ਪੰਜਾਬ ਵਿੱਚ ਦਿੱਲੀ ਤੋਂ ਲਿਆ ਕੇ ਚਿੱਟਾ ਅਤੇ ਹਥਿਆਰ ਵੇਚਣ ਵਾਲੇ ਗਰੁੱਪ ਦਾ ਖੁਲਾਸਾ; ਦੋ ਗ੍ਰਿਫਤਾਰ

ਪੰਜਾਬ ਵਿੱਚ ਦਿੱਲੀ ਤੋਂ ਲਿਆ ਕੇ ਚਿੱਟਾ ਅਤੇ ਹਥਿਆਰ ਵੇਚਣ ਵਾਲੇ ਗਰੁੱਪ ਦਾ ਖੁਲਾਸਾ; ਦੋ ਗ੍ਰਿਫਤਾਰ
ਰੂਪਨਗਰ ਦੇ ਐਸ ਐਸ ਪੀ ਸਵਪਨ ਸ਼ਰਮਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਰੂਪਨਗਰ: ਜ਼ਿਲ੍ਹਾ ਰੂਪਨਗਰ ਪੁਲਿਸ ਨੇ ਅੱਜ ਪੰਜਾਬ ਵਿੱਚ ਨਸ਼ਾ ਅਤੇ ਹਥਿਆਰਾਂ ਦੀ ਸਮਗਲਿੰਗ ਦੀ ਸਪਲਾਈ ਚੇਨ ਨੂੰ ਤੋੜਨ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੇ ਅਧਾਰ 'ਤੇ ਕੀਤਾ ਗਿਆ ਹੈ।
 
ਪੁਲਿਸ ਨੇ ਪੰਜਾਬ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਸ ਗ੍ਰਿਫ਼ਤਾਰੀ ਨਾਲ ਇਹ ਸਪਲਾਈ ਚੈਨ ਕਾਫੀ ਹੱਦ ਤੱਕ ਟੁੱਟ ਜਾਵੇਗੀ। 

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ 30 ਸਾਲਾਂ ਦਾ ਰਿੱਕੀ  ਹੈ ਜੋ ਗਾਜੀਆਬਾਦ ਦਾ ਰਹਿਣ ਵਾਲਾ ਹੈ ਤੇ ਓਮੇਸ਼ ਹੈ ਜਿਸ ਦੀ ਉਮਰ 40 ਸਾਲ ਹੈ ਅਤੇ ਉਹ ਰਿਸ਼ੀਕੇਸ਼ (ਉਤਰਾਖੰਡ) ਦਾ ਰਹਿਣ ਵਾਲਾ ਹੈ। 

ਰੂਪਨਗਰ ਪੁਲਿਸ ਨੇ ਇਨ੍ਹਾਂ ਤਸਕਰਾਂ ਨੂੰ ਬੀਤੀ ਸ਼ਾਮ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋ ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚ 30 ਬੋਰ ਰਿਵਾਲਵਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਹਨਾਂ ਕੋਲੋਂ 200 ਗ੍ਰਾਮ ਚਿੱਟਾ ਫੜ੍ਹਨ ਦਾ ਵੀ ਦਾਅਵਾ ਕੀਤਾ ਹੈ। 

ਪੁਲਿਸ ਮੁਤਾਬਿਕ ਰਿੱਕੀ ਜਲੰਧਰ ਵਿੱਚ ਇਮੀਗ੍ਰੇਸ਼ਨ ਅਜੈਂਟ ਵਜੋਂ ਕੰਮ ਕਰਦਾ ਸੀ ਤੇ ਉਸ ਕੰਮ ਵਿੱਚ ਵੀ ਰਿੱਕੀ 'ਤੇ ਲੋਕਾਂ ਨਾਲ 1.5 ਕਰੋੜ ਦੀ ਠੱਗੀ ਦਾ ਦੋਸ਼ ਹੈ। ਇਹਨਾਂ ਨੇ ਸਮਗਲਿੰਗ ਦਾ ਇਹ ਵਪਾਰ ਦਿੱਲੀ ਤੋਂ ਸ਼ੁਰੂ ਕੀਤਾ ਜਿਸ ਨੂੰ ਬਾਅਦ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਫੈਲਾਇਆ। ਸੂਤਰਾਂ ਮੁਤਾਬਿਕ ਇਹ ਲੋਕ ਗੁਰੂਗ੍ਰਾਮ ਅਤੇ ਗਾਜ਼ਿਆਬਾਦ ਵਿੱਚ ਪਿਛਲੇ 7-8 ਸਾਲਾਂ ਤੋਂ ਨਸ਼ਾ ਵੇਚ ਰਹੇ ਹਨ।

ਇਹ ਦੋਸ਼ੀ ਦਿੱਲੀ ਤੋਂ "ਚਿੱਟਾ" ਅਤੇ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਇਹਨਾਂ ਨਾਲ ਇਸ ਗਰੁੱਪ ਵਿੱਚ ਨਾਈਜੀਰੀਅਨ ਮੂਲ ਦੇ ਦੋ ਲੋਕ ਅਤੇ ਦਵਾਰਕਾ ਦਾ ਰਾਹੁਲ ਨਾਮੀਂ ਸਖਸ਼ ਵੀ ਸ਼ਾਮਿਲ ਹੈ। 

ਪੁਲਿਸ ਨੇ ਜਲੰਧਰ, ਮੋਹਾਲੀ ਅਤੇ ਰੋਪੜ ਵਿੱਚ ਇਹਨਾਂ ਤੋਂ ਨਸ਼ਾ ਅਤੇ ਹਥਿਆਰ ਲੈਂਦੇ ਕੁੱਝ ਲੋਕਾਂ ਦੀ ਸ਼ਨਾਖਤ ਕੀਤੀ ਹੈ। ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਤੇ ਆਉਂਦਿਆਂ ਦਿਨਾਂ ਵਿੱਚ ਕੁੱਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ