ਰਿਸ਼ਵਤ ਦੇ ਕੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਦੋਸ਼ 'ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਰਿਸ਼ਵਤ ਦੇ ਕੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਦੋਸ਼ 'ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਸੈਕਰਾਂਮੈਂਟੋ: ਅਮਰੀਕਾ 'ਚ ਲੋਸ ਏਂਜਲਸ ਦੇ 61 ਸਾਲਾ ਜਗਪਾਲ ਸਿੰਘ ਪਾਲ ਨੂੰ ਅੱਜ ਸਥਾਨਕ ਅਦਾਲਤ ਨੇ 3 ਸਾਲਾਂ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਟਾਰਨੀ ਮੈਕਗ੍ਰੇਗਰ ਡਬਲਿਊ ਸਕਾਟ ਨੇ ਇਸ ਬਾਰੇ ਦੱਸਿਆ ਕਿ ਜਗਪਾਲ ਸਿੰਘ ਨੇ ਆਪਣਾ ਟੱਰਕ ਡ੍ਰਾਈਵਿੰਗ ਦਾ ਲਾਇਸੰਸ ਬਣਾਉਣ ਲਈ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। 1 ਮਾਰਚ ਨੂੰ ਅਦਾਲਤ ਨੇ ਜਗਪਾਲ ਸਿੰਘ ਨੂੰ ਰਿਸ਼ਵਤ ਦੇਣ, ਆਪਣੀ ਪਛਾਣ ਗਲਤ ਦੱਸਣ ਅਤੇ ਕੰਪਿਊਟਰ ਦੀ ਗ਼ੈਰਾਧਿਕਾਰਕ ਵਰਤੋਂ ਕਰਨ ਦੇ ਜੁਰਮ 'ਚ ਦੋਸ਼ੀ ਮੰਨ ਲਿਆ ਸੀ। 

ਅਦਾਲਤੀ ਕਾਰਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਸਿੰਘ ਨੇ ਡੀ.ਐਮ.ਵੀ. ਦੇ ਦੋ ਅਧਿਕਾਰੀਆਂ ਲੀਸਾ ਟੀਰਾਸ਼ਨੋ ਅਤੇ ਕੇਰੀ ਸਕੇਟੇਗਲੀਆ ਨੂੰ ਰਿਸ਼ਵਤ ਦਿਤੀ ਅਤੇ ਇਹਨਾਂ ਦੋਵਾਂ ਨੇ ਅਦਾਲਤ 'ਚ ਆਪਣਾ ਜੁਰਮ ਮੰਨ ਲਿਆ ਹੈ। ਜਗਪਾਲ ਦੇ ਨਾਲ ਹੀ ਲੀਸਾ ਟੀਰਾਸ਼ਨੋ ਨੂੰ ਤਿੰਨ ਸਾਲ ਚਾਰ ਮਹੀਨੇ ਅਤੇ ਕੇਰੀ ਸਕੇਟੇਗਲੀਆ ਨੂੰ ਦੋ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 

ਡ੍ਰਾਈਵਿੰਗ ਮਹਿਕਮੇ ਦੀਆਂ ਇਹਨਾਂ ਦੋਵਾਂ ਮੁਲਾਜ਼ਮਾਂ ਨੂੰ ਜਗਪਾਲ ਸਿੰਘ ਦੇ ਡ੍ਰਾਈਵਿੰਗ ਸਕੂਲ ਦੇ ਵਿਦਿਆਰਥੀਆਂ ਵਾਸਤੇ ਕੰਪਿਊਟਰ ਡੇਟਾਬੇਸ 'ਚ ਛੇੜਛਾੜ ਕਰਨ ਦਾ ਦੋਸ਼ੀ ਵੀ ਪਾਇਆ ਗਿਆ ਹੈ। ਸੈਕਰਾਮੈਂਟੋ ਵਿਖੇ ਵਾਪਰੇ ਇਸ ਰਿਸ਼ਵਤ ਅਤੇ ਡ੍ਰਾਈਵਿੰਗ ਨਾਲ ਸੰਬਧਤ ਮਾਮਲੇ 'ਚ ਵਿਭਾਗੀ ਰਿਕਾਰਡ ਨਾਲ ਵੱਡੇ ਪੱਧਰ 'ਤੇ ਤਬਦੀਲੀ ਕੀਤੀ ਗਈ ਸੀ। ਟਰੱਕ ਡ੍ਰਾਈਵਿੰਗ ਦਾ ਟੈਸਟ ਦੇਣ ਵਾਲੇ ਉਮੀਦਵਾਰਾਂ ਨੂੰ ਰਿਕਾਰਡ ਮੁਤਾਬਕ ਵਿਭਾਗ ਦੇ ਕੰਪਿਊਟਰਾਂ 'ਚ ਪਾਸ ਦਿਖਾਇਆ ਗਿਆ ਸੀ ਜਦਕਿ ਉਮੀਦਵਾਰਾਂ ਨੇ ਕੋਈ ਟੈਸਟ ਦਿੱਤਾ ਹੀ ਨਹੀਂ ਸੀ। ਪਰ ਇਸ ਤਰਾਂ ਦੀਆਂ ਬੇ-ਨਿਅਮੀਆਂ ਕਾਰਨ ਕਈ ਅਜਿਹੇ ਲੋਕਾਂ ਨੂੰ ਡ੍ਰਾਈਵਿੰਗ ਲਾਇਸੰਸ ਜਾਰੀ ਕਰ ਦਿਤੇ ਗਏ ਜਿਹੜੇ ਕਿ ਅਮਰੀਕਾ 'ਚ ਡ੍ਰਾਈਵਿੰਗ ਮਾਪਦੰਡਾਂ 'ਤੇ ਖਰੇ ਨਹੀਂ ਉਤਰਦੇ।

ਧੋਖਾਧੜੀ ਦਾ ਇਹ ਮਾਮਲਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵ੍ਹੀਕਲਸ, ਆਫਿਸ ਆਫ ਇੰਟਰਨਲ ਅਫੇਅਰਜ਼, ਐਫ.ਬੀ.ਆਈ., ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਡਿਪਾਰਟਮੈਂਟ ਆਫ ਟ੍ਰਾੰਸਪੋਰਟ ਵੱਲੋਂ ਜਾਂਚ ਦੇ ਸਾਂਝੇ ਯਤਨਾਂ ਕਾਰਨ ਸਾਹਮਣੇ ਆਇਆ। ਅਸਿਸਟੈਂਟ ਯੂ.ਐੱਸ. ਅਟਾਰਨੀ ਰੋਸੇਨ ਐਲ. ਰਸਟ ਨੇ ਅਦਾਲਤ 'ਚ ਇਸ ਮਾਮਲੇ ਡੀ ਪੈਰਵਾਈ ਕੀਤੀ। 

ਇਸੇ ਮਾਮਲੇ 'ਚ 34 ਸਾਲਾ ਤਜਿੰਦਰ ਸਿੰਘ, ਡ੍ਰਾਈਵਿੰਗ ਸਕੂਲ ਦੇ ਮਾਲਕ 29 ਸਾਲਾ ਪਰਮਿੰਦਰ ਸਿੰਘ, ਰੈਂਚੋ ਕੁਕਮੰਗਾ ਵਿਖੇ ਡੀ.ਐਮ.ਵੀ.ਦਾ ਮੁਲਾਜ਼ਮ 49 ਸਾਲਾ ਸ਼ਵਾਨਾ ਡੇਨਿਸ ਹੈਰਿਸ 'ਤੇ ਅਦਾਲਤ 1 ਜੂਨ 2020 ਨੂੰ ਸੁਣਵਾਈ ਕਰੇਗੀ। ਹਾਲੇ ਇਹਨਾਂ ਦੇ ਦੋਸ਼ ਸਾਬਤ ਨਹੀਂ ਹੋਏ ਹਨ, ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਕੇਸ ਦੀਆਂ ਦਲੀਲਾਂ ਅਤੇ ਦੋਸ਼ਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਹਰ ਇੱਕ ਨੂੰ ਪੰਜ ਸਾਲ ਤੱਕ ਦੀ ਸਜ਼ਾ ਅਤੇ ਢਾਈ ਲੱਖ ਅਮਰੀਕੀ ਡਾਲਰਾਂ ਦਾ ਜੁਰਮਾਨਾ ਹੋ ਸਕਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।