ਧੂਰੀ ਬਲਾਤਕਾਰ ਮਾਮਲੇ 'ਚ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਕਮੇਟੀ ਦੇ ਦੋ ਮੈਂਬਰ ਗ੍ਰਿਫਤਾਰ

ਧੂਰੀ ਬਲਾਤਕਾਰ ਮਾਮਲੇ 'ਚ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਕਮੇਟੀ ਦੇ ਦੋ ਮੈਂਬਰ ਗ੍ਰਿਫਤਾਰ
ਧੂਰੀ ਥਾਣੇ ਬਾਹਰ ਮੁਜ਼ਾਹਰਾ ਕਰਦੇ ਹੋਏ ਲੋਕ

ਸੰਗਰੂਰ: ਇੱਥੇ ਕਸਬਾ ਧੂਰੀ ਵਿੱਚ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵੱਲੋਂ ਬਲਾਤਕਾਰ ਕਰਨ ਦੇ ਮਾਮਲੇ 'ਚ ਬੀਤੇ ਕੱਲ੍ਹ ਵੀ ਲੋਕਾਂ ਦਾ ਪ੍ਰਦਰਸ਼ਨ ਜਾਰੀ ਰਿਹਾ ਤੇ ਸ਼ਾਮ ਨੂੰ ਸਕੂਲ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕੀ ਬੋਰਡ ਦੇ ਦੋ ਮੈਂਬਰਾਂ ਦਾ ਨਾਂ ਐੱਫ.ਆਈ.ਆਰ ਵਿੱਚ ਦਰਜ ਹੋਣ ਅਤੇ ਗ੍ਰਿਫਤਾਰੀਆਂ ਹੋਣ ਮਗਰੋਂ ਹੀ ਲੋਕਾਂ ਨੇ ਧਰਨਾ ਚੁੱਕਿਆ। 

ਦੱਸ ਦਈਏ ਕਿ ਇੱਥੋਂ ਦੇ ਇੱਕ ਨਿਜੀ ਸਕੂਲ ਵਿੱਚ ਸ਼ਨੀਵਾਰ ਨੂੰ ਸਕੂਲ ਬੱਸ ਦੇ ਕੰਡਕਟਰ ਕਮਲ ਕੁਮਾਰ ਨੇ ਚਾਰ ਸਾਲਾਂ ਦੀ ਵਿਦਿਆਰਥਣ ਬੱਚੀ ਨਾਲ ਬਲਾਤਕਾਰ ਕੀਤਾ ਸੀ। ਇਸ ਸਬੰਧੀ ਜਦੋਂ ਮਾਪਿਆਂ ਨੂੰ ਪਤਾ ਲੱਗਾ ਤਾਂ ਬੱਚੀ ਨੂੰ ਧੂਰੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਧੂਰੀ ਪੁਲਿਸ ਥਾਣੇ ਬਾਹਰ ਲੋਕਾਂ ਦਾ ਹਜ਼ੂਰ ਇਕੱਠਾ ਹੋ ਗਿਆ। 

ਹਸਪਤਾਲ ਵੱਲੋਂ ਬੱਚੀ ਨਾਲ ਹੋਈ ਇਸ ਘਟਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਕਮਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਧਰਨਾਕਾਰੀ ਲੋਕ ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕੀ ਕਮੇਟੀ ਦੇ ਕੁੱਝ ਮੈਂਬਰਾਂ ਵੱਲੋਂ ਮਾਮਲੇ ਨੂੰ ਦਬਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ। 

ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਬਾਰੇ ਪੰਜਾਬ ਰਾਜ ਕਮਿਸ਼ਨ ਨੇ ਸੰਗਰੂਰ ਦੇ ਐੱਸ.ਐੱਸ.ਪੀ ਤੋਂ ਇਸ ਘਟਨਾ ਦੀ ਵਿਸਤਾਰਤ ਰਿਪੋਰਟ ਮੰਗੀ ਹੈ।

ਇਸਤਰੀ ਜਾਗ੍ਰਿਤੀ ਮੰਚ ਵੱਲੋਂ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। 

ਅਦਾਲਤ ਨੇ ਮੁੱਖ ਦੋਸ਼ੀ ਕਮਲ ਕੁਮਾਰ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਸਥਾਨਕ ਅਦਾਲਤ ਦੇ ਵਕੀਲਾਂ ਨੇ ਉਸਦਾ ਕੇਸ ਲੜਨ ਤੋਂ ਨਾਹ ਕਰ ਦਿੱਤੀ ਹੈ।

ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਬੱਚਿਆਂ ਨੂੰ ਸਕੂਲੋਂ ਹਟਾ ਕਿਸੇ ਹੋਰ ਸਕੂਲ ਦਾਖਲ ਕਰਵਾਉਣ ਲੱਗੇ ਹਨ ਤੇ ਇਸ ਲਈ ਉਹਨਾਂ ਪ੍ਰਸ਼ਾਸਨ ਦੀ ਮਦਦ ਮੰਗੀ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ