ਕਾਂਗਰਸ ਵਲੋਂ ਕਾਂਸ਼ੀ ਰਾਮ ਦੀ ਸਿਆਸੀ ਵਿਰਾਸਤ ਜ਼ਰੀਏ ਦਲਿਤ ਰਾਜਨੀਤੀ ਦਾ ਦਿਲਚਸਪ ਵਰਤਾਰਾ

ਕਾਂਗਰਸ ਵਲੋਂ ਕਾਂਸ਼ੀ ਰਾਮ ਦੀ ਸਿਆਸੀ ਵਿਰਾਸਤ ਜ਼ਰੀਏ ਦਲਿਤ ਰਾਜਨੀਤੀ ਦਾ ਦਿਲਚਸਪ ਵਰਤਾਰਾ

ਕਾਂਗਰਸ ਪਾਰਟੀ ਅੱਜ-ਕੱਲ੍ਹ ਹੈਰਾਨ ਕਰਨ ਵਾਲੇ ਕੰਮ ਕਰ ਰਹੀ ਹੈ, ਜਿਵੇਂ ਉਸ ਨੇ 60 ਤੇ 70 ਦੇ ਦਹਾਕੇ 'ਚ ਲੋਹੀਆ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਵਰਤਿਆ ਗਿਆ ਨਾਅਰਾ 'ਜਿਸ ਦੀ ਜਿੰਨੀ ਗਿਣਤੀ ਭਾਰੀ, ਉਸ ਦੀ ਓਨੀ ਹਿੱਸੇਦਾਰੀ' ਨੂੰ ਪੂਰੀ ਤਰ੍ਹਾਂ ਨਾਲ ਅਪਣਾ ਲਿਆ ਹੈ।

ਇਕ ਤਰ੍ਹਾਂ ਨਾਲ ਇਹ ਨਾਅਰਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਦੀ ਅਧਿਕਾਰਤ ਵਿਚਾਰਧਾਰਾ ਅਤੇ ਰਣਨੀਤੀ ਦੀ ਪਛਾਣ ਬਣ ਗਿਆ ਹੈ। ਦੂਜਾ, ਕਾਂਗਰਸ ਨੇ ਕਾਂਸ਼ੀ ਰਾਮ ਦੀ ਤਸਵੀਰ ਲਗਾ ਕੇ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਅਪਣਾਉਣ ਦੀ ਯੋਜਨਾਬੱਧ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਅਸੀਂ ਜਾਣਦੇ ਹਾਂ ਕਿ ਕਾਂਸ਼ੀ ਰਾਮ ਦੇ ਕਾਂਗਰਸ ਬਾਰੇ ਕੀ ਵਿਚਾਰ ਸਨ। ਉਹ ਚਾਹੁੰਦੇ ਸਨ ਕਿ ਕਾਂਗਰਸ ਕਿਸੇ ਨਾ ਕਿਸੇ ਤਰ੍ਹਾਂ ਕਮਜ਼ੋਰ ਹੁੰਦੀ ਚਲੀ ਜਾਵੇ ਅਤੇ ਅਖ਼ੀਰ ਖ਼ਤਮ ਹੋ ਜਾਵੇ। ਇੰਜ ਲਗਦਾ ਹੈ ਕਿ ਪੱਛੜੀਆਂ ਜਾਤੀਆਂ ਦੀ ਗੋਲਬੰਦੀ ਦੇ ਦਾਇਰੇ 'ਚ ਇਕ ਪ੍ਰਮੁੱਖ ਖਿਡਾਰੀ ਵਜੋਂ ਕਾਂਗਰਸ ਦੇ ਉਤਰਨ ਦੇ ਪਿੱਛੇ ਇਰਾਦਾ ਇਹ ਹੈ ਕਿ ਅਤਿ ਪੱਛੜੀਆਂ ਜਾਤੀਆਂ ਨੂੰ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਪਾਲੇ 'ਚ ਜਾਣ ਤੋਂ ਰੋਕਿਆ ਜਾਵੇ। ਦੂਜੇ ਪਾਸੇ ਸੰਭਾਵਿਤ ਤੌਰ 'ਤੇ ਕਾਂਗਰਸ ਨੂੰ ਇਹ ਵੀ ਲੱਗ ਰਿਹਾ ਹੈ ਕਿ ਮਾਇਆਵਤੀ ਦੇ ਗ਼ੈਰ-ਸਰਗਰਮ ਹੋਣ ਨਾਲ ਬਹੁਜਨ ਸਮਾਜ ਪਾਰਟੀ ਦਾ ਦਲਿਤ ਜਨਆਧਾਰ ਪਾਲਾ ਬਦਲਣ ਵੱਲ ਵਧ ਰਿਹਾ ਹੈ। ਇਸ ਤੋਂ ਪਹਿਲਾਂ ਕਿ ਭਾਜਪਾ ਉਸ ਨੂੰ ਆਪਣੇ ਪੱਖ 'ਚ ਕਰ ਲਵੇ, ਕਾਂਗਰਸ ਚਾਹੁੰਦੀ ਹੈ ਕਿ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਵੇ। ਆਖ਼ਰ ਇਕ ਲੰਬੇ ਸਮੇਂ ਤੱਕ ਇਹ ਦਲਿਤ ਵੋਟਰ ਕਾਂਗਰਸ ਨੂੰ ਹੀ ਵੋਟਾਂ ਪਾ ਕੇ ਜਿਤਾਉਂਦੇ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਅੰਬੇਡਕਰ ਅਤੇ ਫਿਰ ਕਾਂਸ਼ੀ ਰਾਮ ਵਲੋਂ ਚਲਾਇਆ ਗਿਆ ਦਲਿਤ ਰਾਜਨੀਤਕ ਪ੍ਰਾਜੈਕਟ ਜੇਕਰ ਬਿਖਰਿਆ ਨਹੀਂ ਤਾਂ ਵੰਡਿਆ ਜ਼ਰੂਰ ਗਿਆ ਹੈ। ਇਸ ਤ੍ਰਾਸਦੀ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਕਿ ਜੋ ਦਲਿਤ ਸ਼ਬਦ 70 ਦੇ ਦਹਾਕੇ ਤੋਂ ਹੀ ਹੌਲੀ-ਹੌਲੀ ਅਣਗਿਣਤ ਛੋਟੀਆਂ-ਵੱਡੀਆਂ ਬਿਰਾਦਰੀਆਂ 'ਚ ਵੰਡੀਆਂ ਅਨੁਸੂਚਿਤ ਜਾਤੀਆਂ ਦੀ ਰਾਜਨੀਤਕ ਹੋਂਦ ਦੀ ਪ੍ਰਤੀਨਿਧਤਾ ਦਾ ਧੁਰਾ ਬਣਦਾ ਆ ਰਿਹਾ ਸੀ, ਉਸ ਸ਼ਬਦ ਦੀ ਇਕ ਸ਼੍ਰੇਣੀ ਵਾਂਗ ਵਰਤੋਂ ਕਰਨ 'ਤੇ ਹੁਣ ਇਨ੍ਹਾਂ ਜਾਤੀਆਂ ਦੀ ਰਾਜਨੀਤਕ ਏਕਤਾ ਦਾ ਪਤਾ ਨਹੀਂ ਲੱਗਦਾ। ਚੋਣਾਂ 'ਚ ਦਲਿਤ ਵੋਟਾਂ ਦੀ ਖਿੱਚੋਤਾਣ ਮਚ ਜਾਂਦੀ ਹੈ। ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਰਣਨੀਤੀ ਦਾ ਇਕ ਪ੍ਰਮੁੱਖ ਪਹਿਲੂ ਗ਼ੈਰ-ਜਾਟਵ ਦਲਿਤ ਵੋਟਾਂ ਨੂੰ ਆਪਣੇ ਵੱਲ ਖਿੱਚਣਾ ਹੈ। ਉਸ ਨੂੰ ਭਰੋਸਾ ਹੈ ਕਿ ਉਹ ਇਵੇਂ ਕਰ ਸਕੇਗੀ। ਇਸ ਤਰ੍ਹਾਂ ਸਮਾਜਵਾਦੀ ਪਾਰਟੀ ਨੂੰ ਵੀ ਵਿਚ-ਵਿਚ ਲੱਗਦਾ ਰਹਿੰਦਾ ਹੈ ਕਿ ਅਵਧ ਅਤੇ ਪੂਰਬੀ ਉੱਤਰ ਪ੍ਰਦੇਸ਼ 'ਚ ਜਾਟਵਾਂ ਤੋਂ ਬਾਅਦ ਗਿਣਤੀ ਪੱਖੋਂ ਸਭ ਤੋਂ ਮਜ਼ਬੂਤ ਪਾਸੀ ਜਾਤੀ ਦੀਆਂ ਵੋਟਾਂ ਇਸ ਵਾਰ ਉਸ ਨੂੰ ਮਿਲ ਸਕਦੀਆਂ ਹਨ। ਦਲਿਤ ਏਕਤਾ ਦੀ ਵੰਡ ਇਸ ਕਦਰ ਵਧ ਚੁੱਕੀ ਹੈ ਕਿ ਹੁਣ ਕੋਈ ਰਸਮੀ ਤੌਰ 'ਤੇ ਵੀ ਨਹੀਂ ਪੁੱਛਦਾ ਕਿ ਬਹੁਜਨ ਸਮਾਜ ਪਾਰਟੀ ਨੂੰ ਜਾਟਵ ਵੋਟਾਂ ਤੋਂ ਇਲਾਵਾ ਕਿਹੜੀ ਦਲਿਤ ਬਿਰਾਦਰੀ ਦੀ ਵੋਟ ਮਿਲਣ ਵਾਲੀ ਹੈ। ਇਹ ਇਕ ਰਾਜਨੀਤਕ ਸਮਝ ਬਣ ਚੁੱਕੀ ਹੈ ਕਿ ਮਾਇਆਵਤੀ ਹੁਣ ਅਸਲ ਅਰਥਾਂ 'ਚ 'ਦਲਿਤ ਨੇਤਾ' ਨਾ ਰਹਿ ਕੇ ਮਹਿਜ਼ ਜਾਟਵ ਨੇਤਾ ਬਣ ਕੇ ਰਹਿ ਗਈ ਹੈ। ਉਨ੍ਹਾਂ ਦੀ ਮੁਸ਼ਕਿਲ ਹੋਰ ਵੀ ਵਧਣ ਵਾਲੀ ਹੈ; ਕਿਉਂਕਿ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਜਾਟਵਾਂ 'ਤੇ ਉਨ੍ਹਾਂ ਦੇ ਦਬਦਬੇ ਨੂੰ 'ਦ ਗ੍ਰੇਟ ਚਮਾਰ' ਦਾ ਨਾਅਰਾ ਲਗਾਉਣ ਵਾਲੇ ਭੀਮ ਆਰਮੀ ਦੇ ਚੰਦਰ ਸ਼ੇਖਰ ਰਾਵਣ ਤੋਂ ਚੁਣੌਤੀ ਮਿਲ ਰਹੀ ਹੈ। ਦਲਿਤ ਰਾਜਨੀਤਕ ਏਕਤਾ ਦੀ ਵਰਤੋਂ ਦੀ ਸ਼ੁਰੂਆਤ ਪੰਜਾਬ 'ਚ ਹੋਈ ਸੀ। ਕਾਂਸ਼ੀ ਰਾਮ ਦੇ ਆਪਣੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਉਹ ਪੰਜਾਬ ਦੇ ਹੀ ਰਾਮਦਾਸੀਆ ਭਾਈਚਾਰੇ ਨਾਲ ਸੰਬੰਧਿਤ ਸਨ। ਅੱਤਵਾਦ ਦੇ ਜ਼ਮਾਨੇ 'ਚ ਬਹੁਜਨ ਸਮਾਜ ਪਾਰਟੀ ਜਿਸ ਬਹਾਦਰੀ ਅਤੇ ਕੁਰਬਾਨੀ ਨਾਲ ਪੰਜਾਬ 'ਚ ਚੋਣਾਂ ਲੜੀ, ਉਹ ਆਪਣੇ ਆਪ 'ਚ ਇਕ ਮਿਸਾਲ ਹੈ। ਪਰ ਜਲਦੀ ਹੀ ਕਾਂਸ਼ੀ ਰਾਮ ਨੂੰ ਲੱਗਣ ਲੱਗਾ ਕਿ ਦੇਸ਼ ਵਿਚ ਸਭ ਤੋਂ ਵੱਡੀ ਦਲਿਤ ਬਿਰਾਦਰੀ ਦੇ ਬਾਵਜੂਦ ਪੰਜਾਬ 'ਚ ਉਸ ਨੂੰ ਹੋਰ ਕਮਜ਼ੋਰ ਜਾਤੀਆਂ ਦਾ ਸਹਿਯੋਗ ਮਿਲਣ ਦੇ ਹਾਲਾਤ ਨਹੀਂ ਹਨ। ਦੂਜਾ, ਪੰਜਾਬ ਦੇ ਦਲਿਤਾਂ ਵਿਚ ਅੰਬੇਡਕਰਵਾਦ ਦਾ ਪ੍ਰਭਾਵ ਉਮੀਦ ਨਾਲੋਂ ਘੱਟ ਸੀ। ਡੇਰਿਆਂ ਦੇ ਪ੍ਰਭਾਵ ਕਾਰਨ ਵੀ ਉਨ੍ਹਾਂ ਦੀ ਰਾਜਨੀਤਕ ਗੋਲਬੰਦੀ ਸੌਖੀ ਨਹੀਂ ਸੀ। ਇਸ ਲਈ ਉਹ ਇਸ ਫ਼ੈਸਲੇ 'ਤੇ ਪਹੁੰਚੇ ਕਿ ਪੰਜਾਬ 'ਚ ਬਹੁਜਨ ਥੀਸਿਸ ਪ੍ਰਵਾਨ ਨਹੀਂ ਚੜ੍ਹ ਸਕਦਾ। ਇਸ ਲਈ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਚ ਅਜ਼ਮਾਇਸ਼ ਸ਼ੁਰੂ ਕੀਤੀ। ਉਨ੍ਹਾਂ ਨੂੰ ਇਕ ਜਾਟਵ ਨੇਤਾ ਦੀ ਭਾਲ ਸੀ (ਉੱਤਰ ਪ੍ਰਦੇਸ਼ ਦੀ ਅਨੁਸੂਚਿਤ ਜਾਤੀਆਂ 'ਚ 70 ਫ਼ੀਸਦੀ ਜਾਟਵ ਹੀ ਹਨ), ਜੋ ਉਨ੍ਹਾਂ ਦੇ ਬਾਮਸੇਫ਼ ਅਤੇ ਡੀ.ਐਸ.-ਫ਼ੋਰ ਦੇ ਸਹਿਯੋਗੀਆਂ ਵਿਚ ਨਹੀਂ ਸਨ। ਇਸ ਭਾਲ ਵਿਚ ਉਨ੍ਹਾਂ ਦੇ ਹੱਥ ਮਾਇਆਵਤੀ ਲੱਗੀ, ਜੋ ਅੱਜ 'ਭੈਣਜੀ' ਦੇ ਰੂਪ ਵਿਚ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਹੈ।

ਪਰ ਕੀ ਬਹੁਜਨ ਥੀਸਿਸ ਦੇ ਸ਼ੀਸ਼ੇ ਵਿਚੋਂ ਦੇਖਣ 'ਤੇ ਉਨ੍ਹਾਂ ਨੂੰ ਕਾਂਸ਼ੀ ਰਾਮ ਦਾ ਉੱਤਰਾਧਿਕਾਰੀ ਮੰਨਿਆ ਜਾ ਸਕਦਾ ਹੈ? ਕਾਂਸ਼ੀ ਰਾਮ ਨੇ ਜਾਟਵਾਂ ਦੀ ਅਗਵਾਈ 'ਚ ਹੋਰ ਦਲਿਤ ਜਾਤੀਆਂ, ਅਤਿ ਪੱਛੜੀਆਂ ਅਤੇ ਗ਼ਰੀਬ ਮੁਸਲਮਾਨਾਂ ਨੂੰ ਜੋੜ ਕੇ ਇਕ ਬਹੁਜਨ ਗੁਲਦਸਤਾ ਬਣਾਇਆ ਸੀ। ਮਾਇਆਵਤੀ ਵਲੋਂ ਪਿਛਲੇ ਸਾਲ 'ਚ ਜਿਸ ਸ਼ੈਲੀ ਦੀ ਰਾਜਨੀਤੀ ਕੀਤੀ ਗਈ, ਉਸ ਦੇ ਸਮੁੱਚੇ ਨਤੀਜਿਆਂ ਕਾਰਨ ਅੱਜ ਉਨ੍ਹਾਂ ਦੇ ਨਾਲ ਨਾ ਤਾਂ ਅਤਿ ਪੱਛੜੇ ਹਨ ਨਾ ਹੀ ਮੁਸਲਮਾਨ। ਇਹ ਵੋਟਾਂ ਉਨ੍ਹਾਂ ਨੂੰ ਉਦੋਂ ਮਿਲਦੀਆਂ ਹਨ, ਜਦੋਂ ਉਹ ਇਨ੍ਹਾਂ 'ਚੋਂ ਕਿਸੇ ਨੂੰ ਟਿਕਟ ਦਿੰਦੀ ਹੈ। ਜਾਟਵ ਵੋਟਰ ਅੱਜ ਵੀ ਹਾਥੀ 'ਤੇ ਬਟਨ ਦਬਾਉਂਦੇ ਹਨ, ਪਰ ਜੇਕਰ ਮਾਇਆਵਤੀ ਇਸੇ ਤਰ੍ਹਾਂ ਚੋਣਾਂ ਦੀ ਹੋੜ ਵਿਚ ਮੁੱਖ ਖਿਡਾਰੀ ਬਣਨ ਤੋਂ ਖੁੰਝਦੀ ਰਹੀ ਤਾਂ ਅਗਲੀਆਂ ਚੋਣਾਂ 'ਚ ਉਹ ਆਪਣੀ ਵੋਟ ਬਰਬਾਦ ਕਰਨ ਤੋਂ ਬਚਣ ਬਾਰੇ ਸੋਚਣ ਲੱਗਣਗੇ। ਜਾਟਵ ਵੋਟਰਾਂ 'ਚ ਇਹ ਰੁਝਾਨ ਪੈਦਾ ਹੁੰਦਿਆਂ ਹੀ ਮਾਇਆਵਤੀ ਦਾ ਰਾਜਨੀਤਕ ਸਫ਼ਰ ਪਤਨ ਵੱਲ ਵਧਣਾ ਸ਼ੁਰੂ ਹੋ ਜਾਵੇਗਾ। 2007 'ਚ ਇਕੱਲਿਆਂ ਆਪਣੇ ਦਮ 'ਤੇ ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਦਾ ਗ੍ਰਾਫ਼ ਲਗਾਤਾਰ ਨਿਵਾਣ ਵੱਲ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਬੋਝੇ ਵਿਚ ਪੰਦਰਾਂ ਤੋਂ ਵੀਹ ਫ਼ੀਸਦੀ ਵੋਟਾਂ ਹੀ ਬਾਕੀ ਬਚਦੀਆਂ ਹਨ। ਅਸੀਂ ਜਾਣਦੇ ਹਾਂ ਕਿ ਸਨਮਾਨਜਨਕ ਸੰਖਿਆ 'ਚ ਸੀਟਾਂ ਮਿਲਣਾ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਕਿਸੇ ਦੀਆਂ ਵੋਟਾਂ ਵੀਹ ਫ਼ੀਸਦੀ ਤੋਂ ਉੱਪਰ ਹੋ ਜਾਂਦੀਆਂ ਹਨ। ਬਸਪਾ ਨੇ ਸ਼ੁਰੂ ਤੋਂ ਹੀ ਅੰਦੋਲਨ ਦੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਕੀਤਾ। ਉਹ ਇਕ 'ਸੇਫੋਕ੍ਰੇਟਿਕ' ਭਾਵ ਸ਼ੁੱਧ ਰੂਪ ਨਾਲ ਚੋਣ ਸਰਗਰਮੀ 'ਤੇ ਨਿਰਭਰ ਰਹਿਣ ਵਾਲੀ ਪਾਰਟੀ ਰਹੀ ਹੈ। ਜੇਕਰ ਅਜਿਹੀ ਪਾਰਟੀ ਦੀ ਨੇਤਾ ਚੋਣਾਂ ਦੌਰਾਨ ਵੀ ਢਿੱਲੇਪਣ ਦੀ ਸਥਿਤੀ ਵਿਚ ਰਹੇਗੀ ਜਾਂ ਗ਼ੈਰ-ਸਰਗਰਮ ਰਹੇਗੀ ਤਾਂ ਉਸ ਦੇ ਇਰਾਦਿਆਂ 'ਤੇ ਵੀ ਸ਼ੱਕ ਹੋਵੇਗਾ ਅਤੇ ਉਸ ਦੇ ਸੰਭਾਵਿਤ ਹਸ਼ਰ 'ਤੇ ਅਫ਼ਸੋਸ ਵੀ। ਬੀ.ਬੀ.ਸੀ. ਦਾ ਉਹ ਵੀਡੀਓ ਕਲਿੱਪ ਜਿਸ ਕਿਸੇ ਨੇ ਦੇਖਿਆ ਹੈ (ਇਸ 'ਚ ਮਾਇਆਵਤੀ ਕਹਿ ਰਹੀ ਹੈ ਕਿ ਉਨ੍ਹਾਂ ਦੇ ਲੋਕ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਨੂੰ ਵੀ ਵੋਟਾਂ ਦੇ ਸਕਦੇ ਹਨ), ਉਹ ਚੱਕਰ 'ਚ ਪੈ ਜਾਂਦਾ ਹੈ ਕਿ ਆਖ਼ਰਕਾਰ ਭੈਣਜੀ ਚਾਹੁੰਦੀ ਕੀ ਹੈ?

ਮਾਇਆਵਤੀ ਦੀਆਂ ਇਨ੍ਹਾਂ ਅਨਿਸਚਿਤਤਾਵਾਂ ਦੀ ਝਲਕ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਚੋਣ ਰਣਨੀਤੀ 'ਚ ਵੀ ਦੇਖੀ ਜਾ ਸਕਦੀ ਹੈ। ਮੀਡੀਆ ਮੰਚਾਂ 'ਤੇ ਸਰਗਰਮ ਭਾਜਪਾ ਰੁਝਾਨ ਵਾਲੇ ਟਿੱਪਣੀਕਾਰਾਂ ਅਤੇ ਭਾਜਪਾ ਆਗੂਆਂ ਦੇ ਬਿਆਨਾਂ ਤੋਂ ਪਹਿਲਾਂ ਤਾਂ ਇਹ ਦਿਖਾਉਣ ਦੀ ਕੋਸ਼ਿਸ਼ ਹੋਈ ਕਿ ਲੜਾਈ ਸਿੱਧੀ ਸਮਾਜਵਾਦੀ ਪਾਰਟੀ ਅਤੇ ਭਾਜਪਾ ਵਿਚ ਹੈ। ਟੀਚਾ ਇਹ ਸੀ ਕਿ ਗ਼ੈਰ-ਜਾਟਵ ਵੋਟਾਂ ਨੂੰ ਆਪਣੇ ਵੱਲ ਖਿੱਚਣ ਦੀ ਸੁਵਿਧਾ ਮਿਲੇ। ਪਰ ਜਦੋਂ ਭਾਜਪਾ ਨੇ ਦੇਖਿਆ ਕਿ ਗ਼ੈਰ-ਜਾਟਵ ਵੋਟਾਂ ਸਿਰਫ਼ ਉਸ ਨੂੰ ਨਹੀਂ ਸਮਾਜਵਾਦੀ ਪਾਰਟੀ ਨੂੰ ਵੀ ਮਿਲਣ ਵਾਲੀਆਂ ਹਨ ਅਤੇ ਉਸ ਨੂੰ ਇਹ ਵੀ ਲੱਗਾ ਕਿ ਮਾਇਆਵਤੀ ਦੇ ਦੌੜ 'ਚ ਰਹਿਣ ਕਾਰਨ ਕੁਝ ਭਾਜਪਾ-ਵਿਰੋਧੀ ਜਾਟਵ ਵੋਟਾਂ ਵੀ ਸਮਾਜਵਾਦੀ ਪਾਰਟੀ ਵੱਲ ਜਾ ਸਕਦੀਆਂ ਹਨ ਤਾਂ ਮੀਡੀਆ ਮੰਚਾਂ 'ਤੇ ਬਸਪਾ ਦੀ 'ਤਾਕਤ' ਨੂੰ ਘੱਟ ਨਾ ਸਮਝਣ ਦੀਆਂ ਚਿਤਾਵਨੀਆਂ ਦਰਜ ਕਰਵਾਈਆਂ ਜਾਣ ਲੱਗੀਆਂ।

ਇਹ ਸੰਖੇਪ ਵਿਸ਼ਲੇਸ਼ਣ ਦੱਸਦਾ ਹੈ ਕਿ ਦਲਿਤ ਰਾਜਨੀਤੀ ਦੀ ਹੋਂਦ ਬਰਕਰਾਰ ਰਹਿਣ ਦੇ ਬਾਵਜੂਦ ਅੱਜ ਉਸ ਤਰ੍ਹਾਂ ਦੀ ਨਹੀਂ ਰਹਿ ਗਈ ਹੈ, ਜਿਸ ਤਰ੍ਹਾਂ ਦੀ ਉਹ ਸ਼ੁਰੂਆਤ ਵਿਚ ਸੀ ਜਾਂ ਜਿਵੇਂ ਉਸ ਦੀ ਵਿਚਾਰਕ ਰੂਪ ਨਾਲ ਕਲਪਨਾ ਕੀਤੀ ਗਈ ਸੀ। ਅੱਜ ਦੀ ਤਰੀਕ 'ਚ ਦਲਿਤ ਨਾਂਅ ਦੀ ਛਤਰੀ ਹੇਠਾਂ ਖੜ੍ਹੀਆਂ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਦੀਆਂ ਪਹਿਲਕਦਮੀਆਂ ਬਾਰੇ ਕੁਝ ਵੀ ਯਕੀਨੀ ਨਹੀਂ ਰਹਿ ਗਿਆ ਹੈ। ਅੰਬੇਡਕਰਵਾਦੀਆਂ ਬਹੁਜਨਵਾਦੀਆਂ ਦਾ ਪ੍ਰਾਜੈਕਟ ਦਿਨ ਢਲਣ ਵਾਂਗ ਦਿਖਾਈ ਦੇ ਰਿਹਾ ਹੈ। ਅਜਿਹੇ 'ਚ ਕਾਂਗਰਸ ਵਲੋਂ ਕਾਂਸ਼ੀ ਰਾਮ ਦੀ ਸਿਆਸੀ ਵਿਰਾਸਤ ਜ਼ਰੀਏ ਦਲਿਤ ਵੋਟਾਂ ਦੀ ਗੋਲਬੰਦੀ ਦੀ ਕੋਸ਼ਿਸ਼ ਕਰਨਾ ਇਕ ਦਿਲਚਸਪ ਰਣਨੀਤੀ ਹੈ। ਇਹ ਕਿੰਨੀ ਸਫਲ ਹੋਵੇਗੀ, ਕਿੰਨੀ ਅਸਫਲ ਇਹ ਇਸ ਗੱਲ 'ਤੇ ਨਿਰਭਰ ਹੈ ਕਿ ਮਾਇਆਵਤੀ ਅਤੇ ਬਸਪਾ ਵਲੋਂ ਇਸ ਦੀ ਪ੍ਰਤੀਕਿਰਿਆ ਵਿਚ ਕੀ ਕਦਮ ਚੁੱਕੇ ਜਾਂਦੇ ਹਨ। ਫ਼ਿਲਹਾਲ ਮਾਇਆਵਤੀ ਦੀ ਰਾਜਨੀਤਕ ਗ਼ੈਰ-ਸਰਗਰਮੀ ਅਤੇ ਰਣਨੀਤਕ ਰੂਪ ਨਾਲ ਭਾਜਪਾ ਸਮਰਥਕ ਰੁਝਾਨ ਉਨ੍ਹਾਂ ਦੇ ਭਵਿੱਖ ਨੂੰ ਕਮਜ਼ੋਰ ਕਰ ਰਹੇ ਹਨ।

 

ਅਭੈ ਕੁਮਾਰ ਦੂਬੇ

ਲੇਖਕ ਅੰਬੇਡਕਰ ਵਿਸ਼ਵ ਯੂਨੀਵਰਸਿਟੀ, ਦਿੱਲੀ 'ਚ ਪ੍ਰੋਫੈਸਰ ਅਤੇ ਭਾਰਤੀ