ਗੁਰੂ 'ਤੇ ਟੇਕ ਰੱਖ ਕੇ ਹੀ ਇਹਨਾਂ ਹਮਲਿਆਂ 'ਚੋਂ ਨਿਕਲਿਆ ਜਾਵੇਗਾ

ਗੁਰੂ 'ਤੇ ਟੇਕ ਰੱਖ ਕੇ ਹੀ ਇਹਨਾਂ ਹਮਲਿਆਂ 'ਚੋਂ ਨਿਕਲਿਆ ਜਾਵੇਗਾ

ਅਪ੍ਰੈਲ 1984 ਦੇ ਅਖੀਰਲੇ ਦਿਨਾਂ ਵਿੱਚ ਮੋਗਾ ਵਿਖੇ ..

ਸੀ.ਆਰ.ਪੀ.ਐੱਫ. ਵੱਲੋਂ ਸ਼ਹਿਰ ਦੇ ਤਿੰਨ ਗੁਰਦੁਆਰਾ ਸਾਹਿਬਾਨ - ਗੁਰਦੁਆਰਾ ਅਕਾਲਸਰ ਸਾਹਿਬ, ਗੁਰਦੁਆਰਾ ਬੀਬੀ ਕਾਹਨ ਕੌਰ ਜੀ ਅਤੇ ਗੁਰਦੁਆਰਾ ਸਿੰਘ ਸਭਾ ਨੂੰ ਘੇਰਾ ਪਾਇਆ ਗਿਆ ਅਤੇ ਸਰਕਾਰ ਨੇ ਸਖ਼ਤੀ ਕਰਦਿਆਂ ਕਰਫ਼ਿਊ ਲਗਾ ਦਿੱਤਾ। ਕਰਫ਼ਿਊ ਲੱਗਣ ’ਤੇ ਸੰਗਤ ਗੁਰਦੁਆਰਾ ਬੀਬੀ ਕਾਹਨ ਕੌਰ ਚਲੀ ਗਈ। ਪੁਲਸ ਅਤੇ ਸੀ.ਆਰ.ਪੀ.ਐੱਫ. ਦਾ ਗੁਰਦੁਆਰਾ ਸਾਹਿਬ ਨੂੰ ਘੇਰਾ ਵੀ ਸੀ ਪਰ ਸੰਗਤ ਨੂੰ ਇੱਕ ਥਾਂ ਇਕੱਠਾ ਹੋਣ ਦਿੱਤਾ ਗਿਆ। 26 ਅਪ੍ਰੈਲ ਨੂੰ ਪੁਲਸ/ਸੀ.ਆਰ.ਪੀ.ਐੱਫ ਨੇ ਅੰਨ੍ਹੇਵਾਹ ਗੋਲ਼ੀ ਚਲਾ ਦਿੱਤੀ ਜਿਸ ਨਾਲ ਭਾਈ ਗੁਰਮੇਲ ਸਿਘ ਸਰਪੰਚ (ਅਜੀਤਵਾਲ) ਸਮੇਤ 7 ਸਿੰਘ ਹੋਰ ਸ਼ਹੀਦ ਹੋਏ। ਇਹਨਾਂ ਤੋਂ ਇਲਾਵਾ ਅਨੇਕਾਂ ਸਿੰਘ ਜਖਮੀ ਹੋ ਗਏ ਸਨ। ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਨਹੀਂ ਦਿੱਤੀਆਂ ਗਈਆਂ। ਮਈ 1984 ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਿਹੰਗ ਸਿੰਘਾਂ ਦਾ ਪ੍ਰਸ਼ਾਸਨ ਨਾਲ ਕੋਈ ਮਸਲਾ ਹੋ ਗਿਆ ਸੀ ਜਿਸ ਵਿੱਚ ਚਾਰ ਨਿਹੰਗ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ। ਇਸ ਸਬੰਧੀ ਜਥੇਬੰਦੀਆਂ ਨੇ ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ਇਕੱਠ ਰੱਖਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ। ਇਸੇ ਦੌਰਾਨ ਇੱਕ ਵਾਰ ਫਿਰ ਜੂਨ ’84 ਵਿੱਚ ਕੀਤੀ ਜਾਣ ਵਾਲੀ ਕਾਰਵਾਈ ਦਾ ਅਭਿਆਸ ਕੀਤਾ ਗਿਆ। ਸੀ.ਆਰ.ਪੀ.ਐੱਫ. ਅਤੇ ਪੁਲਸ ਨੇ ਗੁਰਦੁਆਰਾ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਇਹ ਚਿਤਾਵਨੀ ਮੁੜ ਦੁਹਰਾਈ ਗਈ ਕਿ ਕਿਸੇ ਦੇ ਵੀ ਮਨ ਵਿੱਚ ਇਹ ਵਹਿਮ ਨਾ ਰਹੇ ਕਿ ਸਿੱਖਾਂ ਦੇ ਪਵਿੱਤਰ ਅਸਥਾਨ ਘੇਰੇ ਨਹੀਂ ਜਾ ਸਕਦੇ। ਸੁਭਾਵਿਕ ਹੀ ਹੈ ਕਿ ਜੋ ਕੁਝ ਵੀ ਇੱਥੇ ਕੀਤਾ ਗਿਆ ਉਸ ਦੀ ਪਰਖ ਨੂੰ ਭਵਿੱਖ ਵਿੱਚ ਵਰਤਣ ਦੀ ਮਨਸ਼ਾ ਨਾਲ ਹੀ ਕੀਤਾ ਗਿਆ।  

ਇਸ ਤੋਂ ਬਾਅਦ ਜੂਨ 1984 ਵਿੱਚ ਬਿਪਰ ਰਾਜ-ਹਉਂ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨਾਲ-ਨਾਲ ਹੋਰਨਾਂ ਗੁਰਦੁਆਰਾ ਸਾਹਿਬਾਨ 'ਤੇ ਵੱਖ-ਵੱਖ ਰੂਪਾਂ ਵਿੱਚ ਹਮਲਾ ਕੀਤਾ ਗਿਆ ਸੀ। ਸਮੇਂ ਦੇ ਤਖ਼ਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇੱਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਕ ਸਥਾਨਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ ਅਤੇ ਦੂਸਰਾ ਵਰਤਮਾਨ ਸਟੇਟ ਨੇ ਮਨੋਵਿਗਿਆਨਕ ਹਮਲਾ ਡੂੰਘਾ ਕਰਨ ਲਈ ਬਹੁਤ ਜਿਆਦਾ ਤਰੱਕੀ ਵੀ ਕਰ ਲਈ ਹੈ। ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ। ਇਹ ਲੜ੍ਹਾਈ ਮੁਕਤੀ ਦੇ ਵੱਖੋ-ਵੱਖਰੇ ਰਾਹ ਹੋਣ ਕਾਰਨ (ਭਾਵ ਧਰਮਾਂ ਦੀ ਲੜ੍ਹਾਈ) ਨਹੀਂ ਸਗੋਂ ਇਹ ਹਮਲਾ ਪਦਾਰਥਕ ਅਧਾਰ ਵਾਲੇ ਬਿਪਰ (ਅਧਰਮੀ) ਵੱਲੋਂ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਗੁਰਮੁਖਾਂ (ਧਰਮੀਆਂ) ਉੱਤੇ ਕੀਤਾ ਗਿਆ। ਇਸ ਸਭ ਕਾਸੇ 'ਚੋਂ ਸਿੱਖਾਂ ਦਾ ਵੱਡਾ ਹਿੱਸਾ ਇਸ ਕਰਕੇ ਨਿਕਲ ਆਇਆ ਕਿਉਂਕਿ ਓਹਨਾ ਦੀ ਟੇਕ ਗੁਰੂ ਸੀ। ਅੱਜ ਵੀ ਸਾਨੂੰ ਇਹ ਗੱਲ ਮਹਿਸੂਸ ਕਰਨੀ ਚਾਹੀਦੀ ਹੈ ਅਤੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਆਪਣੀ ਟੇਕ ਗੁਰੂ 'ਤੇ ਰੱਖ ਕੇ ਗੁਰੂ ਦੇ ਦੱਸੇ ਰਾਹ 'ਤੇ ਚੱਲਣ ਦੇ ਉੱਦਮ ਕਰਨੇ ਚਾਹੀਦੇ ਹਨ।  

ਅੱਜ ਉਹ ਸਮਾਂ ਹੈ ਜਦੋਂ ਰਾਜਨੀਤਕ ਤੌਰ 'ਤੇ ਹਰ ਪਾਸੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਦਿੱਲੀ ਦਰਬਾਰ ਲਗਾਤਾਰ ਸਿੱਖਾਂ ਵਿੱਚ ਪਾੜਾ ਵਧਾ ਰਿਹਾ ਹੈ। ਸਿੱਖਾਂ ਦੇ ਮਸਲਿਆਂ, ਸਿੱਖ ਦੇ ਆਪਸੀ ਮਤਭੇਦਾਂ ਅਤੇ ਅਜਿਹੇ ਮੁੱਦਿਆਂ ਜਿਨ੍ਹਾਂ 'ਤੇ ਸਿੱਖ ਇੱਕਮੱਤ ਨਹੀਂ ਹਨ, ਉਨ੍ਹਾਂ ਨੂੰ ਲਗਾਤਾਰ ਉਭਾਰਿਆ ਜਾ ਰਿਹਾ ਹੈ। ਇਸ ਸਭ ਵਿੱਚ ਵੱਡੀ ਗੱਲ ਇਹ ਵੀ ਹੈ ਕਿ ਬਦਨਾਮ ਵੀ ਸਿੱਖਾਂ ਨੂੰ ਹੀ ਕੀਤਾ ਜਾ ਰਿਹਾ ਹੈ ਅਤੇ ਲਗਾਤਰ ਸਿੱਖਾਂ ਖਿਲਾਫ ਅਜਿਹਾ ਬਿਰਤਾਂਤ ਬਣਾਇਆ ਜਾ ਰਿਹਾ ਹੈ। ਇਸ ਵਕਤ ਆਪੋ ਧਾਪੀ ਦਾ ਮਹੌਲ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਿਤ ਵਿਚ ਨਹੀਂ ਹੈ। ਸਾਨੂੰ ਅਜਿਹੇ ਹਮਲਿਆਂ 'ਚੋਂ ਨਿਕਲਣ ਲਈ ਆਪਣੀ ਰਵਾਇਤ ਦਾ ਪੱਲਾ ਫੜ੍ਹਨਾ ਪਵੇਗਾ। ਅਜੇ ਆਉਂਦੇ ਸਾਲਾਂ ਵਿੱਚ ਹਲਾਤ ਹੋਰ ਪੇਚੀਦਾ ਹੋਣੇ ਹਨ। ਸਦੀ ਪਹਿਲਾਂ ਸੰਘਰਸ਼ ਵਿੱਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਹੇਠ ਆ ਜਾਣ ਦੇ ਨਾਲ-ਨਾਲ ਕਈ ਹੋਰ ਅੰਦਰੂਨੀ ਕਮਜੋਰੀਆਂ ਦਾ ਵੀ ਸ਼ਿਕਾਰ ਹੋ ਚੁੱਕੀਆਂ ਹਨ। ਇਸ ਕਾਰਨ ਇਹ ਸਿੱਖਾਂ ਵਿੱਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾਈ ਜਾ ਰਹੀਆਂ ਹਨ। ਵਰਤਮਾਨ ਗੈਰ ਸਿਧਾਂਤਕ ਪ੍ਰਬੰਧ ਕਾਰਨ ਖਾਲਸਾ ਪੰਥ ਦੇ ਕੇਂਦਰੀ ਧੁਰੇ ਵਜੋਂ ਅਗਵਾਈ ਕਰਨ ਵਾਲੇ ਸਰਵਉੱਚ ਤੇ ਸਰਵਪਰਵਾਨਤ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਆਂਚ ਆਈ ਹੈ। ਇਸ ਤੋਂ ਇਲਾਵਾ ਸਿੱਖਾਂ ਵਿੱਚ ਆਪਸੀ ਤਾਲਮੇਲ ਵੀ ਲਗਾਤਾਰ ਘੱਟ ਰਿਹਾ ਹੈ। 

ਗੁਰਦੁਆਰਾ ਸਿੱਖਾਂ ਦੇ ਧਾਰਮਕ, ਸਮਾਜਕ, ਰਾਜਨੀਤਕ ਅਤੇ ਸਭਿਆਚਾਰਕ ਜੀਵਨ ਦਾ ਕੇਂਦਰ ਹੈ। ਗੁਰਦੁਆਰਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਤੇ ਅਕਾਲ ਦੀ ਉਸਤਤ ਹੋਵੇ, ਵਿਦਿਆਰਥੀਆਂ ਲਈ ਵਿਦਿਆਲਾ ਹੋਵੇ, ਰੋਗੀਆਂ ਲਈ ਸ਼ਫਾਖਾਨਾ ਹੋਵੇ, ਜਿੱਥੇ ਭੁੱਖਿਆਂ ਲਈ ਲੰਗਰ ਹੋਵੇ, ਜਿੱਥੇ ਰਾਹਗੀਰਾਂ ਲਈ ਵਿਸ਼ਰਾਮ/ਠਾਹਰ ਦਾ ਪ੍ਰਬੰਧ ਹੋਵੇ ਅਤੇ ਲੋੜਵੰਦ/ਮਜਲੂਮ ਲਈ ਕਿਲ੍ਹਾ ਹੋਵੇ। ਇਹ ਉਹ ਥਾਂ ਹੈ ਜਿੱਥੇ ਸੰਗਤ ਜੁੜਦੀ ਹੈ, ਬਾਣੀ ਪੜ੍ਹਦੀ ਹੈ, ਸੇਵਾ ਕਰਦੀ ਹੈ, ਸਖਸ਼ੀਅਤ ਦੀ ਊਸਾਰੀ ਹੁੰਦੀ ਹੈ ਜਿਸ ਸਦਕਾ ਹੀ ਵੱਡੇ ਵੱਡੇ ਸੰਘਰਸ਼ ਫਤਹਿ ਹੁੰਦੇ ਹਨ। ਇਸ ਥਾਂ ਦਾ ਅਸਲ ਰੂਪ ਬਹਾਲ ਕਰਨ ਲਈ ਸਾਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਸਾਡਾ ਸਭ ਕੁਝ ਇਥੇ ਹੀ ਟਿਕਿਆ ਹੈ, ਇਸੇ ਨਾਲ ਹੀ ਅਸੀਂ ਵੱਡੇ ਤੋਂ ਵੱਡੇ ਮਨੋਵਿਗਿਆਨਕ ਅਤੇ ਸ਼ਰੀਰਕ ਹਮਲਿਆਂ 'ਚੋਂ ਨਿਕਲ ਸਕਾਂਗੇ। ਇਸ ਲਈ ਸਮੇਂ ਦੀ ਲੋੜ ਅਨੁਸਾਰ ਸਾਨੂੰ ਮੁਕਾਮੀ ਪੱਧਰ 'ਤੇ ਸੰਗਤਾਂ ਕਾਇਮ ਕਰਨੀਆਂ ਚਾਹੀਦੀਆਂ ਹਨ, ਗੁਰਦੁਆਰਾ ਸਾਹਿਬਾਨ ਦਾ ਅਸਲ ਰੂਪ ਬਹਾਲ ਕਰਨਾ ਚਾਹੀਦਾ ਹੈ, ਮਿਲ ਬੈਠ ਕੇ ਵਿਚਾਰਾਂ ਕਰਨ ਦੀ ਕਸਰਤ ਵਿੱਚ ਪੈਣਾ ਚਾਹੀਦਾ ਹੈ ਅਤੇ ਸਾਂਝੀ ਰਾਇ ਬਣਾਉਣ ਦੇ ਅਮਲ ਵਿੱਚ ਪੈਣਾ ਚਾਹੀਦਾ ਹੈ। ਇਸੇ ਸਦਕਾ ਹੀ ਸਾਡੇ ਵਖਰੇਵੇਂ ਘਟ ਸਕਣਗੇ ਅਤੇ ਅਸੀਂ ਗੁਰਮਤੇ ਵੱਲ ਪਰਤ ਸਕਾਂਗੇ ਜਿਸ ਨਾਲ ਵੱਡੇ ਤੋਂ ਵੱਡੇ ਹਮਲਿਆਂ ਨੂੰ ਟੱਕਰ ਦਿੱਤੀ ਜਾ ਸਕੇਗੀ। 

 

ਸੰਪਾਦਕ