ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਪੁਰਤਾਨ ਰੂਪ ਵਿੱਚ ਮੁੜ ਉਸਾਰੀ ਜਾਵੇਗੀ

ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਪੁਰਤਾਨ ਰੂਪ ਵਿੱਚ ਮੁੜ ਉਸਾਰੀ ਜਾਵੇਗੀ

ਤਰਨਤਾਰਨ ਸਾਹਿਬ: ਤਰਨ ਤਾਰਨ ਸਾਹਿਬ ਸਥਿਤ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਕਾਰ ਸੇਵਾ ਦੇ ਨਾਂ 'ਤੇ ਢਾਹੀ ਗਈ ਦਰਸ਼ਨੀ ਡਿਓਢੀ ਨੂੰ ਦੁਬਾਰਾ ਉਸੇ ਰੂਪ ਵਿਚ ਉਸਾਰਨ ਲਈ ਸ਼੍ਰੋਮਣੀ ਕਮੇਟੀ ਦੇ ਤਕਨੀਕੀ ਮਾਹਿਰਾਂ ਦੀ ਇਕ ਕਮੇਟੀ ਨੇ ਮੌਕੇ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਮਾਹਿਰਾਂ ਦੀ ਕਮੇਟੀ ਦੀ ਅੰਮ੍ਰਿਤਸਰ ਸਾਹਿਬ ਵਿਖੇ ਮੀਟਿੰਗ ਹੋਈ, ਜਿਸ ਵਿਚ ਮਾਹਿਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਇਮਾਰਤ ਦੀ ਮੁੜ ਉਸਾਰੀ ਲਈ ਹਰੀ ਝੰਡੀ ਦੇ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਓਢੀ ਦੀ ਮੁੜ ਉਸਾਰੀ ਜਲਦੀ ਹੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਸਬੰਧ ਵਿਚ ਅੱਜ ਇਥੇ 11 ਮੈਂਬਰੀ ਵਿਰਾਸਤੀ ਕਮੇਟੀ ਦੀ ਮੀਟਿੰਗ ਹੋਈ ਹੈ, ਜਿਸ ਵਿਚ ਮਾਹਿਰਾਂ ਨੇ ਸ਼੍ਰੋਮਣੀ ਕਮੇਟੀ ਅਫਸਰਾਂ ਨੂੰ ਭਰੋਸਾ ਦਿੱਤਾ ਕਿ ਨੁਕਸਾਨੀ ਗਈ ਦਰਸ਼ਨੀ ਡਿਓਢੀ ਦੀ ਮੁੜ ਉਸਾਰੀ ਉਸੇ ਹੀ ਰੂਪ ਵਿਚ ਸੰਭਵ ਹੈ। ਉਨ੍ਹਾਂ ਕਿਹਾ ਕਿ ਇਸ ਪੁਰਾਤਨ ਡਿਓਢੀ ਨੂੰ ਪਹਿਲਾਂ ਵਾਂਗ ਪੁਰਾਤਨ ਰੂਪ ਵਿਚ ਹੀ ਮੁੜ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਨੁਕਸਾਨ ਡਿਓਢੀ ਦੇ ਗੁੰਬਦਾਂ ਨੂੰ ਪੁੱਜਿਆ ਸੀ। ਮਾਹਿਰਾਂ ਨੇ ਇਸ ਮਗਰੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਦਰਸ਼ਨੀ ਡਿਓਢੀ ਨੂੰ ਢਾਹੁਣ ਦੇ ਮਾਮਲੇ ਦੀ ਜਾਂਚ ਸਬੰਧੀ ਬਣਾਈ ਗਈ ਜਾਂਚ ਕਮੇਟੀ ਨੇ ਵੀ ਆਪਣੀ ਰਿਪੋਰਟ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿੱਤੀ ਹੈ। 

ਭਾਈ ਲੌਂਗੋਵਾਲ ਨੇ ਫਿਲਹਾਲ ਇਸ ਰਿਪੋਰਟ ਵਿਚਲੇ ਤੱਥਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਨ੍ਹਾਂ ਕਿਹਾ ਕਿ ਦਰਸ਼ਨੀ ਡਿਓਢੀ ਨੂੰ ਮੁੜ ਪਹਿਲਾ ਵਾਂਗ ਹੀ ਸੁਰਜੀਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੜ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।

ਮੀਟਿੰਗ ਵਿਚ ਸ਼ਾਮਲ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵਿਰਾਸਤੀ ਕਮੇਟੀ ਅਤੇ ਇਸ ਵਿਚ ਸ਼ਾਮਲ ਮਾਹਿਰਾਂ ਵੱਲੋਂ ਦਰਸ਼ਨੀ ਡਿਓਢੀ ਦੀ ਮੁੜ ਉਸਾਰੀ ਨੂੰ ਹਰੀ ਝੰਡੀ ਦੇਣ ਦੀ ਤਸਦੀਕ ਕੀਤੀ ਹੈ। ਇਹ ਮੁੜ ਉਸਾਰੀ ਕਾਰ ਸੇਵਾ ਦੀ ਥਾਂ ਸ਼੍ਰੋਮਣੀ ਕਮੇਟੀ ਆਪਣੇ ਪੱਧਰ ’ਤੇ ਮਾਹਿਰਾਂ ਦੀ ਨਿਗਰਾਨੀ ਹੇਠ ਕਰਵਾਏਗੀ। 

ਦੱਸ ਦਈਏ ਕਿ ਦਰਸ਼ਨੀ ਡਿਓਢੀ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਜਥੇ ਨੇ ਢਾਹੁਣ ਦੀ ਕੋਸ਼ਿਸ਼ ਕੀਤੀ ਸੀ ਪਰ ਸੰਗਤ ਦੇ ਵਿਰੋਧ ਤੋਂ ਬਾਅਦ ਇਹ ਇਤਿਹਾਸਕ ਡਿਓਢੀ ਬਚ ਗਈ ਸੀ। ਇਸ ਨੂੰ ਢਾਹੁਣ ਦੇ ਮਾਮਲੇ 'ਚ ਕਾਰ ਸੇਵਾ ਬਾਬਾ ਜਗਤਾਰ ਸਿੰਘ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਹੈ।

ਪਰ ਸ਼੍ਰੋਮਣੀ ਕਮੇਟੀ ਨੇ ਆਪਣਾ ਪੱਲਾ ਝਾੜਦਿਆਂ ਇਸ ਡਿਓਢੀ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਦੇ ਜਥੇ ਕੋਲੋਂ ਵਾਪਿਸ ਲੈ ਲਈ ਸੀ ਤੇ ਡਿਓਢੀ ਢਾਹੁਣ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਗੁਰਦੁਆਰੇ ਦੇ ਮੈਨੇਜਰ ਨੂੰ ਵੀ ਸ਼੍ਰੋਮਣੀ ਕਮੇਟੀ ਨੇ ਮੁਅੱਤਲ ਕਰ ਦਿੱਤਾ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ