ਇਸ ਵੇਲੇ ਬਿਖੜੇ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਇਸ ਵੇਲੇ ਇੰਡੀਅਨ ਵੱਲੋਂ ਸਿੱਖਾਂ ਉੱਤੇ ਕੀਤੇ ਜਾਂਦੇ ਜੁਲਮਾਂ ਦਾ ਦਾਇਰਾ ਸੰਸਾਰ ਭਰ ਤੱਕ ਵਧਾਇਆ ਹੈ। ਹਾਲ ਹੀ ਵਿਚ ਅਮਰੀਕਾ, ਕਨੇਡਾ, ਪਾਕਿਸਤਾਨ ਅਤੇ ਇੰਗਲੈਂਡ ਵਿਚ ਸਿੱਖਾਂ ਦੇ ਮਿੱਥ ਕੇ ਕਤਲ ਕਰਨ ਪਿੱਛੇ ਦਿੱਲੀ ਦਰਬਾਰ ਦਾ ਹੱਥ ਹੋਣ ਦੇ ਖੁਲਾਸੇ ਇੰਡੀਅਨ ਸਟੇਟ ਦੀ ਗੈਰ-ਨਿਆਇਕ ਕਤਲਾਂ ਦੀ ਦਹਿਸ਼ਤਵਾਦੀ ਨੀਤੀ ਅਤੇ ਕੌਮਾਂਤਰੀ ਪੱਧਰ ਉੱਤੇ ਲਾਗੂ ਕੀਤੀ ਜਾ ਰਹੀ ਸਿੱਖਾਂ ਦੇ ਕਤਲਾਂ ਦੀ ਯੋਜਨਾਬੱਧ ਮੁਹਿੰਮ ਨੂੰ ਉਜਾਗਰ ਕਰਦੀ ਹੈ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ 1984 ਵਿਚ ਇੰਡੀਆ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ 1980-90ਵਿਆਂ ਦੌਰਾਨ ਪੰਜਾਬ ਵਿਚ ਕੀਤੇ ਗਏ ਮਨੁੱਖਤਾ ਖਿਲਾਫ ਜ਼ੁਰਮਾਂ ਪਿੱਛੇ ਕੰਮ ਕਰਦੀ ਇੰਡੀਆ ਸਟੇਟ ਵਿਚਲੀ ‘ਨਸਲਕੁਸ਼ੀ ਦੀ ਤਰੰਗ’ (ਜਿਨੋਸਾਈਲ ਇਮਪਲਸ) ਮੁੜ ਜ਼ੋਰ ਫੜ੍ਹ ਰਹੀ ਹੈ।

ਬੀਤੇ ਦਿਨੀਂ ਦਲ ਖਾਲਸਾ ਵੱਲੋਂ 9 ਦਸੰਬਰ ਨੂੰ ਕੌਮੀਅਤਾਂ ਦੇ ਅਧਿਕਾਰਾਂ ਦੀ ਉਲੰਘਣਾ ਖਿਲਾਫ ਬਠਿੰਡਾ ਵਿਖੇ ਗੁਰਦੁਆਰਾ ਸਿੰਘ ਸਭਾ ਤੋਂ ਫਾਇਰ ਬ੍ਰਿਗੇਡ ਚੌਕ ਤੱਕ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਅਸਫਲ ਕਰਨ ਲਈ ਪੰਜਾਬ ਪੁਲਸ ਨੇ ਦਲ ਖਾਲਸਾ ਦੇ ਬਹੁਤੇ ਆਗੂਆਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨਜਰਬੰਦ ਕਰ ਦਿੱਤਾ। ਜਿਹੜੀ ਸੰਗਤ ਗੁਰਦੁਆਰਾ ਸਾਹਿਬ ਪਹੁੰਚੀ ਉਹਨਾਂ ਨੂੰ ਵੀ ਪੁਲਸ ਨੇ ਕੈਦ ਕਰ ਲਿਆ। ਭਾਈ ਹਰਦੀਪ ਸਿੰਘ ਮਹਿਰਾਜ ਨੂੰ ਉਹਨਾਂ ਦੇ ਘਰ, ਜੀਵਨ ਸਿੰਘ ਗਿੱਲ ਕਲ੍ਹਾਂ (ਮੀਤ ਪ੍ਰਧਾਨ) ਨੂੰ ਥਾਣਾ ਸਦਰ ਰਾਮਪੁਰਾ ਅਤੇ ਪਰਮਜੀਤ ਸਿੰਘ ਜੱਗੀ (ਜ਼ਿਲ੍ਹਾਂ ਪ੍ਰਧਾਨ, ਕੋਟਫੱਤਾ) ਨੂੰ ਕੋਟਫੱਤਾ ਦੇ ਥਾਣੇ ਚ ਰੱਖਿਆ ਗਿਆ। ਇਸ ਤੋਂ ਇਲਾਵਾ ਸ. ਗੁਰਦੀਪ ਸਿੰਘ ਬਠਿੰਡਾ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ। ਭਾਵੇਂ ਕਿ ਇਸ ਸਭ ਦੇ ਬਾਵਜੂਦ ਮਾਰਚ ਹੋਇਆ ਅਤੇ ਕੁਝ ਆਗੂਆਂ ਨੂੰ ਬਾਅਦ ਵਿੱਚ ਮਾਰਚ ਵਿੱਚ ਸ਼ਾਮਲ ਹੋਣ ਦੇ ਦਿੱਤਾ ਗਿਆ।

ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਰਕਾਰ ਦੇ ਇਸ ਅਮਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਸਿੱਖ ਆਗੂਆਂ ਨੂੰ ਮਾਰਚ ਚ ਸ਼ਾਮਲ ਹੋਣ ਤੋਂ ਰੋਕ ਕੇ ਭਗਵੰਤ ਮਾਨ ਦੀ ਸਰਕਾਰ ਸਿੱਖਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੀ ਹੈ ਪਰ ਇਸ ਆਵਾਜ਼ ਹੋਰ ਬੁਲੰਦ ਕੀਤੀ ਜਾਵੇਗਾ। ਦਲ ਖਾਲਸਾ ਆਗੂ ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪੰਜਾਬ ਅੱਜ ਵੀ ਪੁਲਿਸ ਸਟੇਟ ਹੈ ਜਿੱਥੇ ਰਾਜਨੀਤਿਕ ਲੀਡਰਸ਼ਿਪ ਕਮਜ਼ੋਰ ਤੇ ਨਿਕੰਮੀ ਹੈ ਜੋ ਪੁਲਿਸ ਲੀਡਰਸ਼ਿਪ ਦੀ ਪਿਛਲੱਗ ਬਣ ਕੇ ਵਿਚਰ ਰਹੀ ਹੈ। ਉਹਨਾਂ ਕਿਹਾ ਵੱਖਰੇ ਵਿਚਾਰ ਰੱਖਣ ਵਾਲੇ ਅਤੇ ਸਰਕਾਰੀ ਅੱਤਿਆਚਾਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਭਾਰੀ ਕੀਮਤ ਤਾਰਨੀ ਪੈਂਦੀ ਹੈ ਅਤੇ ਉਹਨਾਂ ਨੂੰ ਮਨਘੜਤ ਕੇਸਾਂ ਵਿੱਚ ਫਸਾ ਕੇ ਰੋਲਿਆ ਜਾਂਦਾ ਹੈ ਜੋ ਆਪਣੇ ਆਪ ਵਿੱਚ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ। 

ਦਲ ਖਾਲਸਾ ਨੇ ਐਮਨਿਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਜ ਵਾਚ ਵਰਗੀਆਂ ਦੁਨੀਆਂ ਦੀਆਂ ਨਿਰਪੱਖ ਅਤੇ ਪ੍ਰਮੁੱਖ ਸੰਸਥਾਵਾ ਨੂੰ ਕਸ਼ਮੀਰ, ਪੰਜਾਬ ਅਤੇ ਮਨੀਪੁਰ ਵਰਗੀਆਂ ਨਾਜ਼ਕ ਸਟੇਟਾਂ ਵਿੱਚ ਆਪਣੀਆਂ ਟੀਮਾਂ ਭੇਜ ਕਿ ਮਨੁੱਖੀ ਅਧਿਕਾਰਾਂ ਦੇ ਤਰਸਯੋਗ ਹਾਲਾਤਾਂ ਅਤੇ ਨਿੱਘਰਦੀ ਸਥਿਤੀ ਦਾ ਜਾਇਜ਼ਾ ਲੈਣ ਦੀ ਅਪੀਲ ਕੀਤੀ।

ਕੌਮਾਂਤਰੀ ਮਨੁੱਖੀ ਹੱਕ ਦਿਹਾੜੇ ਸਬੰਧੀ ਸਿੱਖ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ 10 ਦਸੰਬਰ ਨੂੰ ਸਿੱਖ ਇੱਕਮੁਠਤਾ ਦੇ ਪਰਗਟਾਵੇ ਲਈ “ਕਾਲੀ ਦਸਤਾਰ ਦਿਵਸ” ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਦਿੱਲੀ ਦਰਬਾਰ ਦੇ ਸਿੱਖਾਂ ਵਿਰੁਧ ਜ਼ੁਲਮਾਂ ਵਿਰੁਧ ਰੋਹ ਦਾ ਪ੍ਰਗਟਾਵਾ ਕਰਨ ਲਈ ਅਤੇ ਸਵੈ-ਨਿਰਣੇ ਦੇ ਹੱਕ ਸਮੇਤ ਸਿੱਖਾਂ ਦੇ ਸਮੂਹਿਕ ਹੱਕਾਂ ਦੇ ਪ੍ਰਗਟਾਵੇ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ। ਨਾਲ ਹੀ ਉਨ੍ਹਾਂ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਨੂੰ 10 ਦਸੰਬਰ ਨੂੰ ਕਾਲੀਆਂ ਦਸਤਾਰਾਂ ਤੇ ਪੱਗਾਂ ਬੰਨ੍ਹ ਕੇ ਅਤੇ ਬੀਬੀਆਂ ਨੂੰ ਕਾਲੀਆਂ ਚੁੰਨੀਆਂ ਤੇ ਦੁਪੱਟੇ ਲੈ ਕੇ ਸਿੱਖਾਂ ਦੀ ਆਪਸੀ ਏਕਤਾ ਅਤੇ ਇੰਡੀਆ ਦੀ ਸਿੱਖਾਂ ਖਿਲਾਫ ਜ਼ੁਰਮਾਂ ਦੀ ਕੌਮਾਂਤਰੀ ਪੱਧਰ ਦੀ ਮੁਹਿੰਮ ਦਾ ਵਿਰੋਧ ਕਰਨ ਦੀ ਬੇਨਤੀ ਕੀਤੀ। ਸਮੂਹ ਨਿਆਂ ਪਸੰਦ ਲੋਕਾਂ ਨੂੰ ਸਿੱਖਾਂ ਨਾਲ ਹਮਦਰਦੀ ਦੇ ਪ੍ਰਗਟਾਵੇ ਵੱਜੋਂ ਸੱਜੀ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਮੁਹਿੰਮ ਦਾ ਸਾਥ ਦੇਣ ਲਈ ਕਿਹਾ। ਵੱਡੀ ਗਿਣਤੀ ਵਿੱਚ ਸਿੱਖਾਂ ਨੇ ਇਸ ਸੱਦੇ ਨੂੰ ਕਬੂਲਦਿਆਂ ਏਕੇ ਦਾ ਸਬੂਤ ਦਿੱਤਾ। ਵੱਡੀ ਗਿਣਤੀ ਵਿੱਚ ਦੇਸ ਵਿਦੇਸ਼ ਵਿਚੋਂ ਸਿੱਖਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਬਿਜਲ ਸੱਥ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਕਾਲੀਆਂ ਪੱਟੀਆਂ ਬੰਨੀਆਂ, ਭੈਣਾਂ ਨੇ ਕਾਲੇ ਦੁਪੱਟੇ ਲਏ। 

ਜਦੋਂ ਦੁਨੀਆਂ ਵਿੱਚ 75ਵਾਂ ਕੌਮਾਂਤਰੀ ਮਨੁੱਖੀ ਹੱਕ ਦਿਹਾੜਾ ਮਨਾਇਆ ਗਿਆ ਤਾਂ ਪੰਜਾਬ ਦੀ ਧਰਤੀ 'ਤੇ ਸ਼ਾਂਤਮਈ ਤਰੀਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਰੋਕ ਕੇ ਓਹਨੇ ਦੇ ਹੱਕ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਓਥੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਕਾਲੀ ਦਸਤਾਰ ਦਿਵਸ ਵਜੋਂ ਮਨਾ ਕੇ ਦੁਨੀਆ ਵਿਚ ਇੰਡੀਆ ਦੀਆਂ ਸਿੱਖ ਵਿਰੋਧੀ ਨੀਤੀਆਂ ਉਜਾਗਰ ਕਰਨ ਦਾ ਪ੍ਰਤੀਕ ਸਿਰਜ ਦਿੱਤਾ ਗਿਆ। 

 

ਭਾਈ ਮਲਕੀਤ ਸਿੰਘ 

ਸੰਪਾਦਕ,