ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਲੇਡੀਜ਼ ਅੰਡਰ ਗਾਰਮੈਂਟਸ ’ਤੇ ਛਾਪਣ ਦੀ ਕੀਤੀ ਜ਼ੋਰਦਾਰ ਨਿਖੇਧੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 30 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਵਿਚ ਲੇਡੀਜ਼ ਅੰਡਰ ਗਾਰਮੈਂਟਸ ’ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਛਾਪਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਇਹ ਗਾਰਮੈਂਟਸ ਛਾਪਣ ਤੇ ਸਪਲਾਈ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹ (ਖੰਡਾ ਸਾਹਿਬ) ਲੇਡੀਜ਼ ਅੰਡਰ ਗਾਰਮੈਂਟਸ ’ਤੇ ਛਾਪੇ ਗਏ ਹਨ। ਉਹਨਾਂ ਕਿਹਾ ਕਿ ਕਿਸੇ ਵੀ ਧਰਮ ਦੇ ਧਾਰਮਿਕ ਚਿੰਨ੍ਹਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਬੇਸ਼ੱਕ ਇਹ ਗਾਰਮੈਂਟ ਵੇਚਣ ਵਾਲੇ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਦਿੱਲੀ ਗੁਰਦੁਆਰਾ ਕਮੇਟੀ ਇਹ ਯਕੀਨੀ ਬਣਾਏਗੀ ਕਿ ਜਿਸਨੇ ਵੀ ਇਹ ਚਿੰਨ੍ਹ ਛਾਪੇ ਹਨ, ਉਸਨੂੰ ਜੇਲ੍ਹ ਭੇਜਿਆ ਜਾਵੇ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਅਜਿਹੇ ਧਾਰਮਿਕ ਚਿੰਨ੍ਹਾਂ ਦੇ ਅਪਮਾਨ ਵਾਲੇ ਵਸਤਰ ਵੇਚਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਅੱਗੇ ਲੋਕਾਂ ਨੂੰ ਵੀ ਧਾਰਮਿਕ ਚਿੰਨ੍ਹਾਂ ਦੇ ਅਪਮਾਨ ਵਾਲੇ ਵਸਤਰ ਖਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਹਨਾਂ ਨੇ ਸਰਦਾਰ ਗਗਨਦੀਪ ਸਿੰਘ ਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਹ ਕੇਸ ਦਰਜ ਕਰਵਾਇਆ ਜੋ ਧਾਰਾ 295 ਏ ਅਤੇ 506 ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਹੈ ਤੇ ਇਸ ਵਾਸਤੇ ਗੁਰਮੀਤ ਸਿੰਘ ਬੇਦੀ, ਵਕੀਲ ਕਿਰਨਜੋਤ ਤੇ ਜਸਲੀਨ ਅਤੇ ਐਡਵੋਕੇਟ ਤੇਜ ਪ੍ਰਤਾਪ ਸਿੰਘ ਦਾ ਵੀ ਧੰਨਵਾਦ ਕੀਤਾ ਜੋ ਅੱਜ ਮੁਲਜ਼ਮ ਦੀ ਅਦਾਲਤ ਵਿਚ ਪੇਸ਼ੀ ਮੌਕੇ ਹਾਜ਼ਰ ਸਨ। ਉਹਨਾਂ ਭਰੋਸਾ ਦੁਆਇਆ ਕਿ ਜਿਹਨਾਂ ਨੇ ਵੀ ਇਹ ਬੇਅਦਬੀ ਕੀਤੀ ਹੈ, ਉਹਨਾਂ ਦਾ ਜੇਲ੍ਹ ਭੇਜਣਾ ਯਕੀਨੀ ਬਣਾਇਆ ਜਾਵੇਗਾ।
Comments (0)