ਪੰਜਾਬ ਵਿਚ ਪੰਜਾਬੀ ਬੋਲੀ ਵਿਰੁੱਧ ਸਾਜ਼ਿਸ਼ ਚੱਲ ਰਹੀ ਏ ਸਾਜਿਸ਼-ਡਾ. ਕਥੂਰੀਆ

ਪੰਜਾਬ ਵਿਚ ਪੰਜਾਬੀ ਬੋਲੀ ਵਿਰੁੱਧ ਸਾਜ਼ਿਸ਼ ਚੱਲ ਰਹੀ ਏ ਸਾਜਿਸ਼-ਡਾ. ਕਥੂਰੀਆ

ਪੰਜਾਬ ਦੇ ਬੱਚਿਆਂ ਨੂੰ ਮਾਂ ਬੋਲੀ ਤੋਂ ਕੀਤਾ ਜਾ ਰਿਹਾ ਦੂਰ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ-ਵਿਸ਼ਵ ਪੰਜਾਬੀ ਸਭਾ (ਕੈਨੇਡਾ) ਤੇ ਉਨਟਾਰੀਓ ਫਰੈਂਡਰ ਕਲੱਬ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਅੱਖੋਂ ਪਰੋਖੇ ਕੀਤੇ ਜਾਣ ਦੇ ਮੁੱਦੇ ’ਤੇ ਬਹੁਤੇ ਲੋਕ ਚਿੰਤਾ ਪ੍ਰਗਟਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਕਰਦੇ। ਪੰਜਾਬ ਵਿਚ ਅਜਿਹੇ ਕੁਝ ਸਕੂਲ ਹਨ, ਜਿੱਥੇ ਪੰਜਾਬੀ ਬੋਲਣ ’ਤੇ ਵਿਦਿਆਰਥੀਆਂ ਨੂੰ ਜ਼ੁਰਮਾਨਾ ਲਾ ਦਿੱਤਾ ਜਾਂਦਾ ਹੈ। ਇੰਝ ਪੰਜਾਬੀ ਬੋਲੀ ਵਿਰੁੱਧ ਸਾਜ਼ਿਸ਼ ਚੱਲ ਰਹੀ ਹੈ ਤੇ ਬੱਚਿਆਂ ਨੂੰ ਮਾਂ ਬੋਲੀ ਤੋਂ ਹੀ ਦੂਰ ਕੀਤਾ ਜਾ ਰਿਹਾ ਹੈ।

ਜਲੰਧਰ ਵਿਚ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਟੋਰਾਂਟੋ ਤੋਂ ਪੰਜਾਬ ਪੁੱਜੇ ਡਾ. ਕਥੂਰੀਆ ਨੇ ਕਿਹਾ ਕਿ ਉਹ ਹੋਰਨਾਂ ਬੋਲੀਆਂ ਦੇ ਵਿਰੋਧੀ ਨਹੀਂ ਹਨ, ਪਰ ਪੰਜਾਬ ਵਿਚ ਪੰਜਾਬੀ ਨੂੰ ਕਦੇ ਵਿਸਾਰਿਆ ਨਹੀਂ ਜਾਣਾ ਚਾਹੀਦਾ ਪਰ ਅਜਿਹਾ ਸਾਜ਼ਿਸ਼ਨ ਹੋ ਰਿਹਾ ਹੈ। ਹਾਲੇ ਤੱਕ ਸੂਬੇ ਵਿਚ ਸਾਰੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਦੇ ਬੋਰਡ ਪੰਜਾਬੀ ਵਿਚ ਨਹੀਂ ਲੱਗੇ। ਕੁਝ ਸਰਕਾਰੀ ਮਹਿਕਮਿਆਂ ਦੇ ਬੋਰਡ ਹਾਲੇ ਅੰਗਰੇਜ਼ੀ ਵਿਚ ਚਮਕਦੇ ਨਜ਼ਰੀ ਪੈਂਦੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਬੱਡੇ ਵੱਡੇ ਅਫ਼ਸਰ ਬਣਨਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਮਨਾਂ ਵਿਚ ਇਹ ਗੱਲ ਘਰ ਗਈ ਹੈ ਕਿ ਪੰਜਾਬੀ ਪੜ੍ਹ ਕੇ ਉਹ ਉੱਚ ਅਧਿਕਾਰੀ ਨਹੀਂ ਬਣ ਸਕਦੇ, ਇਸੇ ਲਈ ਉਹ ਮਾਂ-ਬੋਲੀ ਨੂੰ ਪੜ੍ਹਨਾ ਨਹੀਂ ਚਾਹੁੰਦੇ। ਬਹੁਤੇ ਨੌਜਵਾਨਾਂ ਨੂੰ ਜਾਪਦਾ ਹੈ ਕਿ ਪੰਜਾਬੀ ਪੜ੍ਹ ਕੇ ਪ੍ਰੋਫੈਸਰ ਤਾਂ ਲੱਗਿਆ ਜਾ ਸਕਦਾ ਹੈ, ਪਰ ਵੱਡੀ ਨੌਕਰੀ ਨਹੀਂ ਮਿਲ ਸਕਦੀ, ਕਿਉਂਕਿ ਉੱਥੇ ਤਾਂ ਅੰਗਰੇਜ਼ੀ ਚੱਲਦੀ ਹੈ। ਇਸ ਲਈ ਸਾਨੂੰ ਢਾਂਚਾ ਬਦਲਣ ਦੀ ਜ਼ਰੂਰਤ ਹੈ। ਇਸ ਵਿਚ ਔਖਾ ਕੁਝ ਵੀ ਨਹੀਂ ਹੈ, ਬੱਸ ਇਸ ਦਿਸ਼ਾ ਵੱਲ ਅੱਗੇ ਵੱਧਣਾ ਸ਼ੁਰੂ ਕਰਨ ਦੀ ਢਿੱਲ ਹੈ।

ਗੈਰ-ਰਸਮੀ ਗੱਲਬਾਤ ਦੌਰਾਨ ਡਾ. ਕਥੂਰੀਆ ਨੇ ਕਿਹਾ ਕਿ ਉਹ 10 ਵਰ੍ਹੇ ‘ਜਗਤ ਪੰਜਾਬੀ ਸਭਾ’ ਨਾਲ ਪ੍ਰਧਾਨ ਦੀ ਹੈਸੀਅਤ ਨਾਲ ਜੁੜੇ ਰਹੇ। ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ‘ਵਿਸ਼ਵ ਪੰਜਾਬੀ ਸਭਾ’ ਦੀ ਸਥਾਪਨਾ ਕੀਤੀ ਹੈ ਤੇ ਇਨ੍ਹਾਂ ਮਹੀਨਿਆਂ ਵਿਚ ਇਹ ਸਭਾ ਚਾਰ ਸਮਾਰੋਹ ਕਰ ਚੁੱਕੀ ਹੈ। ਪੰਜਾਬ ਵਿਚ 17 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਤੇ ਉਨ੍ਹਾਂ ਨੇ ਆਪਣਏ ਨਾਲ ਪੰਜ-ਪੰਜ ਮੈਂਬਰਾਂ ਦੀ ਕਮੇਟੀ ਕਾਇਮ ਕਰਨੀ ਹੈ। ਇਹ ਕਮੇਟੀਆਂ ਨਿੱਕੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਵੱਡੀ ਉਮਰ ਵਿਚ ਜਾ ਕੇ ਕੋਈ ਛੇਤੀ ਕਿਤੇ ਆਪਣੇ ਵਿਚਾਰ ਨਹੀਂ ਬਦਲਣਾ ਚਾਹੁੰਦਾ ਪਰ ਗਿੱਲੀ ਮਿੱਟੀ ਵਰਗੇ ਨਿੱਕੜਿਆਂ ਨੂੰ ਸਮਝਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ‘ਊੜਾ ਐੜਾ’ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ।

ਰਾਇਲ ਅਮੈਰਿਕਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਾਪਤ ਡਾ. ਕਥੂਰੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਪੰਜਾਬੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਪੰਜਾਬੀ ਸਾਹਿਤ ਲਿਖਿਆ ਤਾਂ ਬਹੁਤਾਤ ਵਿਚ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਛੇਤੀ ਕਿਤੇ ਕੋਈ ਪੜ੍ਹਨ ਵਾਲਾ ਨਹੀਂ ਮਿਲਦਾ। ਡਾ. ਦਲਬੀਰ ਸਿੰਘ ਕਥੂਰੀਆ ਦੋ ਕਿਤਾਬਾਂ ‘ਪੰਜਾਬੀ ਭਾਸ਼ਾ ਤੇ ਵਿਰਸਾ’ ਅਤੇ ‘ਪੰਜਾਬੀ ਭਾਸ਼ਾ ਅਤੇ ਸੱਭਿਆਚਾਰ’ ਦਾ ਸੰਪਾਦਨ ਕਰ ਚੁੱਕੇ ਹਨ। ਪਹਿਲੀ ਕਿਤਾਬ ਲਈ ਡਾ. ਬਲਬੀਰ ਕੌਰ ਰਾਏਕੋਟੀ ਉਨ੍ਹਾਂ ਦੇ ਸਹਿ-ਸੰਪਾਦਕ ਰਹੇ, ਜਦ ਕਿ ਦੂਜੀ ਪੁਸਤਕ ਉਨ੍ਹਾਂ ਸੁਖਿੰਦਰ ਕੈਨੇਡਾ ਨਾਲ ਮਿਲ ਕੇ ਸੰਪਾਦਕ ਕੀਤੀ। ਇਹ ਦੋਵੇਂ ਕਿਤਾਬਾਂ ਜਲੰਧਰ ਸਮਾਰੋਹ ਦੌਰਾਨ ਜਨਤਕ ਕੀਤੀਆਂ ਗਈਆਂ।