ਡਰੈਗ ਫਲਿੱਕਰ ਹਰਮਨਪ੍ਰੀਤ ਦਾ ਸਾਧਾਰਨ ਪਰਿਵਾਰ ਤੋਂ ਕਪਤਾਨੀ ਤੱਕ ਦਾ ਸਫ਼ਰ

ਡਰੈਗ ਫਲਿੱਕਰ ਹਰਮਨਪ੍ਰੀਤ ਦਾ ਸਾਧਾਰਨ ਪਰਿਵਾਰ ਤੋਂ ਕਪਤਾਨੀ ਤੱਕ ਦਾ ਸਫ਼ਰ

ਪਿਛਲੇ ਦਿਨੀਂ ਚੀਨ ਦੇ ਸ਼ਹਿਰ ਹਾਂਗਜ਼ੂ 'ਚ ਹੋਈਆਂ ਏਸ਼ਿਆਈ ਖੇਡਾਂ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਅਗਵਾਈ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਮੁਕਾਬਲੇ 'ਚ ਪਿਛਲੇ ਸਾਲ ਦੀ ਚੈਂਪੀਅਨ ਟੀਮ ਜਾਪਾਨ ਨੂੰ 5-1 ਨਾਲ ਹਰਾ ਕੇ ਏਸ਼ਿਆਈ ਖੇਡਾਂ ਵਿਚ ਸੋਨ ਤਗਮੇ 'ਤੇ ਕਬਜ਼ਾ ਕੀਤਾ ਸੀ।

ਜਾਪਾਨ ਖ਼ਿਲਾਫ਼ ਖੇਡੇ ਫਾਈਨਲ ਮੁਕਾਬਲੇ 'ਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਪਤਾਨ ਹਰਮਨਪ੍ਰੀਤ ਨੇ 2 ਗੋਲ ਕੀਤੇ ਸਨ ਅਤੇ ਉਹ ਟੂਰਨਾਮੈਂਟ 'ਚ ਸਭ ਤੋਂ ਵੱਧ 13 ਗੋਲ ਕਰਕੇ ਚੋਟੀ 'ਤੇ ਰਿਹਾ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਿੰਮੋਵਾਲ (ਜੰਡਿਆਲਾ ਗੁਰੂ ਦੇ ਲਾਗੇ) ਪਿਤਾ ਸਰਬਜੀਤ ਸਿੰਘ ਅਤੇ ਸਰਦਾਰਨੀ ਰਾਜਵਿੰਦਰ ਕੌਰ ਦੀ ਕੁੱਖੋਂ 6 ਜਨਵਰੀ, 1996 ਨੂੰ ਜਨਮ ਲੈਣ ਵਾਲਾ ਹਰਮਨਪ੍ਰੀਤ ਸਿੰਘ ਮੌਜੂਦਾ ਭਾਰਤੀ ਹਾਕੀ ਟੀਮ ਵਿਚ ਇਕ ਪ੍ਰਤਿਭਾਸ਼ਾਲੀ ਡਰੈਗ ਫਲਿੱਕਰ ਵਜੋਂ ਵੀ ਸਥਾਪਿਤ ਹੋ ਚੁੱਕਾ ਹੈ। ਮਿਹਨਤੀ ਕਿਸਾਨ ਸਰਬਜੀਤ ਸਿੰਘ ਨੇ ਇਕ ਸਮਝਦਾਰ ਪਿਤਾ ਦੀ ਭੂਮਿਕਾ ਨਿਭਾਉਂਦਿਆਂ ਹਰਮਨਪ੍ਰੀਤ ਦੀ ਹਾਕੀ ਲਗਨ ਨੂੰ ਪਛਾਣਿਆ ਤੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਅੱਜ ਵੱਡਾ ਹੋ ਕੇ ਉਹ ਪੈਨਲਟੀ ਕਾਰਨਰ ਮਾਹਿਰ ਡਰੈਗ ਫਲਿੱਕਰ ਬਣ ਗਿਆ। ਯਾਦ ਰਹੇ ਪਿੰਡ ਧਰੜ ਦੇ ਰਵਿੰਦਰ ਸਿੰਘ ਢਿੱਲੋਂ ਉਸ ਦੇ ਮੁਢਲੇ ਕੋਚ ਸਨ। ਸੈਂਟ ਸੋਲਜਰ ਡੇਅ ਬੋਰਡਿੰਗ ਸਕੂਲ ਜੰਡਿਆਲਾ ਗੁਰੂ 'ਚ ਉਸ ਨੇ 6ਵੀਂ ਜਮਾਤ 'ਚ ਹਾਕੀ ਖੇਡੀ। ਫਿਰ ਪੀ.ਏ.ਯੂ. ਅਕੈਡਮੀ ਲੁਧਿਆਣਾ ਵਿਖੇ ਚਲਾ ਗਿਆ। ਸੁਰਜੀਤ ਹਾਕੀ ਅਕੈਡਮੀ ਜਲੰਧਰ 'ਚ ਉਸ ਦੀ ਆਮਦ ਫਿਰ ਵੱਡੇ ਸੁਪਨਿਆਂ ਨਾਲ ਹੋਈ। ਅਵਤਾਰ ਸਿੰਘ ਅਤੇ ਗੁਰਦੇਵ ਸਿੰਘ ਨੇ ਉਸ ਨੂੰ ਹਾਕੀ ਖੇਡ ਦੀ ਸਹੀ ਦਿਸ਼ਾ ਦਿੱਤੀ। ਸੁਰਜੀਤ ਹਾਕੀ ਅਕੈਡਮੀ, ਜਿਸ ਨੇ ਸੈਂਕੜੇ ਖਿਡਾਰੀ ਭਾਰਤੀ ਹਾਕੀ ਟੀਮ ਦੀ ਝੋਲੀ ਪਾਏ ਹਨ, ਹਰਮਨਪ੍ਰੀਤ ਸਿੰਘ ਵੀ ਉਨ੍ਹਾਂ 'ਚੋਂ ਇਕ ਹੈ। ਮੈਦਾਨੀ ਹਕੀਕਤਾਂ ਦੇ ਮੁਤਾਬਿਕ ਹਰਮਨਪ੍ਰੀਤ ਸਿੰਘ ਇਕ ਆਲ ਰਾਊਂਡਰ ਖਿਡਾਰੀ ਹੈ। ਹੌਲੀ-ਹੌਲੀ ਉਸ ਦਾ ਹਾਕੀ ਸਫ਼ਰ ਪ੍ਰਵਾਨ ਉਸ ਦੇ ਵਿਸ਼ੇਸ਼ ਗੁਣਾਂ ਕਰਕੇ ਚੜ੍ਹਦਾ ਗਿਆ। ਘਰੇਲੂ ਪੱਧਰ 'ਤੇ ਉਸ ਨੇ ਨਹਿਰੂ ਕੱਪ ਬਲਵੰਤ ਕਪੂਰ, ਸੁਰਜੀਤ ਹਾਕੀ ਕੱਪ, ਬੇਟਨ ਕੱਪ, ਰਾਜਨੰਦ ਮਹਾਰਾਸ਼ਟਰ 'ਚ ਅਤੇ ਕਈ ਹੋਰ ਟੂਰਨਾਮੈਂਟ ਖੇਡੇ। ਅੰਤਰਰਾਸ਼ਟਰੀ ਪੱਧਰ 'ਤੇ ਸਬ-ਜੂਨੀਅਰ ਅਤੇ ਜੂਨੀਅਰ ਪੱਧਰ 'ਤੇ ਕਈ ਟੂਰਨਾਮੈਂਟ ਖੇਡੇ, ਜੌਹਰ ਕੱਪ ਏਸ਼ੀਆ ਕੱਪ, ਆਸਟ੍ਰੇਲੀਆ ਗੋਲਡ ਸੀਨੀਅਰ ਪੱਧਰ ਤੇ ਜਾਪਾਨ ਟੈਸਟ ਸੀਰੀਜ਼। ਹਾਕੀ ਇੰਡੀਆ ਲੀਗ ਦਬੰਗ ਮੁੰਬਈ ਵਲੋਂ ਕਈ ਹੋਰ ਮਹੱਤਵਪੂਰਨ ਟੂਰਨਾਮੈਂਟ ਖੇਡੇ। ਕਈ ਵਿਸ਼ਵ ਪੱਧਰੀ ਟੂਰਨਾਮੈਂਟਾਂ 'ਚ ਉਸ ਦਾ ਧਮਾਕੇਦਾਰ ਪ੍ਰਦਰਸ਼ਨ ਸੀ।

ਸੀਨੀਅਰ ਖਿਡਾਰੀ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੂੰ ਆਪਣਾ ਆਦਰਸ਼ ਮੰਨ ਕੇ ਖੇਡਣ ਵਾਲਾ ਹਰਮਨਪ੍ਰੀਤ ਬੀ.ਪੀ.ਸੀ.ਐਲ. ਵਲੋਂ ਹਾਕੀ ਖੇਡਦਾ ਹੈ। 5-10 ਇੰਚ ਕੱਦ ਕਾਠ ਵਾਲਾ ਇਹ ਖਿਡਾਰੀ ਸ਼ਕਤੀਸ਼ਾਲੀ ਸਰੀਰਕ ਜੁੱਸਾ ਅਤੇ ਜੁਝਾਰੂ ਭਾਵਨਾ ਰੱਖਦਾ ਹੈ। ਉਸ ਦੇ ਖੇਡ ਕਰੀਅਰ ਦੀ ਵਿਸ਼ੇਸ਼ ਗੱਲ ਇਹ ਹੈ ਕਿ ਕਈ ਟੂਰਨਾਮੈਂਟਾਂ 'ਚ ਉਹ ਟੂਰਨਾਮੈਂਟਾਂ ਦਾ ਵਧੀਆ ਖਿਡਾਰੀ ਵੀ ਐਲਾਨਿਆ ਜਾ ਚੁੱਕਾ ਹੈ ਅਤੇ ਕਿਤੇ ਸਭ ਤੋਂ ਵੱਧ ਗੋਲ ਕਰਨ ਵਾਲਾ (ਟਾਪ ਸਕੋਰਰ) ਘੋਸ਼ਿਤ ਹੋਇਆ। ਹਰਮਨਪ੍ਰੀਤ ਦੱਸਦਾ ਹੈ ਕਿ ਉਸ ਦੇ ਖੇਡ ਕਰੀਅਰ ਦੇ ਸਭ ਤੋਂ ਸ਼ਾਨਦਾਰ ਪਲ ਉਦੋਂ ਸਨ, ਜਦੋਂ 2014 'ਚ ਉਸ ਨੇ ਪਹਿਲੀ ਵਾਰ ਮਲੇਸ਼ੀਆ ਵਿਖੇ ਸੁਲਤਾਨ ਜੌਹਰ ਕੱਪ ਖੇਡਣ ਲਈ ਕੌਮੀ ਜਰਸੀ ਪਹਿਨੀ ਸੀ। ਉਸ ਟੂਰਨਾਮੈਂਟ ਵਿਚ ਉਸ ਨੇ 9 ਗੋਲ ਕੀਤੇ ਸਨ ਅਤੇ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਸੀ।

ਮੌਜੂਦਾ ਸਮੇਂ ਬੀ.ਏ. ਕਰ ਰਿਹਾ ਹਰਮਨਪ੍ਰੀਤ ਸਿੰਘ ਆਪਣੀ ਖੇਡ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਰੁਚਿਤ ਹੈ। ਖੇਡ ਮੈਦਾਨ ਵਿਚ ਵੀ ਉਸ ਦੀ ਜ਼ਿੰਮੇਵਾਰੀ ਦੋ-ਤਰਫਾ ਹੈ। ਡਰੈਗ ਫਲਿੱਕ ਦਾ ਜਾਦੂ ਵੀ ਉਸ ਨੇ ਦਿਖਾਉਣਾ ਹੈ ਅਤੇ ਡਿਫੈਂਡਰ ਦੇ ਤੌਰ 'ਤੇ ਹੁਨਰਮੰਦ ਖੇਡ ਕਲਾ ਦਾ ਪ੍ਰਦਰਸ਼ਨ ਵੀ ਕਰਨਾ ਹੈ। ਉਹ 2015 ਵਾਲੇ ਜੂਨੀਅਰ ਏਸ਼ੀਆ ਕੱਪ ਦੌਰਾਨ ਹੋਏ ਆਪਣੇ ਪ੍ਰਦਰਸ਼ਨ ਨੂੰ ਵਾਰ-ਵਾਰ ਦੁਹਰਾਉਣਾ ਚਾਹੇਗਾ, ਜਿਥੇ ਉਸ ਨੇ ਡਿਫੈਂਡਰ ਦੀ ਭੂਮਿਕਾ ਆਲਾ ਦਰਜੇ ਦੀ ਨਿਭਾਉਂਦਿਆਂ 15 ਗੋਲ ਵੀ ਕੀਤੇ ਸਨ।

 

ਪ੍ਰੋਫੈਸਰ ਪਰਮਜੀਤ ਸਿੰਘ