"ਦਾਸਤਾਨ-ਏ-ਮੀਰੀ ਪੀਰੀ" ਫਿਲਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਮਿਲੀ ਪ੍ਰਵਾਨਗੀ; ਕਮੇਟੀ ਦੀ ਮੀਟਿੰਗ 29 ਨੂੰ

ਗੁਰੂ ਸਾਹਿਬ ਨੂੰ ਕਾਰਟੂਨ ਬਣਾ ਕੇ ਵਖਾਉਂਦੀ ਫਿਲਮ ਦੀ ਇੱਕ ਝਲਕ

ਅੰਮ੍ਰਿਤਸਰ: ਸਿੱਖ ਸੰਗਤਾਂ ਵੱਲੋਂ ਸ਼ੁਰੂ ਹੋਏ ਵਿਰੋਧ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੱਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਨੂੰ ਕਾਰਟੂਨ ਬਣਾ ਕੇ ਪੇਸ਼ ਕਰ ਰਹੀ ਫਿਲਮ "ਦਾਸਤਾਨ-ਏ-ਮੀਰੀ ਪੀਰੀ" ਬਾਰੇ ਚੁੱਪੀ ਤੋੜੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਐਤਵਾਰ ਵਾਲੇ ਦਿਨ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਫਿਲਮ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਨੂੰ ਇਸ ਫਿਲਮ ਸਬੰਧੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। 

ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਇਸ 'ਤੇ ਕਾਰਵਾਈ ਕਰਦਿਆਂ 29 ਮਈ ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਬ ਕਮੇਟੀ ਦੀ ਇਕੱਤਰਤਾ ਰੱਖ ਲਈ ਗਈ ਹੈ। ਇਸ ਇਕੱਤਰਤਾ ਵਿੱਚ ਇਹ ਸਬ ਕਮੇਟੀ ਫਿਲਮ ਦੀ ਮੁਕੰਮਲ ਘੋਖ ਪੜਤਾਲ ਕਰਕੇ ਇਸ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ। 

ਗਿਆਨੀ ਹਰਪ੍ਰੀਤ ਸਿੰਘ

ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹਨਾਂ ਫਿਲਮ ਦਾਸਤਾਨ-ਏ-ਮੀਰੀ ਪੀਰੀ ਦੇ ਨਿਰਮਾਤਾਵਾਂ ਨੂੰ ਫਿਲਮ ਜਾਰੀ ਕਰ ਤੋਂ ਪਹਿਲਾਂ ਪ੍ਰਵਾਨਗੀ ਲੈਣ ਲਈ ਕਿਹਾ ਸੀ। ਇਸ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਦੇ ਲੈਟਰ ਹੈੱਡ 'ਤੇ ਲਿਖਿਆ 7 ਮਈ, 2019 ਦਾ ਇੱਕ ਸੁਨੇਹਾ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਰਣਜੀਤ ਸਿੰਘ ਨੇ ਫਿਲਮ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਗੁਰੂ ਹਰਗੋਬਿੰਦ ਜੀ ਨੂੰ ਕਾਰਟੂਨ ਵਜੋਂ ਦਿਖਾਇਆ ਜਾ ਰਿਹਾ ਹੈ, ਜੋ ਕਿ ਵਾਜਿਬ ਨਹੀਂ ਹੈ।

ਇਸ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਪੂਰੀ ਫਿਲਮ ਨਾ ਭੇਜਣ ਕਾਰਨ ਉਹਨਾਂ ਦਾ ਮਾਮਲਾ ਰਿਵਿਊ ਪੈਨਲ ਕੋਲ ਨਹੀਂ ਭੇਜਿਆ ਜਾ ਰਿਹਾ ਤੇ ਬਿਨ੍ਹਾਂ ਪੂਰੀ ਫਿਲਮ ਦੇਖਿਆਂ ਫਿਲਮ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।

ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਰਣਜੀਤ ਸਿੰਘ ਨੇ ਇਸ ਚਿੱਠੀ ਦੇ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।

ਰਣਜੀਤ ਸਿੰਘ ਨੇ ਕਿਹਾ ਕਿ ਫਿਲਮ ਨਿਰਮਾਤਾਵਾਂ ਨੇ ਬਿਨ੍ਹਾ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਤੋਂ ਅਤੇ ਇਤਰਾਜ਼ ਹੋਣ ਦੇ ਬਾਵਜੂਦ ਇਸ ਫਿਲਮ ਦਾ ਪਰੋਮੋ ਜਾਰੀ ਕੀਤਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ