ਚਿੱਟੇ ਨਾਲ 2 ਨੌਜਵਾਨਾਂ ਦੀ ਮੌਤ

ਚਿੱਟੇ ਨਾਲ 2 ਨੌਜਵਾਨਾਂ ਦੀ ਮੌਤ

ਮਖੂ/ ਪੱਟੀ: ਮਖੂ ਬਲਾਕ ਦੇ ਪਿੰਡ ਪੀਰ ਮੁਹੰਮਦ 'ਚ 23 ਸਾਲ ਦੇ ਨੌਜਵਾਨ ਸੋਨਾ ਸਿੰਘ ਪੁੱਤਰ ਸੁਬੇਗ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਣ ਵਾਲਾ ਮਿ੍ਤਕ ਨਸ਼ੇ ਦੀ ਪੂਰਤੀ ਲਈ ਅੱਜ ਸ਼ਾਮ ਸਾਢੇ 4 ਵਜੇ ਦੇ ਕਰੀਬ ਘਰ ਦੇ ਗ਼ੁਸਲਖ਼ਾਨੇ 'ਚ ਵੜਿਆ ਤੇ ਚਿੱਟੇ ਦਾ ਟੀਕਾ ਲਾਇਆ, ਜਿਸ ਉਪਰੰਤ ਉਸ ਦੀ ਉੱਥੇ ਹੀ ਮੌਤ ਹੋ ਗਈ। ਘਰ ਵਾਲਿਆਂ ਨੇ ਗ਼ੁਸਲਖ਼ਾਨੇ 'ਚੋਂ ਬਾਹਰ ਨਾ ਆਉਣ 'ਤੇ ਵੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। 

ਜ਼ਿਕਰਯੋਗ ਹੈ ਕਿ ਪਿੰਡ ਦੀ ਮੌਜੂਦਾ ਪੰਚਾਇਤ ਨੇ ਪੀਰ ਮੁਹੰਮਦ 'ਚ ਵਿਕ ਰਹੇ ਚਿੱਟੇ ਬਾਬਤ ਜ਼ਿਲ੍ਹਾ ਪੁਲਿਸ ਮੁਖੀ ਤੱਕ ਪੇਸ਼ ਹੋ ਕੇ ਲਿਖਤੀ ਸ਼ਿਕਾਇਤਾਂ ਕੀਤੀਆਂ ਸਨ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਨਾਲ ਹੋ ਰਹੀਆਂ ਮੌਤਾਂ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦਾ ਸਿੱਟਾ ਹੈ। 

ਪੱਟੀ ਨਜ਼ਦੀਕ ਪਿੰਡ ਸੈਦਪੁਰ 'ਚ ਨਸ਼ੇ ਰੂਪੀ ਦੈਂਤ ਨੇ ਇਕ ਹੋਰ ਨੌਜਵਾਨ ਨੂੰ ਨਿਗਲ ਲਿਆ। ਜਾਣਕਾਰੀ ਅਨੁਸਾਰ ਪਿੰਡ ਸੈਦਪੁਰ ਦੀ ਸਰਬਜੀਤ ਕੌਰ ਵਿਧਵਾ ਦਿਲਬਾਗ ਸਿੰਘ ਦੇ ਪੁੱਤਰ ਨੂੰ ਹੈਰੋਇਨ ਤੇ ਸਮੈਕ ਦੇ ਦੈਂਤ ਨੇ ਨਿਗਲ ਲਿਆ। ਉਸ ਦੇ ਪੁੱਤਰ ਵਿਸ਼ਾਲ ਸਿੰਘ ਨੂੰ ਨਸ਼ੇ ਦੀ ਜਕੜ 'ਚ ਅਜਿਹਾ ਫਸਾਇਆ ਕਿ ਉਸ ਨੇ ਆਪਣੇ ਘਰ ਦੇ ਕਮਰੇ ਦੇ ਗਾਰਡਰ, ਬਾਲੇ, ਬੂਹੇ, ਬਾਰੀਆਂ ਵੀ ਨਸ਼ੇ ਦੀ ਪੂਰਤੀ ਲਈ ਵੇਚ ਦਿੱਤੇ ਤੇ ਇਕ ਸਾਲ ਤੋਂ ਆਪਣੀ ਮਾਤਾ ਜਿਸ ਨੇ ਉਸ ਨੂੰ ਮਿਹਨਤ ਮਜ਼ਦੂਰੀ ਕਰਕੇ ਪਾਲਿਆ ਸੀ ਉੁਸ ਨੂੰ ਘਰੋਂ ਕੱਢ ਦਿੱਤਾ ਤੇ ਅੱਜ ਉਸ ਦੀ ਨਸ਼ਿਆਂ ਕਾਰਨ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ ਪੰਜਾਬ 'ਚੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਨਾਲ ਕਾਂਗਰਸ ਸੱਤਾ 'ਚ ਆਈ ਪਰ ਇਨ੍ਹਾਂ ਵਾਅਦਿਆਂ ਨੂੰ ਭੁੱਲ ਕੇ ਸੱਤਾ ਦਾ ਨਿੱਘ ਮਾਣ ਰਹੀ ਕਾਂਗਰਸ ਸਰਕਾਰ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਗਈ ਤੇ ਹਰ ਰੋਜ਼ ਪੰਜਾਬ ਦੇ ਘਰਾਂ 'ਚੋਂ ਚਿਰਾਗ ਬੁਝ ਰਹੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ