ਅਮਰੀਕਾ ਪੰਨੂ ਦੇ ਮਾਮਲਾ ਬਾਰੇ ਸਖਤ ,ਭਾਰਤ ਨੂੰ ਚਿਤਾਵਨੀ ਦੇ ਮੂਡ ਵਿਚ
ਕਿਹਾ ਕਿ ਭਾਰਤ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝੇ,ਹੱਤਿਆ ਦੀ ਸਾਜਿਸ਼ 'ਚ ਸ਼ਾਮਲ ਦੋਸ਼ੀ ਪੇਸ਼ ਹੋਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜਿਸ਼ ਦੇ ਮਾਮਲੇ ਵਿੱਚ ਭਾਰਤ ਜ਼ਿੰਮੇਵਾਰ ਦੋਸ਼ੀਆਂ ਨੂੰ ਪੇਸ਼ ਕਰੇ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਸ ਨੇ ਅਮਰੀਕੀ ਸਿੱਖ ਪੰਨੂ ਦੇ ਕਤਲ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜਾਨ ਕਿਰਬੀ ਨੇ ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਭਾਰਤ ਇਕ ਰਣਨੀਤਕ ਭਾਈਵਾਲ ਹੈ। ਅਸੀਂ ਇਸ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰ ਰਹੇ ਹਾਂ। ਇਹ ਪ੍ਰਸ਼ਾਂਤ ਵਿੱਚ ਕਵਾਡ ਦਾ ਇੱਕ ਮੈਂਬਰ ਹੈ। ਅਸੀਂ ਕਈ ਮਾਮਲਿਆਂ 'ਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਇਸ ਤਰ੍ਹਾਂ ਜਾਰੀ ਰਹੇ। ਪਰ ਅਸੀਂ ਚਾਹੁੰਦੇ ਹਾਂ ਕਿ ਪੰਨੂ ਹੱਤਿਆ ਸਾਜਿਸ਼ ਕਾਂਡ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਹੀ ਢੰਗ ਨਾਲ ਜਵਾਬਦੇਹ ਠਹਿਰਾਇਆ ਜਾਵੇ। ਸਾਨੂੰ ਖੁਸ਼ੀ ਹੈ ਕਿ ਭਾਰਤੀ ਹਮਰੁਤਬਾ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਪੂਰੀ ਜਾਂਚ ਕਰ ਰਿਹਾ ਹੈ।
ਅਮਰੀਕਾ ਇਸ ਮੁੱਦੇ ਨੂੰ ਲਗਾਤਾਰ ਉਠਾ ਰਿਹਾ ਹੈ
ਅਮਰੀਕਾ ਵਿੱਚ ਸੰਘੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਨਿਖਿਲ ਗੁਪਤਾ ਨਾਮ ਦੇ ਇੱਕ ਵਿਅਕਤੀ ਨੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਲਈ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ, ਜੋ ਸਫਲ ਨਹੀਂ ਹੋ ਸਕੀ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ। ਭਾਰਤ ਨੇ ਅਮਰੀਕਾ ਦੀ ਧਰਤੀ 'ਤੇ ਖਾਲਿਸਤਾਨੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਵਿਅਕਤੀ ਨਾਲ ਭਾਰਤੀ ਅਧਿਕਾਰੀ ਦੇ ਸਬੰਧਾਂ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੇ ਨਤੀਜਿਆਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਤੇ ਕਿਹਾ ਹੈ ਕਿ ਅਮਰੀਕਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਰਿਪੋਰਟ ਤੋਂ ਬਾਅਦ ਭਾਰਤ ਸਰਕਾਰ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਫ਼ੈਸਲਾ ਲਵੇਗੀ। ਹਾਲਾਂਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਮਾਮਲੇ ਨੂੰ ਸੁਰੱਖਿਆ ਨਾਲ ਜੁੜਿਆ ਮੁੱਦਾ ਦੱਸਦੇ ਹੋਏ ਵਧੇਰੇ ਵਿਸਥਾਰ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਐਫਬੀਆਈ ਚੀਫ਼ ਦੇ ਭਾਰਤ ਆਉਣ ਦਾ ਕੀ ਕਾਰਨ ਹੈ
ਐੱਫਬੀਆਈ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਬੀਤੇ ਦਿਨੀਂ ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਅਧਿਕਾਰੀਆਂ ਨੇ ਸਾਈਬਰ ਨਾਲ ਜੁੜੇ ਵਿੱਤੀ ਅਪਰਾਧਾਂ ਸਣੇ ਪੰਨੂ ਮਾਮਲੇ ’ਤੇ ਗੱਲਬਾਤ ਕੀਤੀ।ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕੀ ਧਰਤੀ 'ਤੇ ਹੱਤਿਆ ਦੀ ਸਾਜ਼ਿਸ਼ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਐਫਬੀਆਈ ਡਾਇਰੈਕਟਰ ਦਾ ਇਹ ਦੌਰਾ ਹੈ। ਅਮਰੀਕਾ ਦਾ ਇਰਾਦਾ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਨੂੰ ਵੱਧ ਤੋਂ ਵੱਧ ਮਹੱਤਵ ਦੇਣਾ ਹੈ, ਤਾਂ ਜੋ ਭਾਰਤ 'ਤੇ ਦਬਾਅ ਪਾਇਆ ਜਾ ਸਕੇ।
Comments (0)