ਉਮਰਾਨੰਗਲ ਵੱਲੋਂ ਬਣਾਏ ਝੂਠੇ ਮੁਕਾਬਲੇ ਦੀ ਜਾਂਚ ਕਰ ਰਹੇ ਡੀਜੀਪੀ ਦੀ ਹਾਈ ਕੋਰਟ ਨੂੰ ਗੁਹਾਰ; ਸਰਕਾਰ ਨਹੀਂ ਕਰਨ ਦੇ ਰਹੀ ਜਾਂਚ

ਉਮਰਾਨੰਗਲ ਵੱਲੋਂ ਬਣਾਏ ਝੂਠੇ ਮੁਕਾਬਲੇ ਦੀ ਜਾਂਚ ਕਰ ਰਹੇ ਡੀਜੀਪੀ ਦੀ ਹਾਈ ਕੋਰਟ ਨੂੰ ਗੁਹਾਰ; ਸਰਕਾਰ ਨਹੀਂ ਕਰਨ ਦੇ ਰਹੀ ਜਾਂਚ
ਡੀਜੀਪੀ ਸਿਧਾਰਥ ਚੱਟੋਪਾਧਿਆ

ਚੰਡੀਗੜ੍ਹ: ਵਿਵਾਦਿਤ ਪੁਲਿਸ ਅਫਸਰ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਸਿੱਖ ਨੌਜਵਾਨ ਦੇ ਬਣਾਏ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਕਰ ਰਹੇ ਪੰਜਾਬ ਪੁਲਿਸ ਦੇ ਡੀਜੀਪੀ ਸਿਧਾਰਥ ਚੱਟੋਪਾਧਿਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਤਫਤੀਸ਼ ਕਰਨ ਲਈ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੁਰਦਾਸਪੁਰ ਦੇ ਨਿਵਾਸੀ ਸੁਖਪਾਲ ਸਿੰਘ ਦੇ 25 ਸਾਲ ਪੁਰਾਣੇ ਝੂਠੇ ਮੁਕਾਬਲੇ ਦੇ ਇਸ ਮਾਮਲੇ ਵਿੱਚ ਵਿੱਚ ਐੱਸਆਈਟੀ ਨਿਯੁਕਤ ਕੀਤੀ ਸੀ ਜਿਸ ਦੇ ਚੇਅਰਮੈਨ ਸਿਧਾਰਥ ਚਟੋਪਾਧਿਆ ਨੂੰ ਲਗਾਇਆ ਗਿਆ ਸੀ। ਚੱਟੋਪਾਧਿਆ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਉਹ ਇੱਕ ਸੀਨੀਅਰ ਡੀਜੀਪੀ ਰੈਂਕ ਦੇ ਅਫ਼ਸਰ ਹਨ, ਪਰ ਇਸ ਦੇ ਮੁਤਾਬਕ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।


ਪਰਮਰਾਜ ਸਿੰਘ ਉਮਰਾਨੰਗਲ

ਚੱਟੋਪਾਧਿਆ ਇਸ ਸਮੇਂ ਪਟਿਆਲਾ ਵਿੱਚ ਪੀਐੱਸਪੀਸੀਐੱਲ ਦੇ ਡੀਜੀਪੀ ਵਜੋਂ ਨਿਯੁਕਤ ਹਨ। ਝੂਠੇ ਪੁਲਿਸ ਮੁਕਾਬਲੇ ਦੀ ਤਫਤੀਸ਼ ਕਰਨ ਲਈ ਉਨ੍ਹਾਂ ਕੋਲ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਛੋਟਾ ਕੈਂਪ ਆਫਿਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਫਤੀਸ਼ ਕਰਨ ਲਈ ਉਨ੍ਹਾਂ ਕੋਲ ਨਾ ਤਾਂ ਅਫ਼ਸਰ ਤੇ ਨਾ ਹੀ ਆਵਾਜਾਈ ਦੇ ਸਾਧਨ ਮੌਜੂਦ ਹਨ। ਉਨ੍ਹਾਂ ਕਿਹਾ ਕਿ ਬਿਨਾਂ ਸਾਧਨਾਂ ਤੋਂ ਤਫਤੀਸ਼ ਮੁਕੰਮਲ ਕਰਨੀ ਸੰਭਵ ਨਹੀਂ ਹੈ।

ਪੰਜਾਬ ਦੇ ਦਰਦਨਾਕ ਦੌਰ ਦਾ ਇੱਕ ਅਹਿਮ ਮਾਮਲਾ:
ਜਿਸ ਮਾਮਲੇ ਦੀ ਜਾਂਚ ਦਾ ਜਿੰਮਾ ਚੱਟੋਪਾਧਿਆ ਨੂੰ ਦਿੱਤਾ ਗਿਆ ਹੈ ਉਹ ਪੰਜਾਬ ਦੇ ਦਰਦਨਾਕ ਦੌਰ ਦਾ ਇੱਕ ਅਹਿਮ ਮਾਮਲਾ ਹੈ ਜੋ ਪੰਜਾਬ ਵਿੱਚ ਚੱਲੇ ਪੁਲਸੀਆ ਅੱਤਵਾਦ ਦਾ ਜਿਉਂਦਾ ਜਾਗਦਾ ਸਬੂਤ ਹੈ। 


ਗੁਰਜੰਟ ਸਿੰਘ ਬੰਡਾਲਾ

ਅਗਸਤ 1994 ਵਿੱਚ ਰੋਪੜ ਦੇ ਡੀਐੱਸਪੀ ਪਰਮਰਾਜ ਸਿੰਘ ਉਮਰਾਨੰਗਲ ਨੇ ਇੱਕ ਮੁਕਾਬਲੇ ਵਿੱਚ ਨਾਮੀਂ ਸਿੱਖ ਖਾੜਕੂ ਗੁਰਨਾਮ ਸਿੰਘ ਬੰਡਾਲਾ ਨੂੰ ਕਤਲ ਕਰਨ ਦਾ ਦਾਅਵਾ ਕੀਤਾ ਸੀ। ਇਸ ਮੁਕਾਬਲੇ ਤੋਂ ਬਾਅਦ ਬੰਡਾਲਾ ਦੇ ਪਰਿਵਾਰ ਨੇ ਮ੍ਰਿਤਕ ਦੇਹ ਦਾ ਸੰਸਕਾਰ ਵੀ ਕਰ ਦਿੱਤਾ ਸੀ ਪਰ ਮਾਮਲੇ ਵਿੱਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਸਾਲ 1998 ਵਿੱਚ ਬਟਾਲਾ ਪੁਲਿਸ ਨੇ ਖਾੜਕੂ ਗੁਰਨਾਮ ਸਿੰਘ ਬੰਡਾਲਾ ਨੂੰ ਜਿਉਂਦਾ ਗ੍ਰਿਫਤਾਰ ਕਰ ਲਿਆ। ਇਸ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਕਿ ਪਰਮਰਾਜ ਉਮਰਾਨੰਗਲ ਨੇ ਬੰਡਾਲਾ ਦੇ ਨਾਂ 'ਤੇ ਗੁਰਦਾਸਪੁਰ ਦੇ ਕਾਲਾ ਅਫਗਾਨਾ ਪਿੰਡ ਦੇ 26 ਸਾਲਾ ਸਿੱਖ ਨੌਜਵਾਨ ਸੁਖਪਾਲ ਸਿੰਘ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਸੀ। 

ਸੁਖਪਾਲ ਸਿੰਘ ਦੇ ਲਾਪਤਾ ਹੋਣ ਬਾਰੇ ਤਿੰਨ ਸਾਲਾਂ ਦੀ ਕਾਨੂੰਨੀ ਚਾਰਾਜੋਈ ਮਗਰੋਂ ਮਾਰਚ 2016 ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਪੰਜਾਬ ਅਤੇ ਹਾਈ ਕੋਰਟ ਨੇ ਸਿੱਟ ਬਣਾਉਣ ਦਾ ਐਲਾਨ ਕੀਤਾ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ