ਬੰਗਾਲ ਵਿੱਚ ਮਮਤਾ ਖਿਲਾਫ ਇੱਕਮਿੱਕ ਹੋਏ ਖੱਬੇਪੱਖੀ ਅਤੇ ਹਿੰਦੁਤਵੀ

ਬੰਗਾਲ ਵਿੱਚ ਮਮਤਾ ਖਿਲਾਫ ਇੱਕਮਿੱਕ ਹੋਏ ਖੱਬੇਪੱਖੀ ਅਤੇ ਹਿੰਦੁਤਵੀ

ਕਲਕੱਤਾ: ਪੱਛਮੀ ਬੰਗਾਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ (ਹਿੰਦੁਤਵੀ) ਤੇ ਸੀਪੀਐੱਮ (ਖੱਬੇਪੱਖੀ) ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੂੰ ਇਕ ਪੱਤਰ ਲਿਖ ਕੇ ਮਰੀਜ਼ਾਂ ਦੀ ਸਾਂਭ-ਸੰਭਾਲ ਕੀਤੇ ਜਾਣ ਦੀ ਅਪੀਲ ਕੀਤੀ ਹੈ। 

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਹੜਤਾਲ ’ਤੇ ਗਏ ਜੂਨੀਅਰ ਡਾਕਟਰਾਂ ਨੂੰ ਚਾਰ ਘੰਟਿਆਂ ਦੀ ਮੋਹਲਤ ਦਿੰਦਿਆਂ ਹੁਕਮਾਂ ’ਤੇ ਅਮਲ ਨਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਉਧਰ ਹੜਤਾਲੀ ਡਾਕਟਰ ਸਰਕਾਰੀ ਹਸਪਤਾਲਾਂ ’ਚ ਸੁਰੱਖਿਆ ਦੇਣ ਸਬੰਧੀ ਉਨ੍ਹਾਂ ਦੀ ਮੰਗ ਪੂਰੀ ਹੋਣ ਤਕ ਹੜਤਾਲ ਜਾਰੀ ਰੱਖਣ ਲਈ ਬਜ਼ਿੱਦ ਹਨ। ਇਸ ਦੌਰਾਨ ਦਿੱਲੀ ਵਿੱਚ ਏਮਜ਼ ਦੇ ਰੈਜ਼ੀਡੈਂਟ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਦੀ ਹਮਾਇਤ ’ਚ ਸੰਕੇਤਕ ਪ੍ਰਦਰਸ਼ਨ ਵਜੋਂ ਸਿਰਾਂ ’ਤੇ ਪੱਟੀਆਂ ਬੰਨ੍ਹੀਆਂ ਤੇ ਭਲਕੇ ਸ਼ੁੱਕਰਵਾਰ ਨੂੰ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਰਾਜਪਾਲ ਕੇਸਰੀ ਨਾਥ ਤਿ੍ਰਪਾਠੀ ਨੇ ਡਾਕਟਰਾਂ ਨੂੰ ਕੰਮ ਉੱਤੇ ਪਰਤ ਆਉਣ ਦੀ ਅਪੀਲ ਕੀਤੀ ਹੈ।

ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹੜਤਾਲ ਕਰਕੇ ਰਾਜ ਦੇ ਕਈ ਹਿੱਸਿਆਂ ਵਿੱਚ ਮੈਡੀਕਲ ਸੇਵਾਵਾਂ ਅਸਰਅੰਦਾਜ਼ ਹੋਣ ਮਗਰੋਂ ਮੁੱਖ ਮੰਤਰੀ ਬੈਨਰਜੀ ਅੱਜ ਸਵੇਰੇ ਐਸਐਸਕੇਐਮ ਸਰਕਾਰੀ ਹਸਪਤਾਲ ਪੁੱਜ ਗਏ। ਉਨ੍ਹਾਂ ਪੁਲੀਸ ਨੂੰ ਕਹਿ ਕੇ ਹਸਪਤਾਲ ਅੰਦਰ ਮਰੀਜ਼ਾਂ ਤੋਂ ਛੁੱਟ ਕਿਸੇ ਵੀ ਬਾਹਰੀ ਵਿਅਕਤੀ ਦੇ ਆਉਣ ’ਤੇ ਰੋਕ ਲਾ ਦਿੱਤੀ। 

ਬੀਬੀ ਬੈਨਰਜੀ ਨੇ ਕਿਹਾ ਕਿ ਜੂਨੀਅਰ ਡਾਕਟਰਾਂ ਦੀ ਹੜਤਾਲ ਰਵਾਇਤੀ ਪਾਰਟੀਆਂ ਦੀ ਸਾਜ਼ਿਸ਼ ਦਾ ਹਿੱਸਾ ਹੈ। ਮੁੱਖ ਮੰਤਰੀ, ਜਿਨ੍ਹਾਂ ਕੋਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੀ ਹੈ, ਨੇ ਕਿਹਾ ਕਿ ਬਾਹਰੀ ਲੋਕ ਮੈਡੀਕਲ ਕਾਲਜਾਂ ਤੇ ਹਸਪਤਾਲਾਂ ’ਚ ਦਾਖ਼ਲ ਹੋ ਕੇ ਕੰਮ ਵਿੱਚ ਅੜਿੱਕੇ ਡਾਹ ਰਹੇ ਹਨ। 

ਮੁੱਖ ਮੰਤਰੀ ਨੇ ਸੀਨੀਅਰ ਡਾਕਟਰਾਂ ਨੂੰ ਕੀਤੀ ਅਪੀਲ ਵਿੱਚ ਕਿਹਾ, ‘ਕ੍ਰਿਪਾ ਕਰਕੇ ਸਾਰੇ ਮਰੀਜ਼ਾਂ ਦੀ ਸੰਭਾਲ ਕੀਤੀ ਜਾਵੇ। ਜੇਕਰ ਸਾਰੇ ਹਸਪਤਾਲਾਂ ਦਾ ਕੰਮਕਾਜ ਸੁਖਾਲਾ ਤੇ ਅਮਨ ਨਾਲ ਚਲਦਾ ਹੈ ਤਾਂ ਮੈਂ ਮਾਣ ਮਹਿਸੂਸ ਕਰਨ ਦੇ ਨਾਲ ਤੁਹਾਡੀ ਧੰਨਵਾਦੀ ਹੋਵਾਂਗੀ।’ 

ਕਾਬਿਲੇਗੌਰ ਹੈ ਕਿ ਕੋਲਕਾਤਾ ਦੇ ਐਨਆਰਐਸ ਹਸਪਤਾਲ ਵਿੱਚ ਇਕ ਮਰੀਜ਼ ਦੀ ਮੌਤ ਤੋਂ ਬਾਅਦ ਤਿਮਾਰਦਾਰਾਂ ਵੱਲੋਂ ਕੁਝ ਡਾਕਟਰਾਂ ’ਤੇ ਕੀਤੇ ਹਮਲੇ ਮਗਰੋਂ ਜੂਨੀਅਰ ਡਾਕਟਰ ‘ਇਨਸਾਫ਼ ਦੀ ਮੰਗ’ ਨੂੰ ਲੈ ਕੇ ਮੰਗਲਵਾਰ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਕਰਕੇ ਰਾਜ ਦੇ ਕਈ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਅਤੇ ਕੁਝ ਨਿੱਜੀ ਹਸਪਤਾਲਾਂ ਵਿੱਚ ਐਮਰਜੈਂਸੀ ਸਮੇਤ ਹੋਰ ਸੇਵਾਵਾਂ ਪਿਛਲੇ ਦੋ ਦਿਨਾਂ ਤੋਂ ਬੰਦ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ