ਯੂਕੇ,ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਵੀਜ਼ਾ ਨਿਯਮ ਕਰੇਗਾ ਸਖਤ
ਅੰਗਰੇਜ਼ੀ ਦਾ ਟੈਸਟ ਹੋਰ ਹੋਵੇਗਾ ਸਖ਼ਤ’ !
*ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਦੇਸ਼ ਵਿੱਚ ਮਹਿੰਗਾਈ ਵੱਧੀ
ਨਵੀਂ ਦਿੱਲੀ : ਯੂਕੇ,ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਵੀਜ਼ਾ ਨਿਯਮ ਸਖਤ ਕਰਨ ਜਾ ਰਿਹਾ ਹੈ । ਇਹ ਤਿੰਨੋ ਦੇਸ਼ ਪੰਜਾਬੀਆਂ ਦੇ ਸਭ ਤੋਂ ਮਨਪਸੰਦ ਦੇਸ਼ ਸਨ, ਜੇਕਰ ਤੁਸੀਂ ਆਸਟ੍ਰੇਲੀਆ ਜਾਣ ਦੀ ਸੋਚ ਰਹੇ ਹੋ ਤਾਂ ਇਹ ਫੈਸਲਾ ਤੁਹਾਡੀਆਂ ਮੁਸ਼ਕਿਲਾਂ ਵੱਧਾ ਸਕਦਾ ਹੈ । ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਕੌਮਾਂਤਰੀ ਵਿਦਿਆਰਥੀ ਅਤੇ ਲੋਅ ਸਕਿਲਡ ਵਰਕਸ ਯਾਨੀ ਘੱਟ ਹੁਨਰਮੰਦ ਦੇ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰ ਦੇਣਗੇ । ਜਿਸ ਤੋਂ ਬਾਅਦ 2 ਸਾਲਾਂ ਦੌਰਾਨ ਪ੍ਰਵਾਸੀਆਂ ਦੀ ਗਿਣਤੀ ਅੱਧੀ ਹੋ ਜਾਵੇਗੀ । ਕਿਉਂਕਿ ਸਰਕਾਰ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਸਹੀ ਕਰਨ ‘ਤੇ ਵਿਚਾਰ ਕਰ ਰਹੀ ਹੈ । ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਦੇਸ਼ ਵਿੱਚ ਮਹਿੰਗਾਈ ਵੱਧ ਗਈ ਹੈ । ਉਨ੍ਹਾਂ ਕਿਹਾ ਆਸਟ੍ਰੇਲੀਆ ਦੇ ਲੋਕਾਂ ਨੂੰ ਸਿਖਲਾਈ ਦੇਣਾ ਸਾਡੀ ਤਰਜ਼ੀਹ ਹੈ । ਵਿਦੇਸ਼ੀ ਮੁਲਾਜ਼ਮਾਂ ਨੂੰ ਸੱਦਾ ਦੇਣਾ ਹੁਣ ਸਾਡੇ ਲਈ ਦੂਜਾ ਬਦਲ ਹੈ ।
ਇਸ ਤਰ੍ਹਾਂ ਸਖਤ ਹੋਣਗੇ ਨਿਯਮ
ਆਸਟ੍ਰੇਲੀਆ ਮੀਡੀਆ ਏਜੰਸੀ ਰਾਇਟਰ ਦੇ ਮੁਤਾਬਿਕ ਨਵੀਂ ਨੀਤੀ ਦੇ ਤਹਿਤ ਕੌਮਾਂਤਰੀ ਵਿਦਿਆਰਥੀਆਂ ਨੂੰ ਅੰਗਰੇਜੀ ਪ੍ਰੀਖਿਆ ਵਿੱਚ ਵੱਧ ਰੇਟਿੰਗ ਦੀ ਜ਼ਰੂਰਤ ਹੋਵੇਗੀ । ਇੱਕ ਵਿਦਿਆਰਥੀਆਂ ਦੀ ਦੂਜੇ ਵੀਜ਼ਾ ਅਰਜ਼ੀ ‘ਤੇ ਵੱਧ ਜਾਂਚ ਹੋਵੇਗੀ ਜੋ ਉਸ ਦੇ ਪ੍ਰਵਾਸ ਨੂੰ ਲੰਮਾ ਖਿੱਚ ਸਕਦੀ ਹੈ ।
ਮਾਈਗ੍ਰੇਸ਼ਨ ਦੀ ਗਿਣਤੀ ਤੈਅ ਕਰਨ ਦੇ ਲਈ ਕਦਮ ਚੁੱਕੇ ਗਏ ਹਨ
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓ ਨੀਲ ਨੇ ਮੀਡੀਆ ਬ੍ਰੀਫਿਕ ਦੇ ਦੌਰਾਨ ਕਿਹਾ ਹੈ ਸਾਡੀ ਰਣਨੀਤੀ ਇਮੀਗਰੇਸ਼ਨਾਂ ਦੀ ਗਿਣਤੀ ਨੂੰ ਘੱਟ ਕਰਨ ਹੈ । ਪਰ ਇਹ ਫੈਸਲਾ ਸਿਰਫ਼ ਗਿਣਤੀ ਘੱਟ ਕਰਨ ਦੇ ਮਕਸਦ ਨਾਲ ਨਹੀਂ ਲਿਆ ਜਾ ਰਿਹਾ ਹੈ ਬਲਕਿ ਆਸਟ੍ਰੇਲੀਆ ਦੇ ਭਵਿੱਖ ਨੂੰ ਵੇਖਦੇ ਹੋਏ ਲਿਆ ਗਿਆ ਹੈ । ਉਧਰ ਪ੍ਰਧਾਨ ਮੰਤਰੀ ਐਂਥੀਨੋ ਅਲਬਾਨੀਜ ਨੇ ਸਾਫ ਕਰ ਕੀਤਾ ਹੈ ਕਿ ਆਸਟ੍ਰੇਲੀਆ ਦੀ ਮਾਈਗਰੇਸ਼ਨ ਦੀ ਗਿਣਤੀ ਨੂੰ ਸਹੀ ਕਰਨ ਦੀ ਜ਼ਰੂਰਤ ਹੈ ।
ਗ੍ਰਹਿ ਮਾਮਲਿਆ ਦੇ ਮੰਤਰੀ ਓ,ਨੀਲ ਨੇ ਕਿਹਾ ਕਿ ਸਰਕਾਰ ਦੇ ਸੁਧਾਰ ਪਹਿਲਾਂ ਹੀ ਵਿਦੇਸ਼ੀ ਮਾਈਗ੍ਰੇਸ਼ਨ ‘ਤੇ ਦਬਾਅ ਪਾ ਰਹੇ ਸਨ। ਇਸ ਨਾਲ ਮਾਇਗ੍ਰੇਸ਼ਨ ਦੀ ਗਿਣਤੀ ਘੱਟ ਕਰਨ ਵਿੱਚ ਮਦਦ ਮਿਲੇਗੀ । ਇਹ ਫੈਸਲਾ 2022-23 ਵਿੱਚ ਇਮੀਗਰੇਸ਼ਨ ਦੇ ਰਿਕਾਰਡ 5.10 ਲੱਖ ਤੱਕ ਪਹੁੰਚਣ ਦੀ ਉਮੀਦ ਦੇ ਬਾਅਦ ਲਿਆ ਗਿਆ ਹੈ । ਅਧਿਕਾਰਿਕ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਨਵੀਂ ਨੀਤੀ ਦੇ ਬਾਅਦ 2024-25 ਅਤੇ 2025-26 ਵਿੱਚ ਅੰਕੜਾ ਡਿੱਗ ਕੇ ਤਕਰੀਬਨ 2.5 ਲੱਖ ਦਾ ਤੱਕ ਪਹੁੰਚ ਜਾਵੇਗਾ । ਇਹ ਕੋਵਿਡ ਤੋਂ ਪਹਿਲਾਂ ਵਰਗਾ ਅੰਕੜਾ ਹੋ ਜਾਵੇਗਾ।
ਕੈਨੇਡਾ ਨੇ ਕੀਤਾ ਸੀ ਇਹ ਬਦਲਾਅ
8 ਦਸੰਬਰ ਨੂੰ ਕੈਨੇਡਾ ਜਾਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਟਰੂਡੋ ਸਰਕਾਰ ਨੇ ਵੱਡਾ ਝਟਕਾ ਦਿੱਤਾ ਸੀ । ਇਮੀਗਰੇਸ਼ ਮੰਤਰੀ ਮਾਰਕ ਮਿਲਰ ਨੇ 1 ਜਨਵਰੀ 2024 ਤੋਂ ਸਟੱਡੀ ਵੀਜ਼ਾ ਨੂੰ ਲੈਕੇ ਸਖ਼ਤ ਨਿਯਮ ਜਾਰੀ ਕਰ ਦਿੱਤੇ ਸਨ । ਨਵੇਂ ਰੂਲ ਦੇ ਨਾਲ ਕੈਨੇਡਾ ਵਿੱਚ ਪੜ੍ਹਾਈ ਮਹਿੰਗੀ ਹੋਵੇਗੀ ਅਤੇ ਹੁਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਪਹਿਲਾਂ ਪੜਾਈ ਦੇ ਪੱਧਰ ਦੇ ਅਧਾਰ ‘ਤੇ ਤੁਹਾਨੂੰ ਦਾਖਲਾ ਮਿਲ ਦਾ ਸੀ । ਪਰ ਹੁਣ ਮਜ਼ਬੂਤ ਫਾਈਨੈਸ਼ੀਅਲ ਬ੍ਰੈਕਗ੍ਰਾਊਂਡ ਦਿਖਾਉਣਾ ਲਾਜ਼ਮੀ ਹੋਵੇਗਾ । ਟਿਊਸ਼ਨ, ਯਾਤਰਾ ਖਰਚ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੁਣ ਆਪਣੇ ਕੋਲ 20,635 ਡਾਲਰ ਦਿਖਾਉਣੇ ਹੋਣਗੇ । ਭਾਰਤ ਦੀ ਕਰੰਸੀ ਦੇ ਮੁਤਾਬਿਕ ਇਹ ਤਕਰੀਬਨ 12 ਲੱਖ 66 ਹਜ਼ਾਰ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ 10 ਹਜ਼ਾਰ ਡਾਲਰ ਸਨ । ਕੈਨੇਡਾ ਸਰਕਾਰ ਇਸ ਨੂੰ ਹਰ ਸਾਲ ਵਧਾਏਗੀ । ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਦੇ ਉਨ੍ਹਾਂ ਸੂਬਿਆਂ ਦੇ ਲਈ ਵੀਜ਼ਾ ਲਿਮਟ ਤੈਅ ਕਰਨ ਦਾ ਐਲਾਨ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਸਿਰ ‘ਤੇ ਛੱਤ ਦੇਣ ਲਈ ਘਰ ਨਹੀਂ ਦੇ ਪਾ ਰਹੇ ਹਨ। ਮਿਲਰ ਨੇ ਕਿਹਾ ਕਈ ਸੂਬਿਆਂ ਵਿੱਚ ਛੋਟੇ-ਛੋਟੇ ਡਿਪਲੋਮਾ ਕੇਂਦਰ ਚੱਲ ਰਹੇ ਹਨ ਇਹ ਵਿਦਿਆਰਥੀਆਂ ਦੇ ਨਾਲ ਜਾਇਜ਼ ਨਹੀਂ ਹੈ । ਇਹ ਵਿਦਿਆਰਥੀਆਂ ਨਾਲ ਧੋਖਾ ਹੈ ਜਿਸ ਨੂੰ ਫੌਰਨ ਰੋਕਣ ਦੀ ਜ਼ਰੂਰਤ ਹੈ। ਇਮੀਗਰੇਸ਼ਨ ਮੰਤਰੀ ਨੇ ਕਿਹਾ ਇਹ ਨਵੇਂ ਨਿਯਮ ਇਸ ਲਈ ਬਣਾਏ ਗਏ ਹਨ ਤਾਂਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਇੰਨਾਂ ਬੇਈਮਾਨਾਂ ਤੋਂ ਬਚਾਇਆ ਜਾ ਸਕੇ ਜੋ ਵਿਦਿਆਰਥੀਆਂ ਨੂੰ ਅਸਮਰੱਥ ਛੱਡ ਦਿੰਦੇ ਹਨ । ਉਨ੍ਹਾਂ ਕਿਹਾ ਸਾਡਾ ਦੇਸ਼ ਉਹ ਬਣ ਗਿਆ ਹੈ ਜਿੱਥੇ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਵਿਦਿਆਰਥੀਆਂ ਦਾ ਸੋਸ਼ਨ ਕਰ ਰਹੇ ਸਨ ।
ਬ੍ਰਿਟ੍ਰੇਨ ਨੇ ਇਮੀਗਰੇਸ਼ਨ ਵਿੱਚ ਕੀਤਾ ਇਹ ਬਦਲਾਅ
5 ਦਸੰਬਰ ਨੂੰ ਬ੍ਰਿਟੇਨ ਦੀ ਸਰਕਾਰ ਨੇ ਦੇਸ਼ ‘ਚ ਪ੍ਰਵਾਸੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚ ਵਿਦੇਸ਼ੀ ਕਾਮਿਆਂ ਲਈ ਹੁਨਰ-ਅਧਾਰਤ ਵੀਜ਼ਾ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਤਨਖਾਹ ਸੀਮਾਵਾਂ ਨਿਰਧਾਰਤ ਕਰਨਾ ਅਤੇ ਪਰਿਵਾਰਕ ਮੈਂਬਰਾਂ ਨੂੰ ਆਸ਼ਰਿਤ ਵਜੋਂ ਲਿਆਉਣ ‘ਤੇ ਪਾਬੰਦੀ ਸ਼ਾਮਲ ਹਨ। ਬ੍ਰਿਟੇਨ ਦੇ ਗ੍ਰਹਿ ਮੰਤਰੀ ਜੇਮਸ ਕਲੇਵਰਲੇ ਨੇ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਕਾਮਨਜ਼’ ‘ਚ ਇਕ ਬਿਆਨ ‘ਚ ਖੁਲਾਸਾ ਕੀਤਾ ਸੀ ਕਿ ਇਸ ਕਾਰਵਾਈ ਦੇ ਤਹਿਤ ਸਿਹਤ ਅਤੇ ਦੇਖਭਾਲ ਦੇ ਵੀਜ਼ੇ ‘ਤੇ ਮੌਜੂਦ ਡਾਕਟਰ ਹੁਣ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਆਪਣੇ ਨਾਲ ਨਹੀਂ ਲਿਆ ਸਕਣਗੇ। ਇਸ ਫੈਸਲੇ ਦਾ ਅਸਰ ਭਾਰਤੀਆਂ ‘ਤੇ ਵੀ ਪਵੇਗਾ।
ਇਸ ਦੇ ਨਾਲ ਹੀ ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਹੁਨਰਮੰਦ ਵਰਕਰ ਵੀਜ਼ਾ ਰਾਹੀਂ ਬ੍ਰਿਟੇਨ ਆਉਣ ਲਈ ਅਪਲਾਈ ਕਰਨ ਵਾਲਿਆਂ ਦੀ ਤਨਖਾਹ ਸੀਮਾ ਮੌਜੂਦਾ 26,200 ਬ੍ਰਿਟਿਸ਼ ਪੌਂਡ ਤੋਂ ਵਧਾ ਕੇ 38,700 ਬ੍ਰਿਟਿਸ਼ ਪੌਂਡ ਕਰ ਦਿੱਤੀ ਜਾਵੇਗੀ। ਫੈਮਿਲੀ ਵੀਜ਼ਾ ਕੈਟਾਗਰੀ ਦੇ ਤਹਿਤ ਅਪਲਾਈ ਕਰਨ ਵਾਲਿਆਂ ‘ਤੇ ਵੀ ਇਹੀ ਤਨਖਾਹ ਦੀ ਰਕਮ ਲਾਗੂ ਹੋਵੇਗੀ, ਜੋ ਇਸ ਸਮੇਂ 18,600 ਬ੍ਰਿਟਿਸ਼ ਪੌਂਡ ਹੈ। ਕਲੀਵਰਲੇ ਨੇ ਸੰਸਦ ਨੂੰ ਦੱਸਿਆ ਕਿ ‘ਇਮੀਗ੍ਰੇਸ਼ਨ ਨੀਤੀ, ਨਿਰਪੱਖ, ਇਕਸਾਰ, ਕਾਨੂੰਨੀ ਅਤੇ ਟਿਕਾਊ ਹੋਣੀ ਚਾਹੀਦੀ ਹੈ।’ ਨਵੇਂ ਨਿਯਮ 2024 ਦੇ ਸ਼ੁਰੂ ਵਿੱਚ ਲਾਗੂ ਹੋਣਗੇ। ਕਿਹਾ ਜਾ ਰਿਹਾ ਹੈ ਕਿ ਸਖ਼ਤ ਨਵੇਂ ਇਮੀਗ੍ਰੇਸ਼ਨ ਨਿਯਮਾਂ ਨਾਲ ਹਰ ਸਾਲ ਬਰਤਾਨੀਆ ਜਾਣ ਦੇ ਯੋਗ ਲੋਕਾਂ ਦੀ ਗਿਣਤੀ ਲੱਖਾਂ ਤੱਕ ਘੱਟ ਜਾਵੇਗੀ।
ਟੋਰੀ ਸੰਸਦ ਮੈਂਬਰਾਂ ਦੇ ਦਬਾਅ ਹੇਠ, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਕਾਰ ਨੇ ਪਰਵਾਸ ਦੇ ਪੱਧਰ ਨੂੰ ਮਹੱਤਵਪੂਰਨ ਤੌਰ ‘ਤੇ ਘਟਾਉਣ ਲਈ ਇਨ੍ਹਾਂ ਉਪਾਵਾਂ ਦਾ ਐਲਾਨ ਕੀਤਾ। ਯੂਕੇ ਦੇ ਗ੍ਰਹਿ ਦਫਤਰ ਨੇ ਕਿਹਾ ਕਿ ਇਹ ਕਦਮ ਲਗਭਗ 300,000 ਲੋਕਾਂ ਨੂੰ ਪ੍ਰਭਾਵਿਤ ਕਰੇਗਾ, ਜੋ ਨਵੇਂ ਉਪਾਵਾਂ ਦੇ ਅਧਾਰ ਤੇ ਯੂਕੇ ਵਿੱਚ ਦਾਖਲ ਹੋਣ ਦੇ ਯੋਗ ਨਹੀਂ ਹੋਣਗੇ।ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਪ੍ਰਵਾਸ ਦਾ ਪੱਧਰ ਬਹੁਤ ਉੱਚਾ ਹੈ ਅਤੇ ਉਹ ਇਸਨੂੰ ਬਦਲਣ ਲਈ ਵਚਨਬੱਧ ਹਨ।
Comments (0)