ਦਲਿਤ ਨੌਜਵਾਨ ਨੂੰ ਪੜ੍ਹਨ ਤੋਂ ਰੋਕਣ ਲਈ ਦਰਖਤ ਨਾਲ ਬੰਨ੍ਹ ਕੇ ਕੁੱਟਿਆ

ਦਲਿਤ ਨੌਜਵਾਨ ਨੂੰ ਪੜ੍ਹਨ ਤੋਂ ਰੋਕਣ ਲਈ ਦਰਖਤ ਨਾਲ ਬੰਨ੍ਹ ਕੇ ਕੁੱਟਿਆ

ਅਹਿਮਦਾਬਾਦ: ਗੁਜਰਾਤ ਵਿੱਚ ਇਕ 17 ਸਾਲਾ ਦਲਿਤ ਨੌਜਵਾਨ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ, ਜਦੋਂ ਪੀੜਤ ਦਲਿਤ ਨੌਜਵਾਨ ਆਪਣਾ 12ਵੀਂ ਜਮਾਤ ਦਾ ਇਮਤਿਹਾਨ ਦੇਣ ਸਰਕਾਰੀ ਸਕੂਲ ਗਿਆ ਸੀ। 

ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿਚ ਪੀੜਤ ਨੌਜਵਾਨ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਹ ਆਪਣੇ ਘਰ ਤੋਂ ਸਰਕਾਰੀ ਬੱਸ ਰਾਹੀਂ ਪ੍ਰੀਖਿਆ ਕੇਂਦਰ ਵਿਖੇ 1 ਵਜੇ ਪਹੁੰਚਿਆ ਸੀ। ਉਸਨੇ ਕਿਹਾ ਕਿ ਜਦੋਂ ਉਹ ਪ੍ਰੀਖਿਆ ਕੇਂਦਰ ਬਾਹਰ ਖੜ੍ਹਾ ਸੀ ਤਾਂ ਰਮੇਸ਼ ਪਟੇਲ ਨਾਮੀਂ ਸਖਸ਼ ਉੱਥੇ ਆਇਆ ਜਿਸਨੂੰ ਉਹ ਸ਼ਕਲ ਤੋਂ ਜਾਣਦਾ ਹੈ। ਰਮੇਸ਼ ਪਟੇਲ ਨੇ ਪੀੜਤ ਨੌਜਵਾਨ ਨੂੰ ਆਪਣੇ ਨਾਲ ਆਉਣ ਲਈ ਕਿਹਾ। ਉਹ ਉਸਨੂੰ ਆਪਣੇ ਨਾਲ ਇਕ ਹੋਰ ਬੰਦੇ ਕੋਲ ਲੈ ਗਿਆ ਜੋ ਮੋਟਰਸਾਈਕਲ 'ਤੇ ਸੀ। ਫੇਰ ਇਹ ਦੋਵੇਂ ਪੀੜਤ ਨੌਜਵਾਨ ਨੂੰ ਨਜ਼ਦੀਕੀ ਇਕ ਖੇਤ ਵਿਚ ਲੈ ਗਏ। 

ਪੀੜਤ ਨੌਜਵਾਨ ਨੇ ਕਿਹਾ ਕਿ ਉਹ ਵਾਰ-ਵਾਰ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਉਸਦਾ ਇਮਤਿਹਾਨ ਖੁਸ ਜਾਵੇਗਾ ਪਰ ਉਹਨਾਂ ਕਿਹਾ ਕਿ ਉਹ ਉਸਨੂੰ ਇਮਤਿਹਾਨ ਦੇ ਸਮੇਂ ਤੋਂ ਪਹਿਲਾਂ ਛੱਡ ਜਾਣਗੇ। 

ਪੀੜਤ ਨੌਜਵਾਨ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੇ ਉਸਦੇ ਪੁੱਤਰ ਨੂੰ ਬੂਟੇ ਨਾਲ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸਨੇ ਇਕ ਕੁੱਟਮਾਰ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਆਪਣੀ ਪੜ੍ਹਾਈ ਛੱਡ ਦਵੇ ਤੇ ਇਮਤਿਹਾਨ ਨਾ ਦਵੇ ਅਤੇ ਦਿਹਾੜੀਦਾਰ ਦਾ ਕੰਮ ਕਰੇ। 

ਪਰਿਵਾਰ ਮੁਤਾਬਿਕ ਪੀੜਤ ਨੌਜਵਾਨ ਬਿਨ੍ਹਾ ਇਮਤਿਹਾਨ ਦਿੱਤੇ ਘਰ ਵਾਪਿਸ ਪਰਤ ਆਇਆ ਸੀ। ਪਰ ਉਸਨੇ ਇਸ ਘਟਨਾ ਬਾਰੇ ਬੁੱਧਵਾਰ ਤੱਕ ਕਿਸੇ ਨੂੰ ਨਹੀਂ ਦੱਸਿਆ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਪੀੜਤ ਨੌਜਵਾਨ ਦੀ ਮਾਂ ਨੇ ਉਸਦੀ ਪਿੱਠ 'ਤੇ ਸੱਟ ਦੇ ਨਿਸ਼ਾਨ ਦੇਖੇ। ਉਸ ਤੋਂ ਬਾਅਦ ਮਾਂ ਦੇ ਪੁੱਚਣ 'ਤੇ ਨੌਜਵਾਨ ਨੇ ਸਾਰੀ ਘਟਨਾ ਦੱਸੀ। 

ਇਸ ਤੋਂ ਬਾਅਦ ਪੀੜਤ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਭਾਰਤੀ ਪੈਨਲ ਕੋਡ ਦੀ ਧਾਰਾ 323, 341, 504, 506(2) ਅਤੇ 114 ਅਧੀਨ ਮਾਮਲਾ ਦਰਜ ਕਰ ਲਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ